ਨਾਈਜਰ ’ਚ ਰਾਜ ਪਲਟਾ
ਨਾਈਜਰ (Niger) ਉੱਤਰ-ਪੱਛਮੀ ਅਫਰੀਕਾ ਵਿਚ ਸਥਿਤ ਦੇਸ਼ ਹੈ। ਇਸ ਦੀ ਪੂਰਬੀ ਹੱਦ ਚਾਡ ਤੇ ਲਬਿੀਆ ਅਤੇ ਪੱਛਮੀ ਹੱਦ ਮਾਲੀ, ਬੈਨਿਨ ਤੇ ਬੁਰਕੀਨਾ ਫਾਸੋ ਨਾਲ ਲੱਗਦੀ ਹੈ। ਇਸ ਦੇ ਦੱਖਣ ਵਿਚ ਨਾਈਜੀਰੀਆ ਅਤੇ ਉੱਤਰ ਵਿਚ ਅਲਜੀਰੀਆ ਤੇ ਲਬਿੀਆ ਹਨ। 2.5 ਕਰੋੜ ਦੀ ਵਸੋਂ ਵਾਲਾ ਇਹ ਦੇਸ਼ ਸਰਕਾਰ ਦਾ ਤਖਤਾ ਪਲਟਾਏ ਜਾਣ ਕਾਰਨ ਖ਼ਬਰਾਂ ਵਿਚ ਹੈ। ਇਹ ਦੇਸ਼ 1900 ਤੋਂ 1950 ਤਕ ਫਰਾਂਸ ਦੀ ਬਸਤੀ ਰਿਹਾ। ਆਜ਼ਾਦੀ ਤੋਂ ਬਾਅਦ ਇਹ ਪਹਿਲਾਂ ਇਕ ਪਾਰਟੀ ਰਾਜ ਤੇ ਫਿਰ ਫ਼ੌਜੀ ਹਕੂਮਤ ਹੇਠ ਰਿਹਾ। 1991 ’ਚ ਜਮਹੂਰੀਅਤ ਬਹਾਲ ਹੋਈ ਪਰ 1996 ’ਚ ਫਿਰ ਫੌਜੀ ਰਾਜ ਪਲਟਾ ਹੋ ਗਿਆ। 1999-2009 ਦੌਰਾਨ ਜਮਹੂਰੀ ਨਿਜ਼ਾਮ ਰਿਹਾ ਤੇ 2009-2010 ਦੌਰਾਨ ਫ਼ੌਜੀ ਹਕੂਮਤ। 2010 ’ਚ ਜਮਹੂਰੀਅਤ ਬਹਾਲ ਹੋਈ ਤੇ ਨਵਾਂ ਸੰਵਿਧਾਨ ਬਣਿਆ। 2020 ਦੀਆਂ ਚੋਣਾਂ ’ਚ ਮੁਹੰਮਦ ਬਜ਼ੋਮ (Mohamed Bazoum) ਰਾਸ਼ਟਰਪਤੀ ਬਣਿਆ। ਹੁਣ 26 ਜੁਲਾਈ ਨੂੰ ਹੋਏ ਰਾਜ ਪਲਟੇ ’ਚ ਫ਼ੌਜੀ ਹਕੂਮਤ ਸੱਤਾ ’ਚ ਆ ਗਈ ਹੈ। ਨਾਈਜਰ ਦੇ 99% ਤੋਂ ਜ਼ਿਆਦਾ ਵਾਸੀ ਮੁਸਲਿਮ ਹਨ। 2010 ਦੇ ਸੰਵਿਧਾਨ ਅਨੁਸਾਰ ਇਹ ਧਰਮ-ਨਿਰਪੱਖ ਦੇਸ਼ ਹੈ ਪਰ ਹੁਣ ਸੱਤਾ ਵਿਚ ਆਈ ਫ਼ੌਜੀ ਹਕੂਮਤ ਦੇ ਬੁਲਾਰਿਆਂ ਅਨੁਸਾਰ 2010 ਦਾ ਸੰਵਿਧਾਨ ਰੱਦ ਕਰ ਦਿੱਤਾ ਗਿਆ ਹੈ।
ਨਾਈਜਰ ’ਚ ਮੁਸਲਿਮ ਮੂਲਵਾਦੀ ਸੰਗਠਨ ਸਰਕਾਰ ਦਾ ਵਿਰੋਧ ਕਰਦੇ ਰਹੇ ਹਨ; ਇਨ੍ਹਾਂ ’ਚ ਕਈਆਂ ਦੇ ਅੱਡੇ ਮਾਲੀ ਵਿਚ ਹਨ ਅਤੇ ਕਈਆਂ ਦੇ ਨਾਈਜੀਰੀਆ ਵਿਚ। ਮਾਲੀ ਦੀ ਹਕੂਮਤ ਰੂਸ ਦੇ ਨਿੱਜੀ ਖੇਤਰ ਦੀ ਕੰਪਨੀ ਵੈਗਨਰ ਦੇ ਲੜਾਕਿਆਂ ’ਤੇ ਨਿਰਭਰ ਕਰਦੀ ਹੈ। ਮੁਹੰਮਦ ਬਾਜ਼ੋਮ ਦੀ ਸਰਕਾਰ ਜਿਸ ਦਾ ਤਖਤਾ ਪਲਟਿਆ ਗਿਆ ਹੈ, ਮੁੱਖ ਤੌਰ ’ਤੇ ਫਰਾਂਸ ’ਤੇ ਨਿਰਭਰ ਕਰਦੀ ਸੀ। ਵੈਗਨਰ ਗਰੁੱਪ ਦੇ ਮੁਖੀ ਯਵਗੇਨੀ ਪ੍ਰਿਗੋਜ਼ਿਨ ਨੇ ਨਾਈਜਰ ਵਿਚ ਹੋਏ ਤਖਤੇ ਪਲਟ ਦਾ ਸਵਾਗਤ ਕੀਤਾ ਅਤੇ ਇਸ ਨੂੰ ਨਾਈਜਰ ਦੀ ਅਸਲੀ ਆਜ਼ਾਦੀ ਦੱਸਿਆ ਹੈ। ਅਮਰੀਕਾ, ਫਰਾਂਸ, ਯੂਰੋਪੀਅਨ ਯੂਨੀਅਨ ਅਤੇ ਅਫਰੀਕਨ ਯੂਨੀਅਨ ਨੇ ਤਖਤ ਪਲਟੇ ਨੂੰ ਮੰਦਭਾਗਾ ਦੱਸਦਿਆਂ ਮੰਗ ਕੀਤੀ ਹੈ ਕਿ ਫ਼ੌਜ ਨੂੰ ਵਾਪਸ ਬੈਰਕਾਂ ਵਿਚ ਚਲੇ ਜਾਣਾ ਚਾਹੀਦਾ ਹੈ। ਇਨ੍ਹਾਂ ਬਿਆਨਾਂ ਨੇ ਘਟਨਾਕ੍ਰਮ ’ਤੇ ਕੋਈ ਜ਼ਿਆਦਾ ਅਸਰ ਨਹੀਂ ਪਾਉਣਾ ਕਿਉਂਕਿ ਅਮਰੀਕਾ, ਫਰਾਂਸ, ਰੂਸ ਅਤੇ ਹੋਰ ਦੇਸ਼ ਨਾਈਜਰ ਵਿਚ ਆਪਣਾ ਪ੍ਰਭਾਵ ਕਾਇਮ ਕਰਨਾ/ਰੱਖਣਾ ਚਾਹੁੰਦੇ ਹਨ। ਮੁੱਖ ਨਿਸ਼ਾਨਾ ਨਾਈਜਰ ਦੇ ਕੁਦਰਤੀ ਖਜ਼ਾਨੇ ਹਨ; ਇਹ ਦੇਸ਼ ਯੂਰੇਨੀਅਮ ਦਾ ਭੰਡਾਰ ਹੈ।
ਬਸਤੀਵਾਦ ਨੇ ਜਿੱਥੇ ਏਸ਼ੀਆ ਤੇ ਲਾਤੀਨੀ ਅਮਰੀਕਾ ਦੇਸ਼ਾਂ ਨੂੰ ਦਰੜਿਆ ਉੱਥੇ ਅਫਰੀਕਾ ਦੇ ਕਈ ਦੇਸ਼ਾਂ ਨੂੰ ਬਰਬਾਦ ਕਰ ਦਿੱਤਾ। ਉੱਥੇ ਕਬਾਇਲੀ ਆਧਾਰ ’ਤੇ ਵੰਡੀਆਂ ਪਾ ਕੇ ਨਫ਼ਰਤ ਵਧਾਈ। ਆਜ਼ਾਦੀ ਤੋਂ ਬਾਅਦ ਵੀ ਬਸਤੀਵਾਦੀ ਤਾਕਤਾਂ ਨੇ ਉਸ ਨਫ਼ਰਤ ਅਤੇ ਨਫ਼ਰਤ ਤੋਂ ਪੈਦਾ ਹੁੰਦੀ ਹਿੰਸਾ ਨੂੰ ਵਰਤ ਕੇ ਆਪਣਾ ਪ੍ਰਭਾਵ ਤੇ ਉੱਥੋਂ ਦੇ ਕੁਦਰਤੀ ਖ਼ਜ਼ਾਨਿਆਂ ਦੀ ਲੁੱਟ ਜਾਰੀ ਰੱਖੀ ਹੈ। ਨਾਈਜਰ ਦੇ ਢਾਈ ਕਰੋੜ ਲੋਕਾਂ ਨੂੰ ਹੁਣ ਫਿਰ ਫ਼ੌਜੀ ਹਕੂਮਤ ਦਾ ਜਬਰ ਸਹਿਣਾ ਪੈਣਾ ਹੈ ਜਦੋਂਕਿ ਅਮਰੀਕਾ ਤੇ ਯੂਰੋਪ ਦੇ ਦੇਸ਼ਾਂ ਨੇ ਜਮਹੂਰੀਅਤ ਦਾ ਢੰਡੋਰਾ ਪਿੱਟਣਾ ਹੈ। ਜਮਹੂਰੀ ਤਾਕਤਾਂ ਦੀਆਂ ਆਸਾਂ ਅਫਰੀਕਨ ਯੂਨੀਅਨ ’ਤੇ ਟਿਕੀਆਂ ਹਨ ਜਿਸ ਨੂੰ ਨਾਈਜਰ ’ਚ ਦਖ਼ਲ ਦੇ ਕੇ ਅਮਨ ਅਤੇ ਜਮਹੂਰੀਅਤ ਕਾਇਮ ਕਰਨ ਲਈ ਵੱਡੇ ਯਤਨ ਕਰਨ ਦੀ ਜ਼ਰੂਰਤ ਹੈ।