ਬਿਸ਼ਨੋਈ ’ਤੇ ਸ਼ਿਕੰਜਾ
ਕੈਨੇਡਾ ਵੱਲੋਂ ਬਿਸ਼ਨੋਈ ਗੈਂਗ ਨੂੰ ‘ਡਰ ਤੇ ਅਸੁਰੱਖਿਆ ਦਾ ਮਾਹੌਲ’ ਪੈਦਾ ਕਰਨ ਲਈ ਅਤਿਵਾਦੀ ਸੰਗਠਨ ਐਲਾਨਣਾ ਇਸ ਕੌਮਾਂਤਰੀ ਅਪਰਾਧਕ ਸਿੰਡੀਕੇਟ ਬਾਰੇ ਭਾਰਤ ਦੇ ਫ਼ਿਕਰਾਂ ਦੀ ਪੁਸ਼ਟੀ ਕਰਦਾ ਹੈ। ਇਹ ਗੈਂਗਸਟਰ-ਅਤਿਵਾਦੀਆਂ ਦੇ ਗੱਠਜੋੜ ’ਤੇ ਸ਼ਿਕੰਜਾ ਕੱਸਣ ਦੀ ਸਵਾਗਤ ਵਾਲੀ ਕੋਸ਼ਿਸ਼ ਵੀ ਹੈ, ਜਿਸ ਨੇ ਦੋਵਾਂ ਦੇਸ਼ਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਪੱਬਾਂ ਭਾਰ ਕੀਤਾ ਹੋਇਆ ਹੈ। ਇਸ ਗੈਂਗ ਦੀ ਅਗਵਾਈ ਲਾਰੈਂਸ ਬਿਸ਼ਨੋਈ ਕਰ ਰਿਹਾ ਹੈ, ਜਿਸ ਨੇ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਬਿਨਾਂ ਕਿਸੇ ਭੈਅ ਦੇ ਗੰਭੀਰ ਅਪਰਾਧਾਂ ਨੂੰ ਅੰਜਾਮ ਦਿੱਤਾ ਹੈ। ਇਸ ਗੈਂਗ ’ਤੇ ਹਾਲ ਹੀ ਦੇ ਸਾਲਾਂ ਵਿੱਚ ਕੁਝ ਪ੍ਰਮੁੱਖ ਹਸਤੀਆਂ ਦੀਆਂ ਹੱਤਿਆਵਾਂ ਵਿੱਚ ਸ਼ਾਮਿਲ ਹੋਣ ਦਾ ਦੋਸ਼ ਲੱਗਿਆ ਹੈ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ। ਇਸ ਸਿੰਡੀਕੇਟ ਦਾ ਨਾਂ ਮੁੰਬਈ ਵਿੱਚ ਬੌਲੀਵੁੱਡ ਸਟਾਰ ਸਲਮਾਨ ਖਾਨ ਅਤੇ ਕੈਨੇਡਾ ਵਿੱਚ ਪੰਜਾਬੀ ਕਲਾਕਾਰਾਂ ਏ ਪੀ ਢਿੱਲੋਂ ਅਤੇ ਗਿੱਪੀ ਗਰੇਵਾਲ ਦੇ ਘਰਾਂ ਦੇ ਬਾਹਰ ਹੋਈਆਂ ਗੋਲੀਬਾਰੀਆਂ ਦੀਆਂ ਘਟਨਾਵਾਂ ਨਾਲ ਵੀ ਜੁੜਿਆ ਹੋਇਆ ਹੈ।
ਦਿੱਲੀ ਅਤੇ ਓਟਵਾ ਨੇ ਸਹਿਯੋਗ ਵਧਾ ਦਿੱਤਾ ਹੈ, ਕਿਉਂਕਿ ਬਿਸ਼ਨੋਈ ਉੱਤੇ ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਜਬਰੀ ਵਸੂਲੀ ਦਾ ਰੈਕੇਟ ਚਲਾਉਣ ਦਾ ਦੋਸ਼ ਵੀ ਹੈ, ਜਿਸ ਦੇ (ਗੋਲਡੀ ਦੇ) ਖਾਲਿਸਤਾਨ ਪੱਖੀ ਅਤਿਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਨੇੜਲੇ ਸਬੰਧ ਹਨ। ਆਪਸੀ ਫੁੱਟ ਅਤੇ ਦਗੇਬਾਜ਼ੀ ਨੇ ਬਿਸ਼ਨੋਈ ਗੈਂਗ ਨੂੰ ਕਮਜ਼ੋਰ ਕਰ ਦਿੱਤਾ ਹੈ ਅਤੇ ਇਸ ’ਚ ਦੋਵਾਂ ਦੇਸ਼ਾਂ ਨੂੰ ਮੌਕਾ ਮਿਲਿਆ ਹੈ ਕਿ ਉਹ ਇਨ੍ਹਾਂ ਕੱਟੜ ਅਪਰਾਧੀਆਂ ’ਤੇ ਸ਼ਿਕੰਜਾ ਕੱਸਣ।
ਅਤਿਵਾਦੀ ਸੰਗਠਨ ਦਾ ਠੱਪਾ ਫੈਡਰਲ ਸਰਕਾਰ ਨੂੰ ਜਾਇਦਾਦ, ਵਾਹਨ ਅਤੇ ਪੈਸਾ ਜ਼ਬਤ ਜਾਂ ਬਲੌਕ ਕਰਨ ਦਾ ਅਧਿਕਾਰ ਦਿੰਦਾ ਹੈ ਤੇ ਨਾਲ ਹੀ ਕੈਨੇਡੀਅਨ ਅਧਿਕਾਰੀਆਂ ਨੂੰ ਅਤਿਵਾਦ ਦੇ ਮਾਮਲਿਆਂ ਵਿੱਚ ਅਪਰਾਧੀਆਂ ’ਤੇ ਮੁਕੱਦਮਾ ਚਲਾਉਣ ਲਈ, ਜਿਸ ਵਿੱਚ ਫੰਡਿੰਗ ਨਾਲ ਸਬੰਧਿਤ ਮਾਮਲੇ ਵੀ ਸ਼ਾਮਿਲ ਹਨ, ਵਾਧੂ ਸਾਧਨ ਪ੍ਰਦਾਨ ਕਰਦਾ ਹੈ। ਕੈਨੇਡੀਅਨ ਅਥਾਰਿਟੀਆਂ ਦੀ ਵਧੀ ਹੋਈ ਚੌਕਸੀ ਦਿੱਲੀ ਨੂੰ ਉਨ੍ਹਾਂ ਵਿਅਕਤੀਆਂ ਅਤੇ ਗਰੁੱਪਾਂ ਬਾਰੇ ਜ਼ਰੂਰੀ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਮਦਦ ਕਰ ਸਕਦੀ ਹੈ ਜੋ ਭਾਰਤ ਵਿੱਚ ਮੁਸੀਬਤ ਖੜ੍ਹੀ ਕਰਨ ਦੀ ਤਾਕ ਵਿੱਚ ਹਨ। ਕੈਨੇਡਾ ਵੱਲੋਂ ਜਨਤਕ ਸੁਰੱਖਿਆ ’ਤੇ ਦਿੱਤਾ ਗਿਆ ਜ਼ੋਰ ਦਰਸਾਉਂਦਾ ਹੈ ਕਿ ਉਨ੍ਹਾਂ ਗੈਂਗਸਟਰਾਂ, ਅਤਿਵਾਦੀਆਂ ਅਤੇ ਵੱਖਵਾਦੀਆਂ ਵੱਲੋਂ ਆਪਣੇ ਨਾਗਰਿਕਾਂ ਲਈ ਪੈਦਾ ਕੀਤੇ ਗਏ ਗੰਭੀਰ ਖ਼ਤਰੇ ਨੂੰ ਸਵੀਕਾਰਿਆ ਹੈ। ਮੁਕੰਮਲ ਸਖ਼ਤੀ ਦੀ ਇਹ ਨੀਤੀ ਭਾਰਤ ਦੇ ਆਪਣੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਯਤਨਾਂ ਨੂੰ ਹੋਰ ਹੁਲਾਰਾ ਦੇਵੇਗੀ।