ਅਪਰਾਧ ਦੇ ਅੰਕੜੇ
ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨ ਸੀ ਆਰ ਬੀ) ਦੁਆਰਾ ਜਾਰੀ ਕੀਤੀ ਤਾਜ਼ਾ ਰਿਪੋਰਟ ਵਿੱਚ ਕੁਝ ਬਹੁਤ ਮਹੱਤਵਪੂਰਨ ਅੰਕੜੇ ਹਨ। 2023 ਵਿੱਚ ਸਾਈਬਰ ਅਪਰਾਧ ਦੀਆਂ ਘਟਨਾਵਾਂ ਵਿੱਚ 31.2 ਫ਼ੀਸਦੀ ਦਾ ਤਿੱਖਾ ਵਾਧਾ ਦੇਖਣ ਨੂੰ ਮਿਲਿਆ ਹੈ। ਅਗਲੇ ਸਾਲਾਂ ਲਈ ਇਹ ਅੰਕੜੇ ਯਕੀਨੀ ਤੌਰ ’ਤੇ ਇਸ ਤੋਂ ਕਿਤੇ ਵੱਧ ਹੋਣਗੇ। ਇਹ ਤੱਥ ਇਸ ਗੱਲ ਦੀ ਗਵਾਹੀ ਹੈ ਕਿ ਆਨਲਾਈਨ ਧੋਖਾਧੜੀ ਨਾਲ ਨਜਿੱਠਣਾ ਕਿੰਨਾ ਮੁਸ਼ਕਿਲ ਹੋ ਰਿਹਾ ਹੈ। ਅਨੁਸੂਚਿਤ ਕਬੀਲਿਆਂ ਵਿਰੁੱਧ ਅਪਰਾਧਾਂ ਵਿੱਚ 28 ਫ਼ੀਸਦੀ ਦਾ ਵਾਧਾ ਹੋਇਆ ਹੈ। ਮਈ 2023 ਤੋਂ ਨਸਲੀ ਹਿੰਸਾ ਨਾਲ ਜੂਝ ਰਹੇ ਮਨੀਪੁਰ ਵਿੱਚ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲਿਆ- ਇਸ ਸ਼੍ਰੇਣੀ ਅਧੀਨ 2022 ਵਿੱਚ ਸਿਰਫ਼ ਇੱਕ ਕੇਸ ਦਰਜ ਹੋਣ ਦੇ ਮੁਕਾਬਲੇ, ਇੱਥੇ 3399 ਕੇਸ ਦਰਜ ਹੋਏ ਹਨ। ਇਹ ਯਾਦ ਕਰਾਉਂਦਾ ਹੈ ਕਿ ਉੱਤਰ-ਪੂਰਬੀ ਰਾਜ ਵਿੱਚ ਦਰਾੜਾਂ ਬਹੁਤ ਡੂੰਘੀਆਂ ਹਨ ਅਤੇ ਹਾਲਾਤ ਆਮ ਕਰਨ ਲਈ ਲਗਾਤਾਰ ਯਤਨਾਂ ਦੀ ਬਹੁਤ ਲੋੜ ਹੈ। 2023 ਵਿੱਚ ਦਿੱਲੀ ’ਚ ਜਬਰ-ਜਨਾਹ ਦੇ 1088 ਕੇਸ ਦਰਜ ਹੋਏ, ਜੋ 19 ਮਹਾਨਗਰਾਂ ਵਿੱਚੋਂ ਸਭ ਤੋਂ ਵੱਧ ਹਨ। ਸਮੁੱਚੇ ਤੌਰ ’ਤੇ ਔਰਤਾਂ ਵਿਰੁੱਧ ਅਪਰਾਧਾਂ ਵਿੱਚ 2022 ਦੇ ਮੁਕਾਬਲੇ 5.59 ਫ਼ੀਸਦੀ ਦੀ ਕਮੀ ਆਈ ਹੈ। ਇਸ ਸ਼੍ਰੇਣੀ ’ਚ ਅਪਰਾਧਾਂ ਦੀ ਰਿਪੋਰਟ ਕਾਫ਼ੀ ਘੱਟ ਹੋਣ ਨੂੰ ਧਿਆਨ ਵਿੱਚ ਰੱਖਦਿਆਂ ਇਹ ਅੰਕੜੇ ਡੂੰਘੀ ਚਿੰਤਾ ਦਾ ਵਿਸ਼ਾ ਹਨ।
ਅਪਰਾਧਾਂ ਦੇ ਅੰਕੜਿਆਂ ਨੂੰ ਇਕੱਠਾ ਕਰਨ ਅਤੇ ਮੇਲਣ ਲਈ ਕੌਮੀ ਪ੍ਰਣਾਲੀ ਦੇ ਤੌਰ ’ਤੇ, ਐੱਨ ਸੀ ਆਰ ਬੀ ਰਿਪੋਰਟ ਮਹੱਤਵਪੂਰਨ ਰਾਹ ਮੁਹੱਈਆ ਕਰਦੀ ਹੈ। ਸਵਾਲ ਇਹ ਹੈ ਕਿ ਕੀ ਇਹ ਨੀਤੀਆਂ ’ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰਦੀ ਹੈ? ਇੱਕ ਵਿਚਾਰ ਤਾਂ ਉਹ ਹੈ ਜੋ ਅੰਕੜਿਆਂ ਨੂੰ ਵੱਖੋ-ਵੱਖਰਾ ਕਰ ਕੇ ਦੇਖਣ ਵਿਰੁੱਧ ਚਿਤਾਵਨੀ ਦਿੰਦਾ ਹੈ। ਇਸ ’ਤੇ ਵੀ ਜ਼ੋਰ ਦਿੱਤਾ ਜਾਂਦਾ ਹੈ ਕਿ ਜੀਵਨ ਅਤੇ ਅਪਰਾਧਾਂ ਦੇ ਆਪਸੀ ਸਬੰਧ ਦੀ ਵਿਆਪਕ ਸਮਝ ਜ਼ਰੂਰੀ ਹੈ। ਇਸ ਲਈ ਸਿਰਫ਼ ਅੰਕੜਿਆਂ ਨੂੰ ਗਿਣਾਤਮਕ ਤੌਰ ’ਤੇ ਇਕੱਠਾ ਕਰਨ ਦੀ ਹੀ ਲੋੜ ਨਹੀਂ, ਸਗੋਂ ਗੁਣਾਤਮਕ ਮੁਲਾਂਕਣ ਦੀ ਵੀ ਲੋੜ ਹੈ; ਜਿਵੇਂ, ਲੋਕਾਂ ਅਤੇ ਸੰਸਥਾਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ-ਰਾਜਨੀਤਕ ਕਾਰਕਾਂ ਦਾ ਅਧਿਐਨ ਕਰਨਾ ਅਤੇ ਕੁਝ ਹੋਰ ਨੁਕਤੇ। ਵਿਕਾਸ ਦਾ ਪੱਧਰ, ਨਿਆਂਪਾਲਿਕਾ ਦਾ ਕੰਮਕਾਜ ਅਤੇ ਪੁਲੀਸ ਦੀ ਭੂਮਿਕਾ ਸਾਰੇ ਮਹੱਤਵਪੂਰਨ ਪਹਿਲੂ ਹਨ ਜਿਨ੍ਹਾਂ ’ਤੇ ਵਿਚਾਰ ਕਰਨ ਦੀ ਲੋੜ ਹੈ।
ਉਂਝ, ਪਿਛੋਕੜ ਅਤੇ ਪ੍ਰਸੰਗ ਦੀ ਸਮਝ ਤੋਂ ਬਿਨਾਂ, ਸੱਚ ਦੇ ਪ੍ਰਤੀਕ ਵਜੋਂ ਅੰਕੜੇ ਗੁਮਰਾਹਕੁਨ ਵੀ ਹੋ ਸਕਦੇ ਹਨ। ਅਪਰਾਧ ਰਿਕਾਰਡ ਬਿਊਰੋ ਦੀ ਰਿਪੋਰਟ ਸ਼ਾਇਦ ਕੋਈ ਮੁਕੰਮਲ ਤਸਵੀਰ ਪੇਸ਼ ਨਾ ਕਰੇ, ਪਰ ਇਹ ਮਹੱਤਵਪੂਰਨ ਸੰਕੇਤ ਜ਼ਰੂਰ ਦਿੰਦੀ ਹੈ। ਹੁਣ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਅੰਕੜਿਆਂ ਦੀ ਬਿਹਤਰ ਵਰਤੋਂ ਕਿਵੇਂ ਕੀਤੀ ਜਾਵੇ ਤਾਂ ਕਿ ਇਨ੍ਹਾਂ ਘਟਨਾਵਾਂ ’ਤੇ ਕਾਬੂ ਪਾਉਣ ਜਾਂ ਇਨ੍ਹਾਂ ਨੂੰ ਠੱਲ੍ਹ ਪਾਉਣ ਲਈ ਕਾਰਗਰ ਕਾਰਵਾਈ ਕੀਤੀ ਜਾ ਸਕੇ। ਇਹ ਮਸਲਾ ਬਹੁਤ ਸੰਵੇਦਨਸ਼ੀਲ ਹੈ ਅਤੇ ਇਸ ਪਾਸੇ ਪਹਿਲ ਦੇ ਆਧਾਰ ’ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ।