ਕ੍ਰਿਕਟ ’ਚ ਕੁੜੱਤਣ
ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਕੁੜੱਤਣ ਭਰਿਆ ਅਹਿਸਾਸ ਪਿੱਛੇ ਛੱਡ ਗਿਆ ਹੈ ਜੋ ਜਲਦੀ ਭੁਲਾਇਆ ਨਹੀਂ ਜਾ ਸਕੇਗਾ। ਪਹਿਲਗਾਮ ਅਤਿਵਾਦੀ ਹਮਲੇ ਅਤੇ ਅਪਰੇਸ਼ਨ ਸਿੰਧੂਰ ਤੋਂ ਬਾਅਦ ਪਹਿਲੀ ਵਾਰ ਇੱਕ ਦੂਜੇ ਵਿਰੁੱਧ ਖੇਡਦਿਆਂ ਭਾਰਤ ਅਤੇ ਪਾਕਿਸਤਾਨ ਭੂ-ਰਾਜਨੀਤਕ ਤਣਾਅ ਦਾ ਬੋਝ ਬਰਦਾਸ਼ਤ ਨਹੀਂ ਕਰ ਸਕੇ। ‘ਹੱਥ ਨਾ ਮਿਲਾਉਣ’ ਵਾਲੇ ਵਿਵਾਦ ’ਚੋਂ ਉਹ ਕੁੜੱਤਣ ਦਿਸੀ ਜਿਸ ਨੇ ਕ੍ਰਿਕਟ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਅਤੇ ਜਿਵੇਂ-ਜਿਵੇਂ ਟੂਰਨਾਮੈਂਟ ਅੱਗੇ ਵਧਿਆ, ਹਾਲਾਤ ਹੋਰ ਵਿਗੜ ਗਏ। ਏਸ਼ੀਆ ਕੱਪ ਦਾ ਫਾਈਨਲ, ਜੋ ਅਕਤੂਬਰ 2022 ਦੇ ਰੁਮਾਂਚਕ ਮੈਲਬਰਨ ਮੁਕਾਬਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਖੇਡਿਆ ਗਿਆ ਸਭ ਤੋਂ ਦਿਲਚਸਪ ਮੈਚ ਸੀ, ਨਾਟਕੀ ਘਟਨਾਕ੍ਰਮ ਦਾ ਸ਼ਿਕਾਰ ਹੋ ਗਿਆ। ਭਾਰਤੀ ਟੀਮ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਅਤੇ ਪਾਕਿਸਤਾਨ ਦੇ ਮੰਤਰੀ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਹੀ ਇਨਕਾਰ ਕਰ ਦਿੱਤਾ। ਇਸ ਅਪਮਾਨ ਤੋਂ ਨਾਰਾਜ਼ ਹੋ ਕੇ ਉਹ ਟਰਾਫੀ ਲੈ ਕੇ ਸਟੇਡੀਅਮ ’ਚੋਂ ਚਲੇ ਗਏ। ਇਸ ਤੋਂ ਬੇਪਰਵਾਹ, ਜੇਤੂਆਂ ਨੇ ਖਿਆਲੀ ਟਰਾਫੀ ਨਾਲ ਪੋਜ਼ ਦਿੱਤਾ, ਭਾਵੇਂ ਮੈਦਾਨ ’ਚ ਹੋ ਰਹੀ ਆਤਿਸ਼ਬਾਜ਼ੀ ਬੇਕਾਰ ਹੀ ਇਹ ਪ੍ਰਭਾਵ ਦੇਣ ਦਾ ਯਤਨ ਕਰ ਰਹੀ ਸੀ ਕਿ ‘ਸਭ ਠੀਕ ਹੈ’।
ਇਸ ਟੂਰਨਾਮੈਂਟ ਨੂੰ ਗ਼ਲਤ ਕਾਰਨਾਂ ਕਰ ਕੇ ਯਾਦ ਕੀਤਾ ਜਾਵੇਗਾ। ਇਹ ਮੰਦਭਾਗਾ ਹੈ, ਕਿਉਂਕਿ ਇਸ ਨੇ ਭਾਰਤ ਦੇ ਤੇਜ਼ ਤਰਾਰ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ, ਸਪਿਨ ਦੇ ਜਾਦੂਗਰ ਕੁਲਦੀਪ ਯਾਦਵ, ਪਾਕਿਸਤਾਨ ਦੇ ਸਾਹਿਬਜ਼ਾਦਾ ਫਰਹਾਨ ਅਤੇ ਸ਼ਾਹੀਨ ਸ਼ਾਹ ਅਫਰੀਦੀ ਤੇ ਸ੍ਰੀਲੰਕਾ ਦੇ ਪਥੁਮ ਨਿਸਾਂਕਾ ਦਾ ਯਾਦਗਾਰੀ ਪ੍ਰਦਰਸ਼ਨ ਦੇਖਿਆ ਹੈ ਤੇ ਨਾਲ ਹੀ ਤਿਲਕ ਵਰਮਾ ਦੀ ਫਾਈਨਲ ਜਿਤਾਉਣ ਵਾਲੀ ਸਭ ਤੋਂ ਮਹੱਤਵਪੂਰਨ ਪਾਰੀ ਦਾ ਵੀ ਇਹ ਗਵਾਹ ਬਣਿਆ; ਹਾਲਾਂਕਿ ਇਹ ਸਭ ਕੁਝ ਸਿਆਸੀ ਸ੍ਰੇਸ਼ਠਤਾ ਅਤੇ ਅੰਧ-ਰਾਸ਼ਟਰਵਾਦ ਦੇ ਹੇਠਾਂ ਦੱਬਿਆ ਗਿਆ। ਸ਼ਿਕਾਇਤਾਂ ਦਾ ਦੌਰ ਤੇਜ਼ੀ ਨਾਲ ਚੱਲਿਆ, ਕਿਉਂਕਿ ਵੱਡੇ-ਵੱਡੇ ਲੋਕ ਵੀ ਸ਼ਰਾਰਤੀ ਸਕੂਲੀ ਬੱਚਿਆਂ ਵਾਂਗ ਵਿਹਾਰ ਕਰਦੇ ਰਹੇ।
ਇਹ ਅਫ਼ਸੋਸਜਨਕ ਹੈ ਕਿ ਦੋਵਾਂ ਪਾਸਿਆਂ ਦੇ ਕੁਝ ਖਿਡਾਰੀਆਂ ਨੇ ਆਪਣੇ ਆਪ ਨੂੰ ਇੱਕ ਕਿਸਮ ਦੀ ‘ਪ੍ਰੌਕਸੀ’ ਜੰਗ ਵਿੱਚ ਮੋਹਰਿਆਂ ਵਜੋਂ ਵਰਤੇ ਜਾਣ ਦੀ ਇਜਾਜ਼ਤ ਦਿੱਤੀ। ਭਾਰਤੀ ਟੀਮ ’ਤੇ ਬਹੁਤ ਜ਼ਿਆਦਾ ਦਬਾਅ ਸੀ- ਪੂਰੇ ਦੇਸ਼ ਵਿੱਚ ਜਨਤਾ ਦੀ ਭਾਵਨਾ ਆਮ ਤੌਰ ’ਤੇ ਪਾਕਿਸਤਾਨ ਨਾਲ ਖੇਡਣ ਦੇ ਹੱਕ ਵਿੱਚ ਨਹੀਂ ਸੀ। ਜਨਤਾ ਦੇ ਗੁੱਸੇ ਦੇ ਡਰੋਂ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਟੀਮ ਨੂੰ ਆਪਣੇ ਹਮਵਤਨਾਂ ਨੂੰ ਸ਼ਾਂਤ ਅਤੇ ਖੁਸ਼ ਕਰਨ ਲਈ ਨਿਰਾਸ਼ਾਜਨਕ ਕਦਮ ਚੁੱਕਣੇ ਪਏ। ਭਾਰਤ ਨੂੰ ਹਰਾਉਣ ਵਿੱਚ ਆਪਣੀ ਨਾਕਾਮੀ ਤੋਂ ਨਿਰਾਸ਼ ਹੋਏ ਪਾਕਿਸਤਾਨੀਆਂ ਨੇ ਵੀ ਸਭ ਤੋਂ ਹਲਕੇ ਪੱਧਰ ’ਤੇ ਡਿੱਗਣ ਵਿੱਚ ਕੋਈ ਝਿਜਕ ਨਹੀਂ ਦਿਖਾਈ। ਆਖ਼ਿਰ ’ਚ ਹਾਰ ਕ੍ਰਿਕਟ ਦੀ ਹੋਈ, ਜੋ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਜਾਣਿਆ ਜਾਂਦਾ ਸੀ ਤੇ ਟੂਰਨਾਮੈਂਟ ’ਚ ਬਿਖਰਿਆ ਹੋਇਆ ਨਜ਼ਰ ਆਇਆ। ਜਿਹੜੀਆਂ ਹੱਦਾਂ ਪਾਰ ਕੀਤੀਆਂ ਗਈਆਂ ਹਨ, ਉਹ ਉਪ ਮਹਾਂਦੀਪ ਦੀ ਇਸ ਸਭ ਤੋਂ ਹਰਮਨਪਿਆਰੀ ਖੇਡ ਲਈ ਚੰਗਾ ਸੰਕੇਤ ਨਹੀਂ ਹੈ। ਅਗਾਂਹ ਤੋਂ ਕੋਸਿ਼ਸ਼ ਇਹ ਹੋਣੀ ਚਾਹੀਦੀ ਹੈ ਕਿ ਖੇਡਾਂ ਵਿੱਚ ਅਜਿਹੀ ਸੌੜੀ ਸਿਆਸਤ ਨਾ ਕੀਤੀ ਜਾਵੇ। ਉਂਝ, ਇਹ ਸਾਰਾ ਕੁਝ ਸਿਆਸਤਦਾਨਾਂ ਦੀ ਪਹੁੰਚ ’ਤੇ ਨਿਰਭਰ ਹੈ, ਤੇ ਸਿਆਸਤਦਾਨ ਅੱਜ ਕੱਲ੍ਹ ਮੁਹੱਬਤ ਦੀ ਥਾਂ ਨਫ਼ਰਤ ਨੂੰ ਤਰਜੀਹ ਦੇ ਰਹੇ ਹਨ।