ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਤਿਵਾਦ ’ਤੇ ਦੋਹਰੇ ਮਿਆਰ

ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਹੋਏ ਅਤਿਵਾਦੀ ਹਮਲੇ ਦਾ ਬਦਲਾ ਲੈਣ ਲਈ ਕੀਤੇ ਗਏ ਅਪਰੇਸ਼ਨ ਸਿੰਧੂਰ ਨੇ ਪਾਕਿਸਤਾਨ ਦੀ ਧਰਤੀ ਤੋਂ ਉਪਜਦੇ ਅਤਿਵਾਦ ਬਾਰੇ ਭਾਰਤ ਦੇ ਸਟੈਂਡ ਪ੍ਰਤੀ ਕੋਈ ਸ਼ੱਕ ਸ਼ੁਬਹਾ ਨਹੀਂ ਰਹਿਣ ਦਿੱਤਾ ਸੀ। ਇਸ ਦੇ ਬਾਵਜੂਦ ਆਮ...
Advertisement

ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਹੋਏ ਅਤਿਵਾਦੀ ਹਮਲੇ ਦਾ ਬਦਲਾ ਲੈਣ ਲਈ ਕੀਤੇ ਗਏ ਅਪਰੇਸ਼ਨ ਸਿੰਧੂਰ ਨੇ ਪਾਕਿਸਤਾਨ ਦੀ ਧਰਤੀ ਤੋਂ ਉਪਜਦੇ ਅਤਿਵਾਦ ਬਾਰੇ ਭਾਰਤ ਦੇ ਸਟੈਂਡ ਪ੍ਰਤੀ ਕੋਈ ਸ਼ੱਕ ਸ਼ੁਬਹਾ ਨਹੀਂ ਰਹਿਣ ਦਿੱਤਾ ਸੀ। ਇਸ ਦੇ ਬਾਵਜੂਦ ਆਮ ਤੌਰ ’ਤੇ ਦੁਨੀਆ ਨੂੰ ਕਿਸੇ ਅਜਿਹੀ ਚੀਜ਼ ਬਾਰੇ ਕਾਇਲ ਕਰਨ ਦੀ ਲੋੜ ਸੀ ਜੋ ਚਿੱਟੇ ਦਿਨ ਵਾਂਗ ਸਾਫ਼ ਹੈ। ਇਸੇ ਕਰ ਕੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਅੰਦਰ ਬਹੁ-ਪਾਰਟੀ ਵਫ਼ਦ ਭੇਜੇ ਗਏ ਤਾਂ ਕਿ ਪਾਕਿਸਤਾਨ ਅਤੇ ਇਸ ਦੇ ਕਰੀਬੀ ਸਹਿਯੋਗੀਆਂ ਦੇ ਨਾਪਾਕ ਇਰਾਦਿਆਂ ਬਾਰੇ ਭਾਰਤ ਦਾ ਸੰਦੇਸ਼ ਪਹੁੰਚਾਇਆ ਜਾ ਸਕੇ। ਖ਼ਾਸਕਰ ਜੇ ਪਹਿਲਗਾਮ ਹਮਲੇ ਬਾਰੇ ਸ਼ੰਘਾਈ ਸਹਿਯੋਗ ਸੰਘ (ਐੱਸਸੀਓ) ਦੇ ਰੱਖਿਆ ਮੰਤਰੀਆਂ ਦੇ ਸੰਮੇਲਨ ਦੇ ਮਤੇ ਦੇ ਖਰੜੇ ਵਿਚਲੀਆਂ ਉਕਾਈਆਂ ਨੂੰ ਦੇਖਿਆ ਜਾਵੇ ਤਾਂ ਇਹ ਕਾਰਜ ਅਜੇ ਤਾਈਂ ਅਧੂਰਾ ਜਾਪਦਾ ਹੈ। ਸਾਫ਼ ਜ਼ਾਹਿਰ ਹੈ ਕਿ ਸ਼ੰਘਾਈ ਸਹਿਯੋਗ ਸੰਘ ਦੇ ਪ੍ਰਮੁੱਖ ਬਾਨੀ ਮੈਂਬਰ ਅਤੇ ਪਾਕਿਸਤਾਨ ਦੇ ਸਦਾ ਬਹਾਰ ਦੋਸਤ ਚੀਨ ਵੱਲੋਂ ਇਹ ਸਾਰਾ ਜੋੜ-ਤੋੜ ਅਮਲ ਵਿੱਚ ਲਿਆਂਦਾ ਗਿਆ ਹੈ। ਭਾਰਤ ਦੀ ਤਰਫ਼ੋਂ ਇਸ ਸੰਮੇਲਨ ਵਿੱਚ ਨੁਮਾਇੰਦਗੀ ਕਰਨ ਵਾਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ’ਤੇ ਜ਼ੋਰਦਾਰ ਢੰਗ ਨਾਲ ਨਾਖੁਸ਼ੀ ਜਤਾਉਂਦੇ ਹੋਏ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਅਹਿਮ ਗੱਲ ਹੈ ਕਿ ਚੀਨ ਦੀ ਧਰਤੀ ’ਤੇ ਬੋਲਦਿਆਂ, ਰਾਜਨਾਥ ਸਿੰਘ ਨੇ ਇਹ ਗੱਲ ਨਿਸ਼ਚੇ ਨਾਲ ਆਖੀ ਕਿ ਸਰਹੱਦ ਪਾਰ ਅਤਿਵਾਦ ਦੇ ਮੁੱਦੇ ਉੱਪਰ ਦੋਹਰੇ ਮਿਆਰ ਨਹੀਂ ਅਪਣਾਏ ਜਾਣੇ ਚਾਹੀਦੇ।

ਉਨ੍ਹਾਂ ਕਿਹਾ ਕਿ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ), ਇੱਕ ਪ੍ਰਮੁੱਖ ਮੰਚ ਜਿਸ ਵਿੱਚ ਪਾਕਿਸਤਾਨ, ਰੂਸ ਤੇ ਇਰਾਨ ਵੀ ਸ਼ਾਮਿਲ ਹਨ, ਨੂੰ ਉਨ੍ਹਾਂ ਮੁਲਕਾਂ ਨੂੰ ਨਿੰਦਣ ਤੋਂ ਝਿਜਕਣਾ ਨਹੀਂ ਚਾਹੀਦਾ ਜਿਹੜੇ ਅਤਿਵਾਦ ਨੂੰ ਸਰਕਾਰੀ ਨੀਤੀ ਦੇ ਸਾਧਨ ਵਜੋਂ ਵਰਤਦੇ ਹਨ। ਹਾਲਾਂਕਿ, ਚੀਨ ਕੇਂਦਰਿਤ ਇਸ ਸੰਗਠਨ ਨੇ ਉਨ੍ਹਾਂ ਦੇ ਸ਼ਬਦਾਂ ’ਤੇ ਗ਼ੌਰ ਨਾ ਕਰ ਕੇ ਆਪਣਾ ਪਰਦਾਫਾਸ਼ ਕਰ ਲਿਆ ਹੈ। ਵਿਅੰਗਾਤਮਕ ਹੈ ਕਿ, ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਐਲਾਨਨਾਮੇ ਵਿੱਚ ਆਪਸੀ ਵਿਸ਼ਵਾਸ ਦੀ ਮਜ਼ਬੂਤੀ, ਮੈਂਬਰ ਮੁਲਕਾਂ ਦਰਮਿਆਨ ਦੋਸਤੀ ਤੇ ਚੰਗੇ ਗੁਆਂਢ ਦਾ ਫ਼ਰਜ਼ ਅਦਾ ਕਰਨ ਦਾ ਬੁਲੰਦ ਟੀਚਾ ਵੀ ਰੱਖਿਆ ਗਿਆ ਹੈ। ਚੀਨ ਤੇ ਬਾਕੀ ਮੈਂਬਰ ਦੇਸ਼ਾਂ ਨੇ ਸਪੱਸ਼ਟਤਾ ਨਾਲ ਗੱਲ ਨਾ ਕਰ ਕੇ ਉਨ੍ਹਾਂ ਦੇ ਦੋਗ਼ਲੇਪਣ ’ਤੇ ਭਾਰਤ ਦੇ ਰੁਖ਼ ਦੀ ਪੁਸ਼ਟੀ ਕਰ ਦਿੱਤੀ ਹੈ।

