ਕਟਕ ਫਿਰਕੂ ਹਿੰਸਾ
ਭਾਈਚਾਰਕ ਸਾਂਝ ਲਈ ਜਾਣੇ ਜਾਂਦੇ ਕਟਕ ਵਿੱਚ ਭੜਕੀ ਫਿਰਕੂ ਹਿੰਸਾ ਤੋਂ ਬਾਅਦ ਸ਼ਹਿਰ ਵਿਚ ਹਾਲਾਤ ਹੌਲੀ-ਹੌਲੀ ਆਮ ਵਰਗੇ ਹੋ ਰਹੇ ਹਨ। ਇੱਥੇ ਉਦੋਂ ਫਿਰਕੂ ਝੜਪਾਂ ਭੜਕੀਆਂ ਸਨ, ਜਦੋਂ ਦੁਰਗਾ ਮਾਤਾ ਦੀਆਂ ਮੂਰਤੀਆਂ ਨੂੰ ਨਦੀ ਵਿੱਚ ਵਹਾਉਣ ਲਈ ਜਲੂਸ ਕੱਢਿਆ ਜਾ ਰਿਹਾ ਸੀ। ਗੜਬੜ ਉਦੋਂ ਹੋਰ ਭੜਕ ਗਈ, ਜਦੋਂ ਵਿਸ਼ਵ ਹਿੰਦੂ ਪਰਿਸ਼ਦ (ਵੀ ਐੱਚ ਪੀ) ਦੇ ਆਗੂਆਂ ਨੇ ਦੋਸ਼ ਲਾਇਆ ਕਿ ਪੁਲੀਸ ਦੰਗਈਆਂ ਖਿਲਾਫ਼ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ ਅਤੇ ਵੀ ਐੱਚ ਪੀ ਕਾਰਕੁਨਾਂ ਨੇ ਪ੍ਰਸ਼ਾਸਨ ਦੇ ਹੁਕਮਾਂ ਦੀ ਅਵੱਗਿਆ ਕਰਦਿਆਂ ਮੋਟਰਸਾਈਕਲ ਰੈਲੀ ਕੀਤੀ ਸੀ। ਜਦੋਂ ਮਾਰਚ ਕਰਨ ਵਾਲਿਆਂ ਨੂੰ ਸੰਵੇਦਨਸ਼ੀਲ ਖੇਤਰਾਂ ਵਿੱਚ ਜਾਣ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਦਾ ਪੁਲੀਸ ਨਾਲ ਟਕਰਾਅ ਹੋਇਆ ਅਤੇ ਕਈ ਥਾਵਾਂ ’ਤੇ ਅੱਗਜ਼ਨੀ ਵੀ ਕੀਤੀ ਗਈ। ਇਸ ਸ਼ਾਂਤਮਈ ਸ਼ਹਿਰ ਦੇ ਬਾਸ਼ਿੰਦਿਆਂ ਲਈ ਇਹ ਦੇਖਣਾ ਸਦਮੇ ਤੋਂ ਘੱਟ ਨਹੀਂ ਸੀ ਕਿ ਉੱਥੇ ਵੀ ਫਿਰਕੂ ਜ਼ਹਿਰ ਫੈਲਾ ਦਿੱਤਾ ਗਿਆ ਹੈ।
ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ ਬਹੁਤ ਸਾਰੇ ਖੇਤਰਾਂ ਵਿੱਚ ਵੱਖ-ਵੱਖ ਤਿਓਹਾਰਾਂ ਮੌਕੇ ਫਿਰਕੂ ਜਨੂੰਨ ਦਾ ਮਾਹੌਲ ਪੈਦਾ ਕੀਤਾ ਜਾਂਦਾ ਰਿਹਾ ਹੈ। ਅਜਿਹੀਆਂ ਫਿਰਕੂ ਘਟਨਾਵਾਂ ਨਾਲ ਸੂਬੇ ਵਿਚ ਕਰੀਬ ਇਕ ਸਾਲ ਪਹਿਲਾਂ ਬਣੀ ਭਾਜਪਾ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੂੰ ਇਸ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੋਣਾ ਚਾਹੀਦਾ ਹੈ, ਕਿਉਂਕਿ ਪਿਛਲੇ ਸਾਲ ਜੂਨ ਮਹੀਨੇ ਮੋਹਨ ਚਰਨ ਮਾਝੀ ਵਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਬਾਲਾਸੁਰ ਵਿੱਚ ਫਿਰਕੂ ਮਾਹੌਲ ਪੈਦਾ ਹੋ ਗਿਆ ਸੀ। ਈਦ-ਉਲ-ਅਜ਼ਹਾ ਦੇ ਮੌਕੇ ’ਤੇ ਵੱਡੇ ਪੱਧਰ ਉਤੇ ਗਊ ਹੱਤਿਆ ਦੀਆਂ ਅਫ਼ਵਾਹਾਂ ਫੈਲਣ ਕਾਰਨ ਝੜਪਾਂ ਹੋਈਆਂ ਸਨ, ਜਿਸ ਕਾਰਨ ਕਰਫਿਊ ਲਾਉਣਾ ਪਿਆ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰਨੀਆਂ ਪਈਆਂ ਸਨ। ਕਈ ਮਾਮਲਿਆਂ ਵਿੱਚ ਗਊ ਰੱਖਿਅਕਾਂ ਦੁਆਰਾ ਹਿੰਸਾ ਕਰਨ ਦੀਆਂ ਖ਼ਬਰਾਂ ਆਉਣ ਕਾਰਨ ਮਾਝੀ ਸਰਕਾਰ ਲਈ ਕਾਨੂੰਨ ਵਿਵਸਥਾ ਬਣਾਈ ਰੱਖਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸੂਬੇ ਵਿੱਚ ਇਸਾਈਆਂ ’ਤੇ ਵੀ ਹਮਲੇ ਹੋਏ ਹਨ, ਸੰਨ 1999 ਵਿੱਚ ਬਜਰੰਗ ਦਲ ਦੇ ਕਾਰਕੁਨ ਦੀ ਅਗਵਾਈ ਵਾਲੀ ਭੀੜ ਨੇ ਆਸਟਰੇਲਿਆਈ ਮਿਸ਼ਨਰੀ ਗ੍ਰਾਹਮ ਸਟੇਨਜ਼ ਤੇ ਉਸ ਦੇ ਦੋ ਪੁੱਤਰਾਂ ਨੂੰ ਜਿਊਂਦੇ ਸਾੜ ਦਿੱਤਾ ਸੀ। ਇਸ ਕੇਸ ਦੇ ਇੱਕ ਦੋਸ਼ੀ ਨੂੰ ਇਸ ਸਾਲ ਦੇ ਸ਼ੁਰੂ ਵਿੱਚ ‘ਚੰਗੇ ਵਿਹਾਰ’ ਦੇ ਆਧਾਰ ’ਤੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ, ਜਿਸ ’ਤੇ ਵਿਸ਼ਵ ਹਿੰਦੂ ਪਰਿਸ਼ਦ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਸੀ।
ਪਿਛਲੇ ਦੋ ਦਹਾਕਿਆਂ ਦੌਰਾਨ ਚੰਗੇ ਸ਼ਾਸਨ ਨੇ ਉੜੀਸਾ ਨੂੰ ਦੂਜੇ ਰਾਜਾਂ ਲਈ ਸ਼ਲਾਘਾਯੋਗ ਮਿਸਾਲ ਬਣਾ ਦਿੱਤਾ ਹੈ। ਸੱਤਾਧਾਰੀ ਭਾਜਪਾ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਫਿਰਕੂ ਅੱਗ ਭੜਕਾਉਣ ਵਿੱਚ ਸ਼ਾਮਲ ਲੋਕਾਂ ਨੂੰ, ਭਾਵੇਂ ਉਹ ਕਿਸੇ ਵੀ ਪਾਰਟੀ ਜਾਂ ਧਰਮ ਨਾਲ ਸਬੰਧਿਤ ਹੋਣ, ਬਖਸ਼ਿਆ ਨਾ ਜਾਵੇ। ਉੜੀਸਾ ਵੱਲੋਂ ਕੀਤੀ ਗਈ ਸ਼ਾਨਦਾਰ ਤਰੱਕੀ ਨੂੰ ਕਾਇਮ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ।