ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਕਾਸ ਦਾ ਨਜ਼ਰੀਆ

ਕੌਮਾਂਤਰੀ ਮੁਦਰਾ ਕੋਸ਼ (ਆਈ ਐੱਮ ਐੱਫ) ਨੇ ਸਾਲ 2025-26 ਲਈ ਭਾਰਤ ਦੀ ਵਿਕਾਸ ਦਾ ਦਰ ਦਾ ਅਨੁਮਾਨ ਵਧਾ ਕੇ 6.6 ਫ਼ੀਸਦੀ ਕਰ ਦਿੱਤਾ ਹੈ ਜਿਸ ਨਾਲ ਸਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਕਰ ਰਹੇ ਦੁਨੀਆ ਦੇ ਪ੍ਰਮੁੱਖ ਅਰਥਚਾਰਿਆਂ ਵਿੱਚ ਦੇਸ਼...
Advertisement

ਕੌਮਾਂਤਰੀ ਮੁਦਰਾ ਕੋਸ਼ (ਆਈ ਐੱਮ ਐੱਫ) ਨੇ ਸਾਲ 2025-26 ਲਈ ਭਾਰਤ ਦੀ ਵਿਕਾਸ ਦਾ ਦਰ ਦਾ ਅਨੁਮਾਨ ਵਧਾ ਕੇ 6.6 ਫ਼ੀਸਦੀ ਕਰ ਦਿੱਤਾ ਹੈ ਜਿਸ ਨਾਲ ਸਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਕਰ ਰਹੇ ਦੁਨੀਆ ਦੇ ਪ੍ਰਮੁੱਖ ਅਰਥਚਾਰਿਆਂ ਵਿੱਚ ਦੇਸ਼ ਦੀ ਸਥਿਤੀ ਬਿਹਤਰ ਹੋਈ ਹੈ। ਅਨੁਮਾਨ ਵਿੱਚ ਇਹ ਸੁਧਾਈ ਭਰਵੀਂ ਘਰੋਗੀ ਖ਼ਪਤ, ਮਜ਼ਬੂਤ ਸੇਵਾ ਖੇਤਰ ਬਰਾਮਦਾਂ ਅਤੇ ਸਥਿਰ ਸਰਕਾਰੀ ਨਿਵੇਸ਼ ਨੂੰ ਦਰਸਾਉਂਦੀ ਹੈ। ਉਂਝ, ਇਸ ਆਸ਼ਾਵਾਦ ਦੇ ਹੇਠ ਅਸਥਿਰ ਆਲਮੀ ਧਰਾਤਲ ਦੀ ਹਕੀਕਤ ਪਈ ਹੈ ਜਿਸ ਵਿੱਚ ਵਪਾਰ ਦੀ ਉਥਲ-ਪੁਥਲ, ਅਮਰੀਕੀ ਟੈਰਿਫ ਵਿੱਚ ਵਾਧਾ ਅਤੇ ਵਿੱਤੀ ਖਸਤਾਹਾਲੀ ਦੇ ਹਾਲਾਤ ਬਣੇ ਹੋਏ ਹਨ। ਭਾਰਤ ਵਿੱਚ ਆਈ ਐੱਮ ਐੱਫ ਦਾ ਭਰੋਸਾ ਆਮ ਤੌਰ ’ਤੇ ਇਸ ਦੀ ਭਰਵੀਂ ਘਰੇਲੂ ਮੰਡੀ ਅਤੇ ਵਿੱਤੀ ਅਨੁਸ਼ਾਸਨ ਅਤੇ ਸਨਅਤੀ ਮੁਕਾਬਲੇਬਾਜ਼ੀ ਵਿੱਚ ਸੁਧਾਰ ਲਿਆਉਣ ਲਈ ਕੀਤੇ ਸੁਧਾਰਾਂ ਦੇ ਉਪਰਾਲਿਆਂ ’ਚੋਂ ਉਪਜ ਰਿਹਾ ਹੈ। ਬੁਨਿਆਦੀ ਢਾਂਚੇ ਲਈ ਖਰਚ, ਡਿਜੀਟਲ ਪਰਿਵਰਤਨ ਅਤੇ ਸੁਧਰੀਆਂ ਹੋਈ ਟੈਕਸ ਉਗਰਾਹੀਆਂ ਨਾਲ ਵਡੇਰੇ ਆਰਥਿਕ ਮੂਲ ਆਧਾਰਾਂ ਵਿੱਚ ਸੁਧਾਰ ਹੋਇਆ ਹੈ। ਉਂਝ, ਬਚਾਓਵਾਦੀ ਨੀਤੀਆਂ ਅਤੇ ਕਮਜ਼ੋਰ ਪੈ ਰਹੀ ਆਲਮੀ ਮੰਗ ਕਰ ਕੇ ਬਰਾਮਦਾਂ ਖ਼ਾਸਕਰ ਨਿਰਮਾਣ ਖੇਤਰ ਦੀਆਂ ਬਰਾਮਦਾਂ ਦੀ ਸਥਿਤੀ ਹਾਲੇ ਤੱਕ ਡਾਵਾਂਡੋਲ ਬਣੀ ਹੋਈ ਹੈ। ਚੀਨੀ ਅਰਥਚਾਰੇ ਵਿੱਚ ਮੰਦੀ ਅਤੇ ਪੱਛਮੀ ਅਰਥਚਾਰਿਆਂ ਵੱਲੋਂ ਸਪਲਾਈ ਚੇਨਾਂ ਦੀ ਮੁੜ ਤਰਤੀਬਬੰਦੀ ਕਰ ਕੇ ਭਾਰਤ ਨੂੰ ਜਿੱਥੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਇਸ ਲਈ ਆਲਮੀ ਵਪਾਰ ਨਾਲ ਇਕਜੁੱਟ ਰਹਿੰਦੇ ਹੋਏ ਆਤਮ ਨਿਰਭਰਤਾ ਪੈਦਾ ਕਰਨ ਦਾ ਅਵਸਰ ਵੀ ਪੈਦਾ ਹੋਇਆ ਹੈ।

ਸਰਕਾਰ ਦਾ ‘ਮੇਕ ਇਨ ਇੰਡੀਆ’ ਨਾਅਰੇ ਰਾਹੀਂ ਨਿਰਮਾਣਕਾਰੀ ਉੱਪਰ ਦਿੱਤਾ ਜਾ ਰਿਹਾ ਜ਼ੋਰ ਇਸ ਦੇ ਨਾਲ ਹੀ ਇਲੈਕਟ੍ਰਾਨਿਕਸ, ਸੈਮੀਕੰਡਕਟਰ ਅਤੇ ਗਰੀਨ ਤਕਨਾਲੋਜੀਆਂ ਲਈ ਪ੍ਰੇਰਕ ਮੁਹੱਈਆ ਕਰਾਉਣ ਨਾਲ ਦੇਸ਼ ਦਾ ਸਨਅਤੀ ਸੁਧਾਰ ਵਸੀਹ ਕਰਨ ਵਿੱਚ ਮਦਦ ਮਿਲ ਸਕਦੀ ਹੈ। ਉਂਝ, ਵਕਤੀ ਖ਼ਪਤ ਤੋਂ ਪਰ੍ਹੇ ਵਿਕਾਸ ਨੂੰ ਪਾਏਦਾਰ ਬਣਾਉਣ ਲਈ ਕਿਰਤ ਮੰਡੀ, ਜ਼ਮੀਨ ਗ੍ਰਹਿਣ ਕਰਨ ਅਤੇ ਕਾਰੋਬਾਰੀ ਸੌਖ ਵਿੱਚ ਗਹਿਰੇ ਢਾਂਚਾਗਤ ਸੁਧਾਰਾਂ ਦੀ ਲੋੜ ਹੈ। ਮਹਿੰਗਾਈ ਦਰ ਉੱਪਰ ਕੰਟਰੋਲ, ਖੇਤੀਬਾੜੀ ਉਤਪਾਦਕਤਾ ਅਤੇ ਰੁਜ਼ਗਾਰ ਵਾਧੇ ਜਿਹੇ ਪੱਖ ਵੀ ਕੇਂਦਰ ਦੇ ਨੀਤੀਗਤ ਏਜੰਡੇ ਦੇ ਕੇਂਦਰ ਬਿੰਦੂ ਬਣਨੇ ਜ਼ਰੂਰੀ ਹਨ। ਭਾਰਤ ਦੀ ਅਜੋਕੀ ਆਰਥਿਕ ਕਹਾਣੀ ਉਤਸ਼ਾਹ ਦੇ ਨਾਲ ਨਾਲ ਇਹਤਿਆਤ ਵਰਤਣ ਨਾਲ ਜੁੜੀ ਹੋਈ ਹੈ। ਇਸ ਦੇ ਘਰੇਲੂ ਅਰਥਚਾਰੇ ਦੀ ਲਚਕਤਾ ਨੇ ਇਸ ਨੂੰ ਬਹੁਤ ਸਾਰੇ ਬਾਹਰੀ ਝਟਕਿਆਂ ਤੋਂ ਬਚਾਈਂ ਰੱਖਿਆ ਹੈ ਪਰ ਢਿੱਲਮੱਠ ਵਰਤਣ ਨਾਲ ਇਸ ਲਾਭ ਦਾ ਆਧਾਰ ਖ਼ੁਰ ਸਕਦਾ ਹੈ। ਦੀਰਘਕਾਲੀ ਸਥਿਰਤਾ ਲਈ ਭਾਰਤ ਨੂੰ ਵਿੱਤੀ ਕੁਸ਼ਲਤਾ ਬਰਕਰਾਰ ਰੱਖਦੇ ਹੋਏ ਮਨੁੱਖੀ ਵਿਕਾਸ, ਉਤਪਾਦਕਤਾ ਅਤੇ ਨਵੀਨਤਾ ਵਿੱਚ ਨਿਵੇਸ਼ ਕਰਨਾ ਪਵੇਗਾ। ਵਿਕਾਸ ਉਦੋਂ ਹੀ ਸਾਰਥਿਕ ਹੁੰਦਾ ਹੈ ਜਦੋਂ ਇਹ ਸਾਰਿਆਂ ਨੂੰ ਲਾਭ ਪਹੁੰਚਾਉਣ ਅਤੇ ਲੱਖਾਂ ਲੋਕਾਂ ਦਾ ਉਥਾਨ ਕਰਨ ਦੇ ਸਮੱਰਥ ਹੁੰਦਾ ਹੈ। ਭਾਰਤ ਨੂੰ ਆਪਣੇ ਆਰਥਿਕ ਜਹਾਜ਼ ਦੀ ਦਿਸ਼ਾ ਸਥਿਰ ਰੱਖਣ ਲਈ ਸੁਧਾਰਾਂ ਦਾ ਰਾਹ ਅਪਣਾਉਣਾ ਪੈਣਾ ਹੈ।

Advertisement

Advertisement
Show comments