Advertisement

ਰਾਜਨਾਥ ਨੇ ਇਹ ਕਰੜੇ ਸ਼ਬਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੀ7 ’ਚ ਦਿੱਤੇ ਬਿਆਨ ਤੋਂ ਕਈ ਦਿਨਾਂ ਬਾਅਦ ਵਰਤੇ ਹਨ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜਿਨ੍ਹਾਂ ਅਤਿਵਾਦ ਨੂੰ ਸ਼ਹਿ ਦਿੱਤੀ ਹੈ, ਉਨ੍ਹਾਂ ਨੂੰ ਕਦੇ ਵੀ ਸਨਮਾਨਿਤ ਨਹੀਂ ਕੀਤਾ ਜਾਣਾ ਚਾਹੀਦਾ; ਉਨ੍ਹਾਂ ਨਾਲ ਹੀ ਹੈਰਾਨੀ ਪ੍ਰਗਟ ਕੀਤੀ ਕਿ ਦਹਿਸ਼ਤੀ ਕਾਰਵਾਈਆਂ ਲਈ ਜ਼ਿੰਮੇਵਾਰ ਲੋਕਾਂ ਅਤੇ ਇਨ੍ਹਾਂ ਦੇ ਪੀੜਤਾਂ ਨੂੰ ਬਰਾਬਰ ਰੱਖ ਕੇ ਕਿਵੇਂ ਦੇਖਿਆ ਜਾ ਸਕਦਾ ਹੈ। ਇਹ ਅਮਰੀਕਾ ਨੂੰ ਸਖ਼ਤ ਸੰਦੇਸ਼ ਸੀ, ਜਿਹੜਾ ਪਾਕਿਸਤਾਨ ਦੀ ‘ਅਤਿਵਾਦ-ਵਿਰੋਧੀ’ ਕੋਸ਼ਿਸ਼ਾਂ ’ਚ ਭੂਮਿਕਾ ਲਈ ਸ਼ਲਾਘਾ ਕਰ ਰਿਹਾ ਸੀ ਤੇ ਇਸ ਦੇ ਫ਼ੌਜ ਮੁਖੀ ਦੇ ਸਵਾਗਤ ਵਿੱਚ ਲਾਲ ਗਲੀਚਾ ਵਿਛਾ ਰਿਹਾ ਸੀ। ਇਨ੍ਹਾਂ ਸਾਰੇ ਕੂਟਨੀਤਕ ਝਟਕਿਆਂ ਦੇ ਬਾਵਜੂਦ ਪਾਕਿਸਤਾਨ ਖ਼ਿਲਾਫ਼ ਆਪਣੀ ਮੁਹਿੰਮ ’ਚ ਦ੍ਰਿੜ੍ਹ ਰਹਿਣਾ ਨਵੀਂ ਦਿੱਲੀ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਇਸ ਅਹਿਮ ਮਾਮਲੇ ਵਿੱਚ ਭਾਰਤ ਨੂੰ ਹੋਰ ਵੀ ਫੂਕ-ਫੂਕ ਕੇ ਕਦਮ ਧਰਨ ਦੀ ਜ਼ਰੂਰਤ ਹੈ।

Advertisement