ਡੋਨਲਡ ਟਰੰਪ ਦਾ ਡਰਾਵਾ
ਅਮਰੀਕਾ ਦੀ ਇਕ ਵਪਾਰਕ ਟੀਮ ਦੇ ਭਾਰਤ ਦੌਰੇ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਿੱਲੀ ’ਤੇ ਇੱਕ ਹੋਰ ਖ਼ਤਰਨਾਕ ਹੱਲਾ ਬੋਲਿਆ ਹੈ। ਭਾਰਤ ’ਤੇ ਅਮਰੀਕੀ ਬਾਜ਼ਾਰ ਵਿੱਚ ਸਸਤੇ ਚੌਲ ਵੇਚਣ ਦਾ ਦੋਸ਼ ਲਾਉਂਦਿਆਂ, ਉਨ੍ਹਾਂ ਐਲਾਨ ਕੀਤਾ ਹੈ ਕਿ ਟੈਰਿਫ ਇਸ ਸਮੱਸਿਆ ਨੂੰ ਆਸਾਨੀ ਨਾਲ ਹੱਲ ਕਰ ਦੇਣਗੇ। ਟਰੰਪ ਅਜੇ ਵੀ ਮੰਨਦੇ ਹਨ ਕਿ ਟੈਰਿਫ ਕਈ ਆਰਥਿਕ ਮੁਸੀਬਤਾਂ ਦਾ ਇੱਕ ਜਾਦੂਈ ਹੱਲ ਹਨ, ਭਾਵੇਂ ਅਮਰੀਕਾ ਦੀਆਂ ਹੇਠਲੀਆਂ ਅਦਾਲਤਾਂ ਟਰੰਪ ਵੱਲੋਂ ਦੁਨੀਆ ਭਰ ਦੇ ਦੇਸ਼ਾਂ ’ਤੇ ਟੈਕਸ ਲਾਉਣ ਲਈ ਵਰਤੀ ਜਾ ਰਹੀ ਹੰਗਾਮੀ ਤਾਕਤ ਨੂੰ ਨਾਜਾਇਜ਼ ਠਹਿਰਾ ਰਹੀਆਂ ਹਨ। ਹੁਣ ਅਮਰੀਕੀ ਸੁਪਰੀਮ ਕੋਰਟ ਇਸ ਮਾਮਲੇ ਦਾ ਫੈਸਲਾ ਕਰੇਗੀ, ਜਿਸ ਨੂੰ ਰਾਸ਼ਟਰਪਤੀ ਹਰ ਹਾਲ ਜਿੱਤਣਾ ਚਾਹੁਣਗੇ।
ਰਾਸ਼ਟਰਪਤੀ ਟਰੰਪ ਵੱਲੋਂ ਭਾਰਤ ਨੂੰ ਦਿੱਤੀ ਗਈ ਚਿਤਾਵਨੀ ਉਨ੍ਹਾਂ ਦੇ ਮੁੱਖ ਵੋਟ ਬੈਂਕ- ਅਮਰੀਕੀ ਕਿਸਾਨ ਭਾਈਚਾਰੇ ਨਾਲ ਨੇੜਿਓਂ ਜੁੜੀ ਹੋਈ ਹੈ, ਜਿਨ੍ਹਾਂ ਤੱਕ ਉਹ ਆਪਣੀ ਪਹੁੰਚ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਸੋਮਵਾਰ ਨੂੰ ਉਨ੍ਹਾਂ ਅਮਰੀਕੀ ਕਿਸਾਨਾਂ ਲਈ 12 ਅਰਬ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ, ਜੋ ਵਿਘਨਕਾਰੀ ਟੈਰਿਫ ਨੀਤੀਆਂ ਅਤੇ ਚੀਨ ਨਾਲ ਵਪਾਰਕ ਵਿਵਾਦ ਕਾਰਨ ਵਧਦੀਆਂ ਲਾਗਤਾਂ ਤੇ ਬਾਜ਼ਾਰ ਦੀਆਂ ਚੁਣੌਤੀਆਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਚੌਲਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਸੰਕੇਤ ਦਿੱਤਾ, ਦਾਅਵਾ ਕੀਤਾ ਕਿ ਭਾਰਤ, ਵੀਅਤਨਾਮ ਅਤੇ ਥਾਈਲੈਂਡ ਵਰਗੇ ਦੇਸ਼ਾਂ ਤੋਂ ਹੋ ਰਹੀ ਦਰਾਮਦ ਵਪਾਰ ਦੇ ਸੰਤੁਲਨ ਨੂੰ ਵਿਗਾੜ ਰਹੀ ਹੈ। ਅਮਰੀਕੀ ਰਾਸ਼ਟਰਪਤੀ ਨੇ ਅਗਾਮੀ ਵਪਾਰਕ ਸੌਦੇ ਬਾਰੇ ਨਵੀਂ ਦਿੱਲੀ ’ਤੇ ਦਬਾਅ ਵਧਾਉਣ ਲਈ ਇਸ ਮੁੱਦੇ ਨੂੰ ਫੜਿਆ ਹੈ। ਉਹ ਚਾਹੁੰਦੇ ਹਨ ਕਿ ਭਾਰਤ ਡੇਅਰੀ ਅਤੇ ਖੇਤੀਬਾੜੀ ਖੇਤਰਾਂ ਵਿੱਚ ਅਮਰੀਕੀ ਉਤਪਾਦਾਂ ਦੀ ਇੱਕ ਵਿਆਪਕ ਸ਼੍ਰੇਣੀ ਲਈ ਆਪਣੇ ਬਾਜ਼ਾਰ ਖੋਲ੍ਹੇ। ਭਾਰਤ ਤੋਂ ਰਿਆਇਤਾਂ ਲੈਣ ਲਈ ਟਰੰਪ ਟੈਰਿਫ ’ਤੇ ਟੇਕ ਰੱਖ ਰਹੇ ਹਨ। ਹਾਲਾਂਕਿ, ਵਿਅੰਗ ਇਹ ਹੈ ਕਿ ਭਾਰਤ ਤੋਂ ਚੌਲਾਂ ਦੀ ਦਰਾਮਦ ’ਤੇ ਜ਼ਿਆਦਾ ਟੈਰਿਫ ਲੱਗਣ ਦਾ ਬੋਝ ਅਮਰੀਕੀ ਖਪਤਕਾਰਾਂ ਉਤੇ ਹੀ ਪਵੇਗਾ।
ਭਾਰਤ ਤੋਂ ਨਾਰਾਜ਼ ਹੋਣ ਦਾ ਟਰੰਪ ਕੋਲ ਇੱਕ ਹੋਰ ਕਾਰਨ ਵੀ ਹੈ- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਦਿੱਲੀ ਵੱਲੋਂ ਸ਼ਾਨਦਾਰ ਸਵਾਗਤ। ਆਪਣੀਆਂ ਨਿਰੰਤਰ ਕੋਸ਼ਿਸ਼ਾਂ ਦੇ ਬਾਵਜੂਦ, ਅਮਰੀਕੀ ਰਾਸ਼ਟਰਪਤੀ ਦਿੱਲੀ ਦੀ ਮਾਸਕੋ ਨਾਲ ਗਲਵਕੜੀ ਢਿੱਲੀ ਕਰਨ ਵਿੱਚ ਅਸਫ਼ਲ ਰਹੇ ਹਨ। ਪੂਤਿਨ ਦਾ ਦੌਰਾ, ਜੋ ਸੌਦਿਆਂ ਦੀ ਬਜਾਏ ਧਾਰਨਾ ਕਾਇਮ ਕਰਨ ’ਤੇ ਵੱਧ ਕੇਂਦਰਿਤ ਸੀ, ਨੇ ਭਾਰਤ ਦੀ ਰਣਨੀਤਕ ਖੁਦਮੁਖਤਿਆਰੀ ਬਾਰੇ ਪੱਛਮੀ ਦੇਸ਼ਾਂ ਨੂੰ ਇੱਕ ਸਖ਼ਤ ਸੁਨੇਹਾ ਦਿੱਤਾ ਹੈ। ਆਪਣੀ ਗੱਲ ਸਿੱਧ ਕਰਨ ਤੋਂ ਬਾਅਦ ਹੁਣ ਭਾਰਤ ਨੂੰ ਆਪਣੇ ਰੁਖ਼ ’ਤੇ ਬਣੇ ਰਹਿਣ ਦੀ ਲੋੜ ਹੈ ਕਿਉਂਕਿ ਅਮਰੀਕਾ ਨਾਲ ਵਪਾਰਕ ਗੱਲਬਾਤ ਆਖਰੀ ਪੜਾਅ ਵਿੱਚ ਦਾਖਲ ਹੋ ਰਹੀ ਹੈ। ਅਮਰੀਕੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਜਿਸ ਤਰ੍ਹਾਂ ਦਾ ਅਹਿਦ ਟਰੰਪ ਲੈ ਰਹੇ ਹਨ, ਸਾਡੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਆਪਣੇ ਅੰਨਦਾਤਾ ਪ੍ਰਤੀ ਉਸੇ ਤਰ੍ਹਾਂ ਦੀ ਵਚਨਬੱਧਤਾ ਰੱਖਣੀ ਚਾਹੀਦੀ ਹੈ।
