ਅਜੋਕਾ ਵਿਕਾਸ ਮਾਡਲ ਬਨਾਮ ਵਾਤਾਵਰਨ ਦੀ ਤਬਾਹੀ
ਸਵਰਾਜਬੀਰ
ਤਰੱਕੀ ਤੇ ਵਿਕਾਸ ਦੇ ਸੰਕਲਪ ਮਨੁੱਖਤਾ ਦੇ ਇਤਿਹਾਸ ਵਿਚ ਗੁੰਨ੍ਹੇ ਹੋਏ ਹਨ। ਜਿੱਥੇ ਮਨੁੱਖ ਲੜਾਈਆਂ ਤੇ ਯੁੱਧ ਲੜਦਾ ਰਿਹਾ ਹੈ, ਉੱਥੇ ਉਹ ਆਪਣੇ ਤੇ ਆਲੇ-ਦੁਆਲੇ ਦੇ ਹਾਲਾਤ ਸੁਧਾਰਨ ਅਤੇ ਚੰਗੇ ਘਰਾਂ, ਪਿੰਡਾਂ, ਸ਼ਹਿਰਾਂ, ਸੜਕਾਂ ਤੇ ਇਮਾਰਤਾਂ ਉਸਾਰਨ ਲਈ ਵੀ ਯਤਨ ਕਰਦਾ ਰਿਹਾ ਹੈ। ਪੰਜ ਹਜ਼ਾਰ ਸਾਲ ਪਹਿਲਾਂ ਸਿੰਧੂ ਘਾਟੀ ਅਤੇ ਹੜੱਪਾ ਦੀ ਸੱਭਿਅਤਾ ਵਿਚ ਵੀ ਵਿਉਂਤਬੰਦੀ ਨਾਲ ਬਣੇ ਸ਼ਹਿਰਾਂ ਦੀ ਗਵਾਹੀ ਮਿਲਦੀ ਹੈ। ਪਿੰਡਾਂ ਤੇ ਸ਼ਹਿਰਾਂ ਨੂੰ ਸੁਚੱਜੇ ਢੰਗ ਨਾਲ ਉਸਾਰਨ ਦੀ ਲੋਚਾ ਮਨੁੱਖ ਦੀ ਤਰਕਸ਼ੀਲ ਸੋਚ ਦਾ ਹਿੱਸਾ ਰਹੀ ਹੈ।
ਬਾਦਸ਼ਾਹਾਂ ਤੇ ਜਾਗੀਰਦਾਰੀ ਦੌਰ ਵਿਚ ਵੱਡੇ ਸ਼ਹਿਰ ਉੱਸਰੇ, ਸੜਕਾਂ ਬਣੀਆਂ, ਨਹਿਰਾਂ ਖੁਦਵਾਈਆਂ ਗਈਆਂ ਪਰ ਸਰਮਾਏਦਾਰੀ ਦੇ ਉਭਾਰ ਨੇ ਤਰੱਕੀ ਅਤੇ ਵਿਕਾਸ ਦੇ ਮੁਹਾਂਦਰੇ ਨੂੰ ਬਦਲਿਆ। ਸਰਮਾਏਦਾਰੀ ਦੇ ਵਿਕਾਸ ਦੀਆਂ ਕਈ ਟੇਕਾਂ ਸਨ ਜਿਨ੍ਹਾਂ ਵਿਚੋਂ ਪ੍ਰਮੁੱਖ ਤਕਨੀਕ ਦਾ ਵਿਕਾਸ, ਮਨੁੱਖ ਦੀ ਲੁੱਟ, ਬਸਤੀਵਾਦ ਅਤੇ ਅਫ਼ਰੀਕੀ ਮੂਲ ਦੇ ਲੋਕਾਂ ਦੀ ਗੁਲਾਮੀ ਸਨ। ਇਹ ਵਰਤਾਰੇ ਆਪਸ ਵਿਚ ਇੰਨੇ ਘੁਲੇ-ਮਿਲੇ ਸਨ ਕਿ ਇਨ੍ਹਾਂ ਨੂੰ ਇਕ-ਦੂਜੇ ਤੋਂ ਨਿਖੇੜਿਆ ਨਹੀਂ ਸੀ ਜਾ ਸਕਦਾ। ਸਨਅਤੀ ਇਨਕਲਾਬ ਤੋਂ ਸ਼ੁਰੂ ਹੋਏ ਤਕਨੀਕ ਦੇ ਤੇਜ਼ ਵਿਕਾਸ ਨੇ ਜਿੱਥੇ ਮਨੁੱਖ ਲਈ ਕੁਦਰਤ ਦੀਆਂ ਤਾਕਤਾਂ ’ਤੇ ਕਾਬੂ ਪਾਉਣ ਦੇ ਅਨੇਕ ਰਸਤੇ ਖੋਲ੍ਹੇ, ਉੱਥੇ ਮਨੁੱਖ ਦੀ ਲੁੱਟ ਵੀ ਵਧੀ। ਅਫ਼ਰੀਕੀ ਲੋਕਾਂ ਨੂੰ ਗੁਲਾਮਾਂ ਵਜੋਂ ਵਰਤਣ ਅਤੇ ਬਸਤੀਆਂ ’ਚੋਂ ਕੀਤੀ ਗਈ ਕੁਦਰਤੀ ਖ਼ਜ਼ਾਨਿਆਂ ਦੀ ਲੁੱਟ ਨੇ ਯੂਰੋਪ ਤੇ ਅਮਰੀਕਾ ਨੂੰ ਮਾਲੋ-ਮਾਲ ਕਰ ਦਿੱਤਾ; ਇਨ੍ਹਾਂ ਦੇਸ਼ਾਂ ਦੇ ਬੁਨਿਆਦੀ ਢਾਂਚੇ, ਸ਼ਹਿਰਾਂ, ਪਿੰਡਾਂ, ਕਸਬਿਆਂ ਦੀ ਨੁਹਾਰ ਬਦਲ ਗਈ; ਉਹ ਗਿਆਨ ਤੇ ਤਕਨੀਕ ਦੇ ਵਿਕਾਸ ਦੇ ਕੇਂਦਰ ਬਣਨ ਦੇ ਨਾਲ ਨਾਲ ਵਿਕਸਿਤ ਦੇਸ਼ ਬਣੇ ਜਦੋਂਕਿ ਏਸ਼ੀਆ, ਅਫ਼ਰੀਕਾ ਤੇ ਲਾਤੀਨੀ ਅਮਰੀਕਾ ਦੇ ਦੇਸ਼ ਗਰੀਬ, ਅਵਿਕਸਿਤ ਤੇ ਪਛੜੇ ਹੋਏ ਦੇਸ਼ ਅਖਵਾਏ। ਉਨ੍ਹਾਂ ਸਮਿਆਂ ਵਿਚ ਹੀ ਅਮਰੀਕਾ ਤੇ ਯੂਰੋਪ ਦੇ ਦੇਸ਼ਾਂ ਵਿਚ ਜਮਹੂਰੀ ਨਿਜ਼ਾਮ ਕਾਇਮ ਹੋਏ ਜਿਨ੍ਹਾਂ ਨੇ ਆਪਣੇ ਦੇਸ਼ਾਂ ਵਿਚ ਜਮਹੂਰੀਅਤ ਦੇ ਸਿਧਾਂਤ ਅਪਣਾਏ ਪਰ ਆਪਣੀਆਂ ਬਸਤੀਆਂ ਨੂੰ ਬੇਰਹਿਮੀ ਤੇ ਬੇਕਿਰਕੀ ਨਾਲ ਲੁੱਟਿਆ।
ਸਰਮਾਏਦਾਰੀ ਵਿਕਾਸ ਦਾ ਸੰਕਲਪ ਏਨਾ ਬਲਵਾਨ ਹੋ ਕੇ ਉੱਭਰਿਆ ਕਿ 1917 ਦੇ ਰੂਸੀ ਇਨਕਲਾਬ ’ਚੋਂ ਉੱਸਰੇ ਸਮਾਜਵਾਦੀ ਨਿਜ਼ਾਮ ਨੇ ਵੀ ਵਿਕਾਸ ਦੇ ਉਸੇ ਮਾਡਲ ਨੂੰ ਅਪਣਾਇਆ। ਫ਼ਰਕ ਸਿਰਫ਼ ਇਹ ਸੀ ਕਿ ਬਾਕੀ ਦੇ ਯੂਰੋਪ ਤੇ ਅਮਰੀਕਾ ਵਿਚ ਵਿਕਾਸ ਦੀ ਲਗਾਮ ਸਰਮਾਏਦਾਰਾਂ ਅਤੇ ਕੰਪਨੀਆਂ ਦੇ ਹੱਥਾਂ ਵਿਚ ਸੀ ਜਦੋਂਕਿ ਸੋਵੀਅਤ ਯੂਨੀਅਨ ਵਿਚ ਇਹ ਰਿਆਸਤ/ਸਟੇਟ ਦੇ। ਕਈ ਵਾਰ ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਵਿਕਾਸ ਦਾ ਇਹੀ ਇਕੋ-ਇਕ ਤਰੀਕਾ ਹੈ; ਕੁਦਰਤੀ ਖ਼ਜ਼ਾਨਿਆਂ ਦੀ ਵੱਧ ਤੋਂ ਵੱਧ ਵਰਤੋਂ ਕਰੋ, ਦਰਿਆਵਾਂ ਨੂੰ ਬੰਨ੍ਹੋ ਤੇ ਉਨ੍ਹਾਂ ਦੇ ਮੁਹਾਣ ਮੋੜੋ, ਉੱਚੀਆਂ ਤੋਂ ਉੱਚੀਆਂ ਇਮਾਰਤਾਂ ਉਸਾਰੋ, ਪਹਾੜਾਂ ਨੂੰ ਤੋੜੋ, ਆਵਾਜਾਈ ਨੂੰ ਤੇਜ਼ ਤੋਂ ਤੇਜ਼ ਕਰੋ ਅਤੇ ਚਮਕ-ਦਮਕ ਵਾਲਾ ਵਿਕਾਸ ਕਰੋ। ਸੋਵੀਅਤ ਯੂਨੀਅਨ, ਚੀਨ ਤੇ ਹੋਰ ਸਮਾਜਵਾਦੀ ਦੇਸ਼ਾਂ ਵਿਚ ਹੋਏ ਵਿਕਾਸ ਨੇ ਇਸ ਮਾਡਲ ਨੂੰ ਕੋਈ ਚੁਣੌਤੀ ਨਹੀਂ ਦਿੱਤੀ। ਇਸ ਮਾਡਲ ਵਿਚ ਨਿਹਿਤ ਹੈ ਕਿ ਦੁਨੀਆ ਅਜੋਕੇ ਅਮਰੀਕਾ ਤੇ ਯੂਰੋਪ ਦੇ ਮਾਡਲ ’ਤੇ ਹੀ ਉੱਸਰ ਸਕਦੀ ਹੈ; ਸਾਰੀ ਦੁਨੀਆ ਅਮਰੀਕਾ-ਯੂਰੋਪ ਜਿਹਾ ਬਣ ਜਾਣਾ ਲੋਚਦੀ ਹੈ। ਸਾਡੇ ਨੇਤਾ ਵੀ ਸਾਨੂੰ ਇਹ ਖ਼ੁਆਬ ਦਿਖਾਉਂਦੇ ਹਨ, ਅਸੀਂ ਵੀ ਅਜਿਹੇ ਖ਼ੁਆਬ ਦੇਖਦੇ ਹਾਂ, ਅਸੀਂ ਇਨ੍ਹਾਂ ਸੁਪਨਿਆਂ ਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਬਣਾ ਲਿਆ ਹੈ; ਅਜਿਹਾ ਵਿਕਾਸ ਮਨੁੱਖਤਾ ਦੀ ਹੋਣੀ ਬਣ ਚੁੱਕਾ ਹੈ।
ਵੀਹਵੀਂ ਸਦੀ ਵਿਚ ਅਜਿਹੇ ਵਿਕਾਸ ਨੇ ਨਵੀਆਂ ਸਿਖਰਾਂ ਛੂਹੀਆਂ। ਉਨ੍ਹਾਂ ਸਮਿਆਂ ਵਿਚ ਹੀ ਪਾਲ ਬਾਰਨ (Paul Baran), ਆਂਦਰੇ ਗੁੰਡਰ ਫਰੈਂਕ (Andre Gunder Frank), ਇਮੈਨੁਅਲ ਵਾਲਰਸਟੀਨ (Immanuel Wallerstein), ਸਮੀਰ ਅਮੀਨ ਅਤੇ ਹੋਰਨਾਂ ਨੇ ਸਾਨੂੰ ਦੱਸਿਆ ਕਿ ਇਸ ਵਿਕਸਿਤ ਸੰਸਾਰ (ਯੂਰੋਪ ਤੇ ਅਮਰੀਕਾ) ਅਤੇ ਘੱਟ ਵਿਕਸਿਤ ਸੰਸਾਰ (ਏਸ਼ੀਆ, ਅਫ਼ਰੀਕਾ ਤੇ ਲਾਤੀਨੀ ਅਮਰੀਕਾ) ਵਿਚ ਵੱਡਾ ਪਾੜਾ ਪੈ ਚੁੱਕਾ ਹੈ ਜਿਸ ਕਾਰਨ ਵਿਕਸਿਤ ਦੇਸ਼ ਹੋਰ ਅਮੀਰ ਹੋਈ ਜਾ ਰਹੇ ਹਨ ਅਤੇ ਘੱਟ ਵਿਕਸਿਤ ਦੇਸ਼ ਹੋਰ ਗਰੀਬ। ਤਕਨਾਲੋਜੀ, ਉਚੇਰੀ ਵਿੱਦਿਆ ਦੇ ਕੇਂਦਰ ਅਤੇ ਵਿਕਾਸ ਲਈ ਮੌਕੇ ਵਿਕਸਿਤ ਦੇਸ਼ਾਂ ਵਿਚ ਕੇਂਦਰਿਤ ਹਨ ਅਤੇ ਇਸ ਤਰ੍ਹਾਂ ਉਹ ਵਿਕਾਸ ਦੇ ਕੇਂਦਰ (Centre) ਹਨ ਅਤੇ ਘੱਟ ਵਿਕਸਿਤ ਦੇਸ਼ ਵਿਕਾਸ ਦੇ ਹਾਸ਼ੀਏ (Periphery) ’ਤੇ ਹਨ। ਘੱਟ ਵਿਕਸਿਤ ਦੇਸ਼ਾਂ ਨੂੰ ਹਮੇਸ਼ਾਂ ਵਿਕਸਿਤ ਦੇਸ਼ਾਂ ’ਤੇ ਨਿਰਭਰ ਰਹਿਣਾ ਪੈਣਾ ਹੈ; ਇਸ ਸਿਧਾਂਤ ਨੂੰ ਨਿਰਭਰਤਾ ਦਾ ਸਿਧਾਂਤ (Dependency Theory) ਕਿਹਾ ਜਾਂਦਾ ਹੈ। ਇਨ੍ਹਾਂ ਸਿਧਾਂਤਕਾਰਾਂ ਨੇ ਇਹ ਸਿੱਧ ਕੀਤਾ ਕਿ ਕਿਵੇਂ ਬਸਤੀਵਾਦੀ ਲੁੱਟ ਤੋਂ ਪੈਦਾ ਹੋਏ ਵਿਕਾਸ ਮਾਡਲ ਨੇ ਦੇਸ਼ਾਂ ਵਿਚਲੀ ਆਰਥਿਕ ਨਾਬਰਾਬਰੀ ਨੂੰ ਚਿਰੰਜੀਵੀ ਬਣਾ ਦਿੱਤਾ ਹੈ; ਵਿਕਾਸਸ਼ੀਲ ਦੇਸ਼ਾਂ ਤੋਂ ਧਾਤਾਂ ਤੇ ਹੋਰ ਕੱਚੇ ਮਾਲ ਨੇ ਵਿਕਸਿਤ ਦੇਸ਼ਾਂ ਵਿਚ ਜਾਂਦੇ ਰਹਿਣਾ ਹੈ ਅਤੇ ਉਨ੍ਹਾਂ ਨੇ ਵਿਕਸਿਤ ਵਸਤਾਂ, ਗਿਆਨ ਤੇ ਤਕਨਾਲੋਜੀ ਦੇ ਖਰੀਦਦਾਰ ਬਣੇ ਰਹਿਣਾ ਹੈ।
ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਵਿਕਾਸ ਕਾਰਨ ਹੋ ਰਹੀ ਵਾਤਾਵਰਨ ਦੀ ਤਬਾਹੀ ਦਾ ਮੁੱਦਾ ਬੜੀ ਤੇਜ਼ੀ ਨਾਲ ਉੱਭਰਿਆ। ਜਿੱਥੇ ਇਸ ਉਭਾਰ ਦਾ ਕੇਂਦਰ ਫਿਰ ਪੱਛਮੀ ਯੂਰੋਪ ਤੇ ਅਮਰੀਕਾ ਸੀ, ਉੱਥੇ ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਵਿਚ ਜ਼ਮੀਨੀ ਪੱਧਰ ’ਤੇ ਕੰਮ ਕਰਦੇ ਸਮਾਜਿਕ ਕਾਰਕੁਨਾਂ ਨੇ ਇਸ ਵਿਚ ਯੋਗਦਾਨ ਪਾਇਆ। ਇਹ ਧਾਰਨਾ ਉੱਭਰੀ ਕਿ ਵਿਕਾਸ ਦੀ ਨੁਹਾਰ ਤੇ ਰਫ਼ਤਾਰ ਏਦਾਂ ਦੀ ਹੋਣੀ ਚਾਹੀਦੀ ਹੈ ਜਿਸ ਨਾਲ ਵਾਤਾਵਰਨ ਦਾ ਵੱਧ ਤੋਂ ਵੱਧ ਬਚਾਅ ਕੀਤਾ ਜਾ ਸਕੇ ਪਰ ਮਨੁੱਖ ਦਾ ਲਾਲਚ ਏਨਾ ਜ਼ਿਆਦਾ, ਬੇਲੋੜਾ ਅਤੇ ਵਸੋਂ ਬਾਹਰ ਹੈ ਕਿ ਨਾ ਤਾਂ ਕੁਦਰਤੀ ਖ਼ਜ਼ਾਨਿਆਂ ਦੀ ਲੁੱਟ ਘਟੀ ਹੈ, ਨਾ ਹੀ ਆਸਮਾਨ ਛੂੰਹਦੀਆਂ ਇਮਾਰਤਾਂ ਬਣਾਉਣ ਦਾ ਮੋਹ ਅਤੇ ਨਾ ਹੀ ਪਹਾੜਾਂ ਨਾਲ ਛੇੜ-ਛਾੜ ਕਰ ਕੇ ਉੱਥੇ ਉਸਾਰੀਆਂ ਕਰਨ ਦਾ ਲੋਭ। ਸ਼ਹਿਰੀਕਰਨ ਨੇ ਤਾਂ ਤੇਜ਼ ਹੋਣਾ ਹੀ ਸੀ ਪਰ ਸਰਕਾਰਾਂ ਤੇ ਬਿਲਡਰਾਂ ਦੀ ਮਿਲੀਭੁਗਤ ਨੇ ਸ਼ਹਿਰ ਬਣਾਉਂਦਿਆਂ ਨਾ ਤਾਂ ਵਾਤਾਵਰਨ ਵੱਲ ਕੋਈ ਧਿਆਨ ਦਿੱਤਾ, ਨਾ ਆਵਾਜਾਈ ਨੂੰ ਭਵਿੱਖਮੁਖੀ ਰੱਖਣ ਵੱਲ, ਨਾ ਪਾਣੀਆਂ ਦੇ ਕੁਦਰਤੀ ਵਹਿਣ ਬਰਕਰਾਰ ਰੱਖਣ ਵੱਲ। ਵਿਉਂਤਬੰਦੀ ਲਾਲਚ ਤੇ ਮੁਨਾਫ਼ੇ ਦੀ ਦਾਸੀ ਬਣ ਕੇ ਰਹਿ ਗਈ ਹੈ। ਵਣਾਂ ਨੇੜਲੀ ਜ਼ਮੀਨ ’ਤੇ ਹਰ ਹਰਬਾ ਵਰਤ ਕੇ ਕਬਜ਼ਾ ਕੀਤਾ ਗਿਆ ਹੈ। ਨਾ ਸੜਕਾਂ ਵਿਉਂਤੀਆਂ ਗਈਆਂ ਅਤੇ ਨਾ ਹੀ ਆਉਣ ਵਾਲੇ ਸਮਿਆਂ ਵਿਚ ਬਣਨ ਵਾਲੇ ਰੇਲ ਕਾਰੀਡੋਰਾਂ ਲਈ ਥਾਂ ਛੱਡੀ ਗਈ; ਸਿੱਟੇ ਵਜੋਂ ਕਈ ਗੁਣਾਂ ਲਾਗਤ ’ਤੇ ਮੈਟਰੋ ਬਣਨਗੀਆਂ। ਜਨਤਕ ਆਵਾਜਾਈ ਸਿਸਟਮ (ਪਬਲਿਕ ਟਰਾਂਸਪੋਰਟ ਸਿਸਟਮ) ਲਈ ਨਾ ਤਾਂ ਵਿਉਂਤਬੰਦੀ ਕੀਤੀ ਗਈ ਅਤੇ ਨਾ ਹੀ ਸਿਆਸਤਦਾਨਾਂ ਤੇ ਪ੍ਰਸ਼ਾਸਕਾਂ ਨੇ ਇਸ ਵੱਲ ਧਿਆਨ ਦਿੱਤਾ। ਸਿੱਟੇ ਵਜੋਂ ਮੱਧ ਵਰਗ ਦਾ ਹਰ ਬੰਦਾ ਆਪਣੇ ਵਾਹਨ ’ਤੇ ਸਵਾਰ ਹੋਣ ਲਈ ਮਜਬੂਰ ਹੋਇਆ। ਕਈ ਸ਼ਹਿਰ ਤੇ ਮਹਾਂਨਗਰ ਧੂੰਏਂ ਨਾਲ ਭਰ ਗਏ ਹਨ। ਪਾਣੀਆਂ ਦੇ ਕੁਦਰਤੀ ਵਹਿਣ ਰੋਕਣ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ। ਦੇਰ-ਸਵੇਰ ਹਰ ਕਿਸੇ ਨੂੰ ਹੜ੍ਹਾਂ ਦਾ ਸੇਕ ਲੱਗਣਾ ਹੈ।
