ਫ਼ਿਰਕੂ ਜ਼ਹਿਰ ਨਾ ਫੈਲਣ ਦਿਓ
ਕਾਨੂੰਨ ਦੀ ਨਜ਼ਰ ਵਿੱਚ ਸਾਰੇ ਨਾਗਰਿਕ ਬਰਾਬਰ ਹਨ ਪਰ ਕਈ ਵਾਰ ਗੁੰਝਲਦਾਰ ਸਥਿਤੀਆਂ ਪੈਦਾ ਹੋ ਜਾਂਦੀਆਂ ਹਨ। ਪ੍ਰਾਚੀਨ ਯਾਦਗਾਰਾਂ ਅਤੇ ਪੁਰਾਤੱਤਵ ਭਵਨਾਂ ਤੇ ਖੰਡਰਾਂ (ਏ ਐੱਮ ਏ ਐੱਸ ਆਰ) ਬਾਰੇ ਨੇਮ, 1959 ਤਹਿਤ ਤਿੰਨ ਔਰਤਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਦੋਸ਼ ਲਾਇਆ ਗਿਆ ਹੈ ਕਿ ਪੁਣੇ ਦੇ ਇਤਿਹਾਸਕ ਸ਼ਨੀਵਾਰ ਵਾੜਾ ਦੇ ਅਹਾਤੇ ਅੰਦਰ ਉਨ੍ਹਾਂ ਨਮਾਜ਼ ਅਦਾ ਕਰ ਕੇ ਸੁਰੱਖਿਅਤ ਯਾਦਗਾਰਾਂ ਬਾਰੇ ਰੋਕਾਂ ਦੀ ਉਲੰਘਣਾ ਕੀਤੀ ਹੈ। ਨਮਾਜ਼ ਅਦਾ ਕਰਨ ਦੀ ਵੀਡੀਓ ਵਾਇਰਲ ਕੀਤੇ ਜਾਣ ਤੋਂ ਬਾਅਦ ਰਾਜ ਸਭਾ ਦੀ ਮੈਂਬਰ ਮੇਧਾ ਕੁਲਕਰਨੀ ਦੀ ਅਗਵਾਈ ਹੇਠ ਭਾਜਪਾ ਕਾਰਕੁਨਾਂ ਨੇ ਉਸ ਜਗ੍ਹਾ ਰੋਸ ਵਿਖਾਵਾ ਕੀਤਾ ਅਤੇ ਜਗ੍ਹਾ ਨੂੰ ‘ਸ਼ੁੱਧ’ ਕਰਨ ਲਈ ਉੱਥੇ ਗਊ ਮੂਤਰ ਦਾ ਛਿੜਕਾਅ ਕੀਤਾ। ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਜਿਸ ਭਾਰਤੀ ਪੁਰਾਤੱਤਵ ਵਿਭਾਗ ਅਤੇ ਪੁਲੀਸ ਨੇ ਨਮਾਜ਼ ਅਦਾ ਕੀਤੇ ਜਾਣ ਨੂੰ ਕਾਨੂੰਨੀ ਉਲੰਘਣਾ ਮੰਨਿਆ, ਉਸ ਨੇ ਭਾਜਪਾ ਕਾਰਕੁਨਾਂ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਮਨਾਹੀ ਯੋਗ ਨਹੀਂ ਸਮਝਿਆ। ਸ਼ਨੀਵਾਰ ਵਾੜਾ 1730ਵਿਆਂ ਵਿੱਚ ਪੇਸ਼ਵਾ ਵੱਲੋਂ ਬਣਾਇਆ ਗਿਆ ਸੀ ਅਤੇ 1828 ਵਿੱਚ ਅੱਗ ਲੱਗਣ ਕਰ ਕੇ ਇਸ ਦਾ ਵੱਡਾ ਹਿੱਸਾ ਬਰਬਾਦ ਹੋ ਗਿਆ ਸੀ। ਪੇਸ਼ਵਾ ਤਾਕਤ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਇਹ ਮੁਕਾਮ ਪੁਣੇ ਦੀ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਦੀ ਨਿਸ਼ਾਨੀ ਵੀ ਹੈ। ਹੁਣ ਉੱਥੇ ਜੋ ਕੁਝ ਬਾਕੀ ਬਚਿਆ ਹੈ, ਉਸ ਵਿੱਚ ਕਿਲ੍ਹੇ ਦੀਆਂ ਕੰਧਾਂ ਅਤੇ ਵੱਡੇ ਦਰਵਾਜ਼ੇ ਹੀ ਹਨ। ਉਂਝ, ਸੁਰੱਖਿਆ ਵਿੱਚ ਢਿੱਲ ਦੇਣ ਦਾ ਇਹ ਕੋਈ ਬਹਾਨਾ ਨਹੀਂ ਹੋ ਸਕਦਾ। ਪੁਲੀਸ ਨੂੰ ਮੁਸਤੈਦੀ ਨਾਲ ਇਹ ਯਕੀਨੀ ਬਣਾਉਣਾ ਚਾਹੀਦਾ ਸੀ ਕਿ ਕੋਈ ਵੀ ਸ਼ਰਾਰਤੀ ਅਨਸਰ ਭਾਵੇਂ ਉਸ ਦਾ ਧਰਮ ਕੋਈ ਵੀ ਹੋਵੇ, ਅਹਾਤੇ ਅੰਦਰ ਕੋਈ ਅਣਅਧਿਕਾਰਤ ਕਾਰਵਾਈ ਨਾ ਕਰ ਸਕੇ।
ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਪੂਰੀ ਕਰਨ ਦੀ ਉਡੀਕ ਕੀਤੇ ਬਿਨਾਂ ਹੀ ਰਾਜ ਸਭਾ ਮੈਂਬਰ ਨੇ ਇਸ ਨੂੰ ਫ਼ਿਰਕੂ ਰੰਗਤ ਦੇ ਕੇ ਸਮਾਜ ਅੰਦਰ ਨਫ਼ਰਤ ਫੈਲਾਉਣ ਦੀ ਮੁਹਿੰਮ ਵਿੱਢ ਦਿੱਤੀ। ਉਸ ਦਾ ਮਕਸਦ ਇਹੋ ਜਾਪਦਾ ਸੀ ਕਿ ਘੱਟਗਿਣਤੀ ਭਾਈਚਾਰੇ ਨੂੰ ‘ਸਖ਼ਤ’ ਸੰਦੇਸ਼ ਦਿੱਤਾ ਜਾਵੇ। ਇਸ ਘਟਨਾ ਦੀ ਨਾ ਕੇਵਲ ਵਿਰੋਧੀ ਧਿਰ ਨੇ ਸਗੋਂ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਵੱਲੋਂ ਵੀ ਸਖ਼ਤ ਨਿੰਦਾ ਕੀਤੀ ਗਈ ਹੈ ਜੋ ਕਿ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਸਰਕਾਰ ਵਿੱਚ ਭਾਈਵਾਲ ਹੈ। ਸਿਤਮ ਦੀ ਗੱਲ ਇਹ ਹੈ ਕਿ ਅਜੇ ਤਿੰਨ ਹਫ਼ਤੇ ਪਹਿਲਾਂ ਹੀ ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਰਾਸ਼ਟਰੀ ਏਕਤਾ ਉੱਪਰ ਜ਼ੋਰ ਦੇ ਕੇ ਹਟੇ ਹਨ ਅਤੇ ਉਨ੍ਹਾਂ ਇਹ ਆਖਿਆ ਸੀ ਕਿ ਵਿਭਿੰਨਤਾ ਕਰ ਕੇ ਵੰਡੀਆਂ ਨਹੀਂ ਪਾਈਆਂ ਜਾਣੀਆਂ ਚਾਹੀਦੀਆਂ। ਆਰ ਐੱਸ ਐੱਸ ਅਤੇ ਭਾਜਪਾ ਨੂੰ ਦੇਸ਼ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਤਾਰ-ਤਾਰ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਅਜਿਹੇ ਭੜਕਾਊ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਇਸ ਦਿਸ਼ਾ ਵਿੱਚ ਅਹਿਮ ਕਦਮ ਇਹ ਹੈ ਕਿ ਪੁਲੀਸ ਨੂੰ ਬਿਨਾਂ ਕਿਸੇ ਦਖ਼ਲਅੰਦਾਜ਼ੀ ਦੇ ਆਜ਼ਾਦਾਨਾ ਢੰਗ ਨਾਲ ਜਾਂਚ ਕਰਨ ਦਿੱਤੀ ਜਾਣੀ ਚਾਹੀਦੀ ਹੈ। ਜੇ ਫ਼ਿਰਕਾਪ੍ਰਸਤੀ ਦੇ ਵਾਇਰਸ ਨੂੰ ਕਿਸੇ ਸ਼ਹਿਰ ਜਾਂ ਸੂਬੇ ਵਿੱਚ ਫੈਲਣ ਦੀ ਖੁੱਲ੍ਹ ਦਿੱਤੀ ਗਈ ਤਾਂ ਇਸ ਦੇ ਸਮੁੱਚੇ ਦੇਸ਼ ਲਈ ਖ਼ਤਰਨਾਕ ਸਿੱਟੇ ਨਿਕਲਣਗੇ।