ਵਿਰੋਧੀਆਂ ਦਾ ਪ੍ਰਦਰਸ਼ਨ
ਵਿਰੋਧੀ ਧਿਰ, ਜਿਸ ਦਾ ‘ਇੰਡੀਆ’ ਬਲਾਕ ਖਿੰਡਿਆ ਹੋਇਆ ਹੈ, ਨੂੰ ਆਖ਼ਿਰਕਾਰ ਮੁਸਕਰਾਉਣ ਦਾ ਮੌਕਾ ਮਿਲਿਆ ਹੈ। ਹਾਲ ਹੀ ਵਿੱਚ (19 ਜੂਨ ਨੂੰ) ਹੋਈਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ, ਜੋ ਚਾਰ ਰਾਜਾਂ ਦੀਆਂ ਪੰਜ ਸੀਟਾਂ ’ਤੇ ਚੋਣ ਲੜ ਕੇ ਸਿਰਫ਼ ਇੱਕ ਸੀਟ ’ਤੇ ਹੀ ਜਿੱਤ ਪ੍ਰਾਪਤ ਕਰ ਸਕੀ ਹੈ। ਆਮ ਆਦਮੀ ਪਾਰਟੀ (ਆਪ) ਨੇ ਦੋ ਸੀਟਾਂ (ਪੰਜਾਬ ਤੇ ਗੁਜਰਾਤ ਵਿੱਚ ਇੱਕ-ਇੱਕ) ਜਿੱਤੀਆਂ ਹਨ, ਜਦੋਂਕਿ ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਨੇ ਇੱਕ-ਇੱਕ ਸੀਟ ਹਾਸਿਲ ਕੀਤੀ ਹੈ। ਭਾਜਪਾ ਨੂੰ ਖ਼ਾਸ ਤੌਰ ’ਤੇ ਇਸ ਗੱਲ ਦੀ ਨਿਰਾਸ਼ਾ ਵੀ ਹੋਵੇਗੀ ਕਿ ਉਹ ਗੁਜਰਾਤ ਦੀ ਵਿਸਾਵਦਰ ਸੀਟ ਨਹੀਂ ਜਿੱਤ ਸਕੀ, ਉਹ ਰਾਜ ਜਿੱਥੇ ਲਗਭਗ ਤਿੰਨ ਦਹਾਕਿਆਂ ਤੋਂ ਉਹ ਬਿਨਾਂ ਕਿਸੇ ਅਡਿ਼ੱਕੇ ਦੇ ਸੱਤਾ ਵਿੱਚ ਹੈ। ਭਾਜਪਾ ਨੇ ਮੌਜੂਦਾ ‘ਆਪ’ ਵਿਧਾਇਕ ਦੇ ਪਾਰਟੀ ਬਦਲਣ ਤੋਂ ਬਾਅਦ ਆਪਣੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕੀਤਾ ਸੀ; ਹਾਲਾਂਕਿ ‘ਆਪ’ ਨੇ ਇਸ ਝਟਕੇ ਤੋਂ ਉੱਭਰਦਿਆਂ ਭਾਜਪਾ ਨੂੰ ਪਛਾੜ ਦਿੱਤਾ। ਜ਼ਿਮਨੀ ਚੋਣਾਂ ਵਿੱਚ ਇਹ ਜਿੱਤ ਕੋਈ ਇਤਫ਼ਾਕ ਨਹੀਂ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਭਾਜਪਾ ਸ਼ਾਸਿਤ ਰਾਜ ਵਿੱਚ ਆਪਣੀ ਪਕੜ ਮਜ਼ਬੂਤ ਕਰਦਿਆਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜ ਸੀਟਾਂ ਜਿੱਤੀਆਂ ਸਨ।
ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਆਮ ਤੌਰ ’ਤੇ ਸਬੰਧਿਤ ਰਾਜ ਵਿਚਲੀ ਸੱਤਾਧਾਰੀ ਪਾਰਟੀ ਦੁਆਰਾ ਹੀ ਜਿੱਤੀਆਂ ਜਾਂਦੀਆਂ ਹਨ। ਲੁਧਿਆਣਾ ਪੱਛਮੀ (ਪੰਜਾਬ) ਅਤੇ ਕਾਲੀਗੰਜ (ਪੱਛਮੀ ਬੰਗਾਲ) ਦੇ ਨਤੀਜਿਆਂ ਨੇ ‘ਆਪ’ ਅਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਲਈ ਖੁਸ਼ੀ ਤੇ ਰਾਹਤ ਲਿਆਂਦੀ ਹੈ; ਹਾਲਾਂਕਿ ਕੇਰਲ ਦਾ ਸੱਤਾਧਾਰੀ ਖੱਬੇ ਪੱਖੀ ਡੈਮੋਕਰੈਟਿਕ ਫਰੰਟ (ਐੱਲਡੀਐੱਫ), ਜਿਸ ਦੀ ਅਗਵਾਈ ਸੀਪੀਐੱਮ ਕਰਦੀ ਹੈ, ਲਈ ਚਿੰਤਾ ਦੇ ਕਈ ਵਿਸ਼ੇ ਉੱਭਰੇ ਹਨ ਕਿਉਂਕਿ ਵਿਧਾਨ ਸਭਾ ਚੋਣਾਂ ਵਿੱਚ ਇੱਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਨੇ ਨੀਲਾਂਬੁਰ ਸੀਟ ਐੱਲਡੀਐੱਫ ਤੋਂ ਖੋਹ ਲਈ ਹੈ। ਕੇਰਲ ਕਾਂਗਰਸ ’ਚ ਅੰਦਰੂਨੀ ਕਲੇਸ਼ ਦੇ ਮੱਦੇਨਜ਼ਰ ਇਹ ਜਿੱਤ ਪਾਰਟੀ ਲਈ ਮਹੱਤਵਪੂਰਨ ਹੈ। ਤਿਰੂਵਨੰਤਪੁਰਮ ਤੋਂ ਪਾਰਟੀ ਦੇ ਉੱਘੇ ਨੇਤਾ ਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵੋਟਾਂ ਵਾਲੇ ਦਿਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਨੀਲਾਂਬੁਰ ਵਿੱਚ ਪ੍ਰਚਾਰ ਕਰਨ ਦਾ ਸੱਦਾ ਨਹੀਂ ਦਿੱਤਾ ਗਿਆ। ਪਰ ਪਾਰਟੀ ਨੇ ਜਵਾਬ ਵਿਚ ਕਿਹਾ ਕਿ ਥਰੂਰ ਇਸ ਦੇ ਸਟਾਰ ਪ੍ਰਚਾਰਕਾਂ ਵਿੱਚ ਸ਼ਾਮਿਲ ਸੀ। ਪਾਰਟੀ ਹਾਈ ਕਮਾਨ ਨਾਲ ਥਰੂਰ ਦੇ ਮਤਭੇਦ ਹਾਲ ਹੀ ਵਿੱਚ ਉਦੋਂ ਪ੍ਰਤੱਖ ਹੋਏ ਸਨ ਜਦੋਂ ਉਨ੍ਹਾਂ ਅਪਰੇਸ਼ਨ ‘ਸਿੰਧੂਰ’ ਸਬੰਧੀ ਜਾਣਕਾਰੀ ਦੇਣ ਲਈ ਵਿਦੇਸ਼ਾਂ ’ਚ ਗਏ ਬਹੁ-ਪਾਰਟੀ ਵਫ਼ਦ ਦੀ ਅਗਵਾਈ ਕੀਤੀ ਸੀ। ਕਾਂਗਰਸ ਥਰੂਰ ਨੂੰ ਕਿਵੇਂ ਸੰਭਾਲਦੀ ਹੈ, ਇਸ ਦਾ ਅਸਰ ਦੱਖਣੀ ਰਾਜ ’ਚ ਪਾਰਟੀ ਦੇ ਸੱਤਾ ਦੀ ਮੁੜ ਪ੍ਰਾਪਤੀ ਦੇ ਮਿਸ਼ਨ ’ਤੇ ਜ਼ਰੂਰ ਪਵੇਗਾ।
ਕੇਰਲ ਅਤੇ ਪੱਛਮੀ ਬੰਗਾਲ ਵਿੱਚ ਜ਼ਿਮਨੀ ਚੋਣਾਂ ਦੀ ਹਾਰ ਨੇ ਭਾਜਪਾ ਨੂੰ ਜ਼ਰੂਰ ਦੁਖੀ ਕੀਤਾ ਹੋਵੇਗਾ, ਜੋ ਇਨ੍ਹਾਂ ‘ਆਖ਼ਿਰੀ ਮੋਰਚੇ’ ਵਾਲੇ ਰਾਜਾਂ ’ਚ ਵਧੀਆ ਪ੍ਰਦਰਸ਼ਨ ਕਰਨ ਲਈ ਬੇਤਾਬ ਹੈ। ਪਰ ਅਜਿਹੀ ਪਾਰਟੀ ਨੂੰ ਘਟਾ ਕੇ ਦੇਖਣਾ ਵੀ ਨਾਦਾਨੀ ਹੋਵੇਗੀ, ਜੋ ਸਾਰੀਆਂ ਮੁਸ਼ਕਿਲਾਂ ਤੋਂ ਪਾਰ ਪਾਉਣ ਦੀ ਸਮਰੱਥਾ ਰੱਖਦੀ ਹੈ।