ਆਸਥਾ ਦਾ ਅਪਮਾਨ
ਇੱਕ ਬੇਬੁਨਿਆਦ ਪੱਖਪਾਤੀ ਕਾਰਵਾਈ ’ਚ, ਪਾਕਿਸਤਾਨ ਨੇ ਹਿੰਦੂ ਸ਼ਰਧਾਲੂਆਂ ਦੇ ਇਕ ਸਮੂਹ ਨੂੰ ਵਾਪਸ ਮੋੜ ਦਿੱਤਾ ਹੈ। ਹਿੰਦੂ ਸ਼ਰਧਾਲੂਆਂ ਦਾ ਇਹ ਗਰੁੱਪ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਦੀ ਯਾਤਰਾ ’ਤੇ ਗਏ ਸਿੱਖ ਜਥੇ ਦਾ ਹਿੱਸਾ ਸੀ। ਸਹੀ ਤੇ ਵੈਧ ਵੀਜ਼ਾ ਲੈ ਕੇ ਗਏ 12 ਸ਼ਰਧਾਲੂਆਂ ਨੂੰ ਵਾਹਗਾ ਸਰਹੱਦ ’ਤੇ ਇਹ ਕਹਿ ਕੇ ਰੋਕ ਦਿੱਤਾ ਗਿਆ, “ਤੁਸੀਂ ਹਿੰਦੂ ਹੋ-ਤੁਸੀਂ ਸਿੱਖਾਂ ਨਾਲ ਨਹੀਂ ਜਾ ਸਕਦੇ।” ਇਸ ਇਕ ਗੱਲ ਨੇ ਇਸਲਾਮਾਬਾਦ ਦੇ ਉਨ੍ਹਾਂ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ ਜਿਨ੍ਹਾਂ ਵਿਚ ਉਹ ਬਾਕੀ ਧਰਮਾਂ ਦੇ ਸਤਿਕਾਰ ਦੀ ਗੱਲ ਕਰਦਾ ਹੈ, ਤੇ ਨਾਲ ਹੀ ਉਸ ਧਾਰਮਿਕ-ਰਾਜਸੀ ਮਾਨਸਿਕਤਾ ਨੂੰ ਵੀ ਨੰਗਾ ਕੀਤਾ ਹੈ ਜੋ ਅਜੇ ਵੀ ਇਸ ਦੀਆਂ ਸੰਸਥਾਵਾਂ ’ਤੇ ਹਾਵੀ ਹੈ। ਹਿੰਦੂ ਅਤੇ ਸਿੱਖ ਦੋਵੇਂ ਹੀ ਗੁਰੂ ਨਾਨਕ ਦੇਵ ਨੂੰ ਆਪਣਾ ਅਧਿਆਤਮਕ ਮਾਰਗਦਰਸ਼ਕ ਮੰਨਦੇ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਧਰਮਾਂ ਦੀਆਂ ਹੱਦਾਂ ਤੋਂ ਪਾਰ ਜਾਂਦੀਆਂ ਹਨ, ਜੋ ਬਰਾਬਰੀ, ਦਇਆ ਅਤੇ ਮਨੁੱਖੀ ਏਕਤਾ ਦੀ ਬਾਤ ਪਾਉਂਦੀਆਂ ਹਨ। ਹਿੰਦੂ ਸ਼ਰਧਾਲੂਆਂ ਨੂੰ ਰੋਕ ਕੇ, ਪਾਕਿਸਤਾਨ ਨੇ ਨਾ ਸਿਰਫ਼ ਯਾਤਰੀਆਂ ਦਾ, ਸਗੋਂ ਗੁਰੂ ਨਾਨਕ ਦੇਵ ਦੇ ਸੁਨੇਹੇ ਦੀ ਸਰਵਵਿਆਪਕਤਾ ਦਾ ਵੀ ਅਪਮਾਨ ਕੀਤਾ ਹੈ। ਆਖ਼ਰਕਾਰ, ਨਿਹਚਾ ’ਤੇ ਕਿਸੇ ਧਰਮ ਜਾਂ ਪਾਸਪੋਰਟ ਦੀ ਮੋਹਰ ਨਹੀਂ ਹੁੰਦੀ।
ਇਹ ਘਟਨਾ ਉਸੇ ਫਿਰਕੂ ਕਠੋਰਤਾ ਦੀ ਗਵਾਹੀ ਭਰਦੀ ਹੈ ਜਿਸ ਨਾਲ ਦੋ-ਕੌਮਾਂ ਦਾ ਸਿਧਾਂਤ ਕਾਇਮ ਰਹਿੰਦਾ ਹੈ- ਇੱਕ ਅਜਿਹਾ ਮਤ ਜਿਸ ਨੂੰ ਪਾਕਿਸਤਾਨ ਦੇ ਸੈਨਾ ਮੁਖੀ ਨੇ ਹਾਲ ਹੀ ਵਿੱਚ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਹ ਐਲਾਨ ਕਰਦਿਆਂ ਕਿ ਹਿੰਦੂ ਅਤੇ ਮੁਸਲਮਾਨ ‘‘ਜੀਵਨ ਦੇ ਹਰ ਪਹਿਲੂ ਵਿੱਚ ਵੱਖਰੇ’’ ਹਨ। ਉਹ ਵਿਚਾਰਧਾਰਾ, ਜਿਸ ਨੂੰ ਕਾਫ਼ੀ ਪਹਿਲਾਂ ਨਕਾਰਿਆ ਜਾ ਚੁੱਕਾ ਹੈ, ਅਜੇ ਵੀ ਅਜਿਹੀਆਂ ਕਾਰਵਾਈਆਂ ਲਈ ਰਾਹ ਤਿਆਰ ਕਰਦੀ ਹੈ ਅਤੇ ਸਦਭਾਵਨਾ ’ਚ ਜ਼ਹਿਰ ਘੋਲਦੀ ਹੈ। ਧਾਰਮਿਕ ਆਧਾਰ ’ਤੇ ਸ਼ਰਧਾਲੂਆਂ ਨੂੰ ਮੋੜਨਾ ਨੀਤੀ ਦੇ ਰੂਪ ਵਿੱਚ ਪੇਸ਼ ਕੀਤੀ ਜਾ ਰਹੀ ਤੰਗਦਿਲੀ ਦਾ ਪ੍ਰਤੀਕ ਹੈ।
ਜਦਕਿ ਭਾਰਤ ਅਜਮੇਰ ਸ਼ਰੀਫ ਅਤੇ ਹੋਰ ਅਸਥਾਨਾਂ ਲਈ ਪਾਕਿਸਤਾਨੀ ਯਾਤਰੀਆਂ ਵਾਸਤੇ ਦਰ ਖੁੱਲ੍ਹੇ ਰੱਖਦਾ ਹੈ, ਇਸਲਾਮਾਬਾਦ ਦੇ ਇਸ ਕਦਮ ’ਚੋਂ ਦੋਹਰੇ ਮਿਆਰਾਂ ਤੇ ਰਾਜਨੀਤਕ ਸੰਦੇਹ ਦੀ ਝਲਕ ਪੈਂਦੀ ਹੈ। ਇਸ ਨੇ ਸੂਝ-ਬੂਝ, ਖੁੱਲ੍ਹਦਿਲੀ ਅਤੇ ਇਕ ਗੁਆਂਢੀ ਵਰਗੀ ਸ਼ਾਲੀਨਤਾ ਦਿਖਾਉਣ ਦਾ ਮੌਕਾ ਗੁਆ ਲਿਆ ਹੈ। ਨਵੀਂ ਦਿੱਲੀ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਨੂੰ ਇਸਲਾਮਾਬਾਦ ਕੋਲ ਜ਼ੋਰਦਾਰ ਤਰੀਕੇ ਨਾਲ ਚੁੱਕਿਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਅਜਿਹਾ ਭੇਦ-ਭਾਵ ਦੁਬਾਰਾ ਨਾ ਹੋਵੇ। ਇੱਕ ਅਜਿਹਾ ਮੁਲਕ ਜੋ ਸਿੱਖ ਅਸਥਾਨਾਂ ਅਤੇ ਵਿਰਾਸਤ ਦੀ ਰਾਖੀ ਦਾ ਦਾਅਵਾ ਕਰਦਾ ਹੈ, ਵਾਹਗਾ ’ਚ ਉਸ ਦਾ ਅਜਿਹਾ ਵਿਹਾਰ ਉਨ੍ਹਾਂ ਹੀ ਅਸਥਾਨਾਂ ਦੀਆਂ ਕਦਰਾਂ-ਕੀਮਤਾਂ ਦਾ ਨਿਰਾਦਰ ਹੈ। ਗੁਰੂ ਨਾਨਕ ਦੇਵ ਨੂੰ ਸੱਚੀ ਸ਼ਰਧਾਂਜਲੀ ਖੁੱਲ੍ਹਦਿਲੀ ਵਿੱਚ ਹੈ, ਜਿਸ ਲਈ ਜਾਪਦਾ ਹੈ ਕਿ ਪਾਕਿਸਤਾਨ ਦੀਆਂ ਸਰਕਾਰੀ ਇਕਾਈਆਂ ਤਿਆਰ ਨਹੀਂ ਹਨ।
