ਚੁਣੌਤੀ ਭਰੀ ਘੜੀ
ਸੰਨ 2007 ਵਿੱਚ ਮੇਰੀ ਨਿਯੁਕਤੀ ਬਤੌਰ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ (ਡੀ.ਟੀ.ਓ.) ਮੁਕਤਸਰ ਵਿਖੇ ਸੀ। ਇਹ ਵਿਧਾਨ ਸਭਾ ਚੋਣਾਂ ਦਾ ਸਾਲ ਸੀ। ਡੀ.ਟੀ.ਓ. ਮੁਕਤਸਰ ਲੰਬੀ ਹਲਕੇ ਦਾ ਰਿਟਰਨਿੰਗ ਅਫਸਰ ਹੁੰਦਾ ਹੈ। ਲੰਬੀ ਹਲਕਾ ਪੰਜਾਬ ਦਾ ਉਹ ਹਲਕਾ ਹੈ ਜਿਥੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੋਣ ਲੜਦੇ ਰਹੇ। ਉਸ ਸਮੇਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਮੀਦਵਾਰ ਸਨ। ਇਸ ਤੋਂ ਪਹਿਲਾਂ ਉਹ ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਨ ਅਤੇ ਪੰਜਵੀਂ ਵਾਰ ਦੇ ਸੰਭਾਵੀ ਮੁੱਖ ਮੰਤਰੀ ਸਨ। ਬਤੌਰ ਰਿਟਰਨਿੰਗ ਅਫਸਰ ਉਨ੍ਹਾਂ ਨੇ ਮੇਰੇ ਕੋਲ ਨਾਮਜ਼ਦਗੀ ਪੇਪਰ ਭਰੇ ਸਨ।
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਉਮੀਦਵਾਰ ਨੂੰ ਆਪਣੀ ਜਾਇਦਾਦ, ਕੋਰਟ ਕੇਸ ਆਦਿ ਦੇ ਵੇਰਵੇ ਨਸ਼ਰ ਕਰਨੇ ਹੁੰਦੇ ਹਨ ਅਤੇ ਰਿਟਰਨਿੰਗ ਅਫਸਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਇਹ ਵੇਰਵੇ ਜਨਤਕ ਕਰੇ। ਇਸ ਲਈ ਬਾਹਰ ਨੋਟਿਸ ਬੋਰਡ ਤੇ ਇਹ ਵੇਰਵੇ ਚਿਪਕਾਉਣੇ ਵੀ ਹੁੰਦੇ ਹਨ। ਇਸ ਸਬੰਧੀ ਮੇਰੇ ਵੱਲੋਂ ਵੀ ਇਹ ਕਾਰਵਾਈ ਕੀਤੀ ਗਈ।
ਨਾਮਜ਼ਦਗੀ ਪੱਤਰ ਭਰਨ ਤੋਂ ਅਗਲੇ ਦਿਨ ਇੱਕ ਵਿਅਕਤੀ ਮੇਰੇ ਦਫਤਰ ਆਇਆ ਅਤੇ ਕਹਿਣ ਲੱਗਾ ਕਿ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਾਇਦਾਦ/ ਕੋਰਟ ਕੇਸਾਂ ਬਾਰੇ ਵੇਰਵੇ ਨਹੀਂ ਲਗਾਏ ਗਏ। ਮੈਂ ਹੈਰਾਨ ਹੋਇਆ ਅਤੇ ਸਹਿਜ ਸੁਭਾਅ ਹੀ ਉਸ ਨੂੰ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੈਂ ਲਗਵਾਏ ਸਨ। ਪਰ ਹਾਂ ਜੇ ਕਰ ਉਥੋਂ ਕਿਸੇ ਨੇ ਉਤਾਰ ਦਿੱਤੇ ਤਾਂ ਮੈਂ ਫਿਰ ਤੋਂ ਲਗਵਾ ਦਿੰਦਾ ਹਾਂ। ਮੈਂ ਸੋਚਿਆ ਗੱਲ ਖਤਮ ਹੋ ਗਈ।
ਪਰ ਉਸ ਤੋਂ ਅਗਲੇ ਦਿਨ ਅਖ਼ਬਾਰਾਂ ਵਿੱਚ ਖ਼ਬਰਾਂ ਛਪ ਗਈਆਂ ਕਿ ਰਿਟਰਨਿੰਗ ਅਫਸਰ ਨੇ ਪੇਪਰ ਭਰਨ ਤੋਂ ਅਗਲੇ ਦਿਨ ਕਹਿਣ ਤੋਂ ਬਾਅਦ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਾਇਦਾਦ ਸਬੰਧੀ ਵੇਰਵੇ ਚਿਪਕਾਏ ਹਨ। ਨਾਲ ਹੀ ਦਫ਼ਤਰੀ ਕਰਮਚਾਰੀ ਦੀ ਪੇਪਰ ਚਿਪਕਾਉਣ ਸਮੇਂ