ਅੱਜਕੱਲ੍ਹ ਉੱਤਰੀ ਭਾਰਤ ਵਿਚ ਇਸ ਬਾਰੇ ਬਹੁਤ ਕੁਝ ਲਿਖਿਆ ਜਾ ਰਿਹਾ ਹੈ ਅਤੇ ਸਰਕਾਰਾਂ ਵੀ ਇਹ ਪ੍ਰਭਾਵ ਦੇ ਰਹੀਆਂ ਹਨ ਕਿ ਉਹ ਇਸ ਪ੍ਰਤੀ ਸੰਵੇਦਨਸ਼ੀਲ ਹਨ ਪਰ ਕੁਝ ਦਿਨ ਬਾਅਦ ਪਾਣੀ ਨੇ ਉਤਰ ਜਾਣਾ ਹੈ ਅਤੇ ਕੁਦਰਤੀ ਵਹਿਣਾਂ ਨੂੰ ਰੋਕ ਕੇ ਇਮਾਰਤਾਂ ਤੇ ਬਸਤੀਆਂ ਬਣਾਉਣ ਵਾਲਿਆਂ ਦੇ ਵੱਡੇ ਵੱਡੇ ਇਸ਼ਤਿਹਾਰ ਫਿਰ ਚਮਕਣ ਲੱਗ ਪੈਣੇ ਹਨ। ਕੁਦਰਤੀ ਵਹਿਣ ਰੋਕਣ ਦਾ ਰੁਝਾਨ ਸ਼ਹਿਰਾਂ ਤਕ ਸੀਮਤ ਨਹੀਂ; ਇਹ ਪਿੰਡਾਂ ਤੇ ਕਸਬਿਆਂ ਤਕ ਪਹੁੰਚ ਗਿਆ ਹੈ। ਮਨੁੱਖ ਜ਼ਮੀਨ ਦੇ ਹਰ ਟੋਟੇ ’ਤੇ ਕਬਜ਼ਾ ਕਰ ਕੇ ਉਸ ’ਤੇ ਖੇਤੀ ਕਰਨਾ ਜਾਂ ਇਮਾਰਤ ਉਸਾਰਨੀ ਚਾਹੁੰਦਾ ਹੈ।
ਕੁਝ ਅਰਥਸ਼ਾਸਤਰੀਆਂ ਅਤੇ ਵਿਉਂਤਕਾਰਾਂ ਨੇ ਵਿਕਾਸ ਦੇ ਇਸ ਮਾਡਲ ਨੂੰ ਲਲਕਾਰਿਆ ਹੈ। ਉਨ੍ਹਾਂ ਦੀਆਂ ਦਲੀਲਾਂ ਦਾ ਥੋੜ੍ਹਾ-ਬਹੁਤ ਅਸਰ ਤਾਂ ਹੁੰਦਾ ਹੈ ਪਰ ਸਰਮਾਏ ਦੇ ਧੁੱਸ ਸਾਹਮਣੇ ਉਨ੍ਹਾਂ ਦੀਆਂ ਦਲੀਲਾਂ ਉਦਾਂ ਹੀ ਵਹਿ ਜਾਂਦੀਆਂ ਹਨ ਜਿਵੇਂ ਹੜ੍ਹਾਂ ਵਿਚ ਘੱਟ ਸਾਧਨਾਂ ਵਾਲੇ ਲੋਕਾਂ ਦੇ ਮਕਾਨ ਤੇ ਝੁੱਗੀਆਂ। ਇਹੀ ਨਹੀਂ, ਇਸ ਵਿਕਾਸ ਮਾਡਲ ਨੇ ਸਾਡਾ ਸੋਚ-ਮਾਡਲ ਵੀ ਅਜਿਹੀ ਵਿਉਂਤ ਨਾਲ ਉਸਾਰਿਆ ਹੈ ਕਿ ਅਸੀਂ ਦੁਨੀਆ ਦੀਆਂ ਸਭ ਸ਼ੈਆਂ, ਘਰਾਂ, ਵਾਹਨਾਂ, ਇਮਾਰਤਾਂ, ਖੇਤੀ, ਸਨਅਤ, ਨੂੰ ਅਮਰੀਕੀ-ਪੱਛਮੀ ਯੂਰਪੀ ਆਈਨੇ ਰਾਹੀਂ ਵੇਖਦੇ ਹਾਂ; ਇਸ ਆਈਨੇ ਵਿਚ ਵੇਖਦਿਆਂ ਸਾਨੂੰ ਘਟੀਆਪਣ ਦਾ ਅਹਿਸਾਸ (ਅਹਿਸਾਸ-ਏ-ਕਮਤਰੀ) ਹੁੰਦਾ ਹੈ ਅਤੇ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਪਛੜੇ ਹੋਏ ਹਾਂ।
ਇਹ ਸਹੀ ਹੈ ਕਿ ਬਹੁਤ ਖੇਤਰਾਂ ਵਿਚ ਵਿਕਾਸਸ਼ੀਲ ਦੇਸ਼ ਪਛੜੇ ਹੋਏ ਹਨ; ਇਹ ਵੀ ਸਹੀ ਹੈ ਕਿ ਇਨ੍ਹਾਂ ਦੇਸ਼ਾਂ ਵਿਚ ਕਈ ਖੇਤਰਾਂ ਬਾਰੇ ਗਿਆਨ ਦੀ ਕਮੀ ਹੈ ਪਰ ਸਭ ਤੋਂ ਜ਼ਿਆਦਾ ਕਮੀ ਹੈ ਪ੍ਰਾਪਤ ਗਿਆਨ ਨੂੰ ਸੁਹਿਰਦਤਾ ਨਾਲ ਵਰਤਣ ਦੀ। ਇਸ ਕਮੀ ਕਾਰਨ ਵਿਕਾਸ ਦਾ ਇਕੋ-ਇਕ ਮਾਡਲ ਸਾਡੇ ਸਾਹਮਣੇ ਉਭਾਰਿਆ ਜਾਂਦਾ ਹੈ: ਗਗਨ-ਚੁੰਬਵੀਆਂ ਇਮਾਰਤਾਂ, ਤੇਜ਼ ਰਫ਼ਤਾਰ ਰੇਲ ਗੱਡੀਆਂ, ਲੰਮੀਆਂ ਲੰਮੀਆਂ ਕਾਰਾਂ ਆਦਿ। ਇਹ ਵਿਕਾਸ ਮਾਡਲ ਨਾ ਸਿਰਫ਼ ਉਚੇਰੇ ਵਰਗ ਦੇ ਵਿਕਾਸ ’ਤੇ ਕੇਂਦਰਿਤ ਹੈ ਸਗੋਂ ਇਸ ਵਿਕਾਸ ਦੀ ਵਾਗਡੋਰ ਵੀ ਕੁਝ ਵਿਅਕਤੀਆਂ ਤੇ ਕਾਰਪੋਰੇਟ ਅਦਾਰਿਆਂ ਦੇ ਹੱਥਾਂ ਵਿਚ ਸੌਂਪਦਾ ਹੈ। ਇਹ ਅਜਿਹਾ ਸੋਚ-ਮਾਡਲ ਵਿਕਸਿਤ ਕਰਦਾ ਹੈ ਜਿਸ ਕਾਰਨ ਸਾਡੇ ਆਗੂ ਤੇ ਪ੍ਰਸ਼ਾਸਕ ਵਿਕਾਸ ਦੇ ਨਵੇਂ ਤੋਂ ਨਵੇਂ ਮਾਡਲ ਦੇਖਣ ਲਈ ਅਮਰੀਕਾ ਤੇ ਪੱਛਮੀ ਯੂਰੋਪ ਦੇ ਦੇਸ਼ਾਂ ਵਿਚ ਵਾਰ ਵਾਰ ਗੇੜੇ ਮਾਰਦੇ ਹਨ; ਵਿਦਵਾਨ ਉੱਥੇ ਜਾ ਕੇ ਅਧਿਐਨ ਕਰਦੇ ਹਨ। ਉੱਥੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਜਿਸ ਵਿਚੋਂ ਬੁਨਿਆਦੀ ਇਹ ਹੈ ਕਿ ਸਾਨੂੰ ਆਪਣੇ ਹਾਲਾਤ ਮੁਤਾਬਿਕ ਸੋਚਣਾ, ਸਮਝਣਾ ਅਤੇ ਵਿਕਾਸ ਕਰਨਾ ਚਾਹੀਦਾ ਹੈ; ਪਰ ਨਹੀਂ, ਵਿਕਾਸਸ਼ੀਲ ਦੇਸ਼ਾਂ ਵਿਚ ਵਿਕਾਸ ਦੂਰ-ਭਵਿੱਖ ਨੂੰ ਸਾਹਮਣੇ ਰੱਖ ਕੇ ਨਹੀਂ ਕੀਤਾ ਜਾਂਦਾ ਸਗੋਂ ਲਾਲਚ, ਮੁਨਾਫ਼ੇ ਅਤੇ ਨੇੜ-ਭਵਿੱਖ ਵਿਚ ਚਮਕ-ਦਮਕ ਕਾਇਮ ਕਰਨ ਅਤੇ ਸਰਮਾਏ ਨੂੰ ਕੁਝ ਖ਼ਾਸ ਘਰਾਣਿਆਂ ਤੇ ਕਾਰਪੋਰੇਟ ਅਦਾਰਿਆਂ ਦੇ ਹੱਥਾਂ ਵਿਚ ਕੇਂਦਰਿਤ ਰੱਖਣ ਲਈ ਕੀਤਾ ਜਾਂਦਾ ਹੈ। ਇਸ ਕਾਰਨ ਵਿਕਾਸਸ਼ੀਲ ਦੇਸ਼ਾਂ ਵਿਚ ਇਕ ਪਾਸੇ ਚਮਕ-ਦਮਕ ਵਾਲਾ ਵਿਕਾਸ ਦਿਖਾਈ ਦਿੰਦਾ ਹੈ ਅਤੇ ਦੂਸਰੇ ਪਾਸੇ ਘੋਰ ਨਿਰਾਸ਼ਾਮਈ ਆਰਥਿਕ ਨਾਬਰਾਬਰੀ।
ਕੀ ਅਸੀਂ ਸਵੀਕਾਰ ਕੀਤੇ ਵਿਕਾਸ ਮਾਡਲ ਤੋਂ ਬਾਹਰ ਨਿਕਲ ਸਕਦੇ ਹਾਂ? ਜ਼ਰੂਰ ਨਿਕਲ ਸਕਦੇ ਹਾਂ, ਜੇ ਅਸੀਂ ਪ੍ਰਾਪਤ ਗਿਆਨ ਨੂੰ ਧਿਆਨ ਨਾਲ ਵਰਤੀਏ, ਹਰ ਵਿਕਾਸ ਯੋਜਨਾ ਅਪਣਾਉਣ ਤੋਂ ਪਹਿਲਾਂ ਇਹ ਧਿਆਨ ਰੱਖੀਏ ਕਿ ਉਹ ਯੋਜਨਾ ਵਾਤਾਵਰਨ ’ਤੇ ਕੀ ਅਸਰ ਪਾਏਗੀ; ਕੁਦਰਤ ਨਾਲ ਛੇੜ-ਛਾੜ ਕਰਨ ਤੋਂ ਪਹਿਲਾਂ ਉਨ੍ਹਾਂ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰੀਏ ਜਿਹੜੇ ਵਿਕਾਸ ਦੇ ਨਾਲ ਨਾਲ ਕਿਸੇ ਕਾਰਜ ਕਾਰਨ ਵਾਤਾਵਰਨ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਚਿੰਤਤ ਹਨ; ਜੇ ਕਿਸੇ ਯੋਜਨਾ ਕਾਰਨ ਵਾਤਾਵਰਨ ਨੂੰ ਖ਼ਤਰਾ ਪੈਦਾ ਹੁੰਦਾ ਹੈ ਤਾਂ ਉਸ ਨੂੰ ਅਮਲ ਵਿਚ ਨਾ ਲਿਆਈਏ ਅਤੇ ਉਸ ਨੂੰ ਨਿਆਂ-ਸੰਗਤ ਠਹਿਰਾਉਣ ਲਈ ਸਤਹੀ ਗਿਆਨ ਦੀਆਂ ਪਰਤਾਂ ਨਾ ਵਿਛਾਈਏ ਅਤੇ ਨਾਲ ਨਾਲ ਇਹ ਵੀ ਦੇਖੀਏ ਕਿ ਇਹ ਯੋਜਨਾ ਘੱਟ ਸਾਧਨਾਂ ਵਾਲੇ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਦੀ ਹੈ ਜਾਂ ਨਹੀਂ।
ਮੌਜੂਦਾ ਵਿਕਾਸ ਮਾਡਲ ਨੂੰ ਬਦਲਣ ਲਈ ਸਾਨੂੰ ਆਪਣਾ ਸੋਚ-ਮਾਡਲ ਬਦਲਣ ਦੀ ਜ਼ਰੂਰਤ ਹੈ। ਅਜੋਕੇ ਵਿਕਾਸ ਮਾਡਲ ਕਾਰਨ ਹੋ ਰਹੀ ਵਾਤਾਵਰਨ ਦੀ ਤਬਾਹੀ, ਵਧ ਰਹੀ ਆਲਮੀ ਤਪਸ਼ ਤੇ ਕੁਦਰਤੀ ਆਫ਼ਤਾਂ ਵਿਚ ਵਾਧਾ ਮੰਗ ਕਰਦੇ ਹਨ ਕਿ ਸਮਾਜ, ਸਰਕਾਰਾਂ, ਵਿਉਂਤਕਾਰ/ਯੋਜਨਾਕਾਰ, ਵਿਗਿਆਨੀ, ਅਰਥਸ਼ਾਸਤਰੀ, ਸਭ ਆਪਣੇ ਸੋਚ-ਮਾਡਲ ਨੂੰ ਬਦਲ ਕੇ ਅਜਿਹੇ ਸੋਚ-ਮਾਡਲ ਨੂੰ ਅਪਣਾਉਣ ਜਿਸ ਵਿਚ ਕੁਦਰਤ ਅਤੇ ਵਾਤਾਵਰਨ ਨੂੰ ਮਾਣ-ਸਨਮਾਨ ਮਿਲੇ।