ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੀਨ-ਭਾਰਤ ਰਿਸ਼ਤੇ

ਆਲਮੀ ਉਥਲ-ਪੁਥਲ ਵਿਚਕਾਰ ਏਸ਼ੀਆ ਅੰਦਰ ਮਾਹੌਲ ਬਦਲ ਰਿਹਾ ਹੈ। ਗਲਵਾਨ ਝੜਪ ਤੋਂ ਪੰਜ ਸਾਲ ਬਾਅਦ ਭਾਰਤ ਅਤੇ ਚੀਨ ਨਵੀਂ ਸ਼ੁਰੂਆਤ ਲਈ ਅੱਗੇ ਆਏ ਹਨ। ਇਹ ਅਜਿਹੇ ਰਿਸ਼ਤੇ ਨੂੰ ਸੁਧਾਰਨ ਦੀ ਸ਼ਲਾਘਾਯੋਗ ਕੋਸ਼ਿਸ਼ ਹੈ ਜਿਸ ਨੇ ਉਦੋਂ ਤੋਂ ਚੜ੍ਹਾਅ ਨਾਲੋਂ ਵੱਧ...
Advertisement

ਆਲਮੀ ਉਥਲ-ਪੁਥਲ ਵਿਚਕਾਰ ਏਸ਼ੀਆ ਅੰਦਰ ਮਾਹੌਲ ਬਦਲ ਰਿਹਾ ਹੈ। ਗਲਵਾਨ ਝੜਪ ਤੋਂ ਪੰਜ ਸਾਲ ਬਾਅਦ ਭਾਰਤ ਅਤੇ ਚੀਨ ਨਵੀਂ ਸ਼ੁਰੂਆਤ ਲਈ ਅੱਗੇ ਆਏ ਹਨ। ਇਹ ਅਜਿਹੇ ਰਿਸ਼ਤੇ ਨੂੰ ਸੁਧਾਰਨ ਦੀ ਸ਼ਲਾਘਾਯੋਗ ਕੋਸ਼ਿਸ਼ ਹੈ ਜਿਸ ਨੇ ਉਦੋਂ ਤੋਂ ਚੜ੍ਹਾਅ ਨਾਲੋਂ ਵੱਧ ਉਤਰਾਅ ਦੇਖੇ ਹਨ ਜਦੋਂ ਤੋਂ (1950 ਤੋਂ) ਭਾਰਤ, ਚੀਨੀ ਗਣਰਾਜ ਦੇ ਨਾਲ ਕੂਟਨੀਤਕ ਸਬੰਧ ਸਥਾਪਿਤ ਕਰਨ ਵਾਲਾ ਪਹਿਲਾ ਗ਼ੈਰ-ਸਮਾਜਵਾਦੀ ਦੇਸ਼ ਬਣਿਆ। ਤਿਆਨਜਿਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਮੁਲਾਕਾਤ ਨੇ ਏਸ਼ੀਆ ਦੇ ਇਨ੍ਹਾਂ ਮਹਾਰਥੀਆਂ ਅਤੇ ਗੁਆਂਢੀਆਂ ਵਿਚਕਾਰ ਮਤਭੇਦਾਂ ਨੂੰ ਸੁਲਝਾਉਣ ਦੇ ਹਾਲੀਆ ਯਤਨਾਂ ਨੂੰ ਨਵੀਂ ਰਫ਼ਤਾਰ ਦਿੱਤੀ ਹੈ।

ਦੋਵਾਂ ਨੇਤਾਵਾਂ ਨੇ ਸਰਹੱਦੀ ਮੁੱਦੇ ਦੇ “ਨਿਰਪੱਖ, ਵਾਜਿਬ ਅਤੇ ਆਪਸੀ ਸਵੀਕਾਰਯੋਗ” ਹੱਲ ਵੱਲ ਕੰਮ ਕਰਨ ਲਈ ਸਹਿਮਤੀ ਦਿੱਤੀ ਹੈ, ਜੋ ਦਹਾਕਿਆਂ ਤੋਂ ਚੱਲ ਰਿਹਾ ਹੈ। ਇਹ ਹੈਰਾਨੀਜਨਕ ਢੰਗ ਨਾਲ ਖੁਸ਼ੀ ਦੀ ਗੱਲ ਹੈ ਕਿ ਸ਼ੀ ਜਿਨਪਿੰਗ ਭਾਰਤ ਅਤੇ ਚੀਨ ਨੂੰ ਵਿਰੋਧੀ ਨਹੀਂ, ਸਗੋਂ ਭਾਈਵਾਲ ਵਜੋਂ ਦੇਖਦੇ ਹਨ ਅਤੇ ਡਰੈਗਨ ਤੇ ਹਾਥੀ ਦੇ ਇਕਮਿਕ ਹੋਣ ਨੂੰ ‘ਸਹੀ ਚੋਣ’ ਮੰਨਦੇ ਹਨ। ਇਹ ਸੁਲ੍ਹਾ-ਸਫ਼ਾਈ ਵਾਲਾ ਰਵੱਈਆ ਮਈ ਮਹੀਨੇ ਦੀਆਂ ਚੀਨ ਦੀਆਂ ਚਾਲਾਂ ਦੇ ਬਿਲਕੁਲ ਉਲਟ ਹੈ, ਜਦੋਂ ਇਸ ਨੇ ਚਾਰ ਦਿਨਾਂ ਦੇ ਟਕਰਾਅ ਦੌਰਾਨ ਪਾਕਿਸਤਾਨ ਨੂੰ ਭਾਰਤ ਵਿਰੁੱਧ ਬੇਸ਼ਰਮੀ ਨਾਲ ਫ਼ੌਜੀ ਅਤੇ ਰਣਨੀਤਕ ਸਹਾਇਤਾ ਮੁਹੱਈਆ ਕੀਤੀ ਸੀ। ਜਾਪਦਾ ਹੈ ਕਿ ਪੇਈਚਿੰਗ ਦਾ ਮਨ ਬਦਲ ਗਿਆ ਹੈ, ਪਰ ਦਿੱਲੀ ਨੂੰ ਚੰਗੀ ਸਲਾਹ ਇਹੀ ਹੋਵੇਗੀ ਕਿ ਇਹ ਥੋੜ੍ਹੇ ਸਮੇਂ ਲਈ ਚੱਲੇ ਪੁਰਾਣੇ ਸਮਝੌਤਿਆਂ ਦੇ ਤਜਰਬਿਆਂ ਨੂੰ ਧਿਆਨ ਵਿੱਚ ਰੱਖਦਿਆਂ ਚੌਕਸ ਰਹੇ।

Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਚੁਣੌਤੀ ਦੇ ਮੱਦੇਨਜ਼ਰ ਭਾਰਤ ਅਤੇ ਚੀਨ ਨੇ ਆਲਮੀ ਵਪਾਰ ਨੂੰ ਸਥਿਰ ਕਰਨ ਵਿੱਚ ਦੋਵਾਂ ਅਰਥਚਾਰਿਆਂ ਦੀ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ, ਵਪਾਰ ਅਤੇ ਨਿਵੇਸ਼ ਸਬੰਧਾਂ ਦਾ ਵਿਸਥਾਰ ਕਰਨ ਦਾ ਵਾਅਦਾ ਕੀਤਾ ਹੈ। ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ 2024-25 ਵਿੱਚ ਚੀਨ ਨਾਲ ਭਾਰਤ ਦਾ ਵਪਾਰ ਘਾਟਾ ਲਗਭਗ 100 ਅਰਬ ਡਾਲਰ ਹੋ ਗਿਆ ਹੈ। ਚੀਨੀ ਦਰਾਮਦ ’ਤੇ ਜ਼ਿਆਦਾ ਨਿਰਭਰਤਾ ਮੋਦੀ ਸਰਕਾਰ ਦੇ ‘ਆਤਮ-ਨਿਰਭਰ ਭਾਰਤ’ ਦੇ ਉਦੇਸ਼ਾਂ ਦੇ ਵੀ ਉਲਟ ਹੈ। ਦਿੱਲੀ ਅੱਗੇ ਚੁਣੌਤੀ ਪੇਈਚਿੰਗ ਨੂੰ ਚੀਨੀ ਬਾਜ਼ਾਰ ਵਿੱਚ ਭਾਰਤੀ ਵਸਤਾਂ ਲਈ ਆਉਂਦੀਆਂ ਗ਼ੈਰ-ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਲਈ ਮਨਾਉਣਾ ਹੈ। ਇਹ ਦੋਵਾਂ ਦੇਸ਼ਾਂ ਲਈ ਬਰਾਬਰ ਲਾਹੇਵੰਦ ਹੋ ਸਕਦਾ ਹੈ, ਜੇਕਰ ਚੀਨ ਗੰਭੀਰ ਵਪਾਰਕ ਅਸੰਤੁਲਨ ਨੂੰ ਠੀਕ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰੇ। ਡਰੈਗਨ-ਹਾਥੀ ‘ਡਾਂਸ’ ਦੀ ਹੋਣੀ ਆਪਸੀ ਵਿਸ਼ਵਾਸ ਅਤੇ ਸਨਮਾਨ ’ਤੇ ਆਧਾਰਿਤ ਲੰਮੇ ਸਮੇਂ ਦੇ ਸਹਿਯੋਗ ’ਤੇ ਨਿਰਭਰ ਕਰਦੀ ਹੈ।

Advertisement
Show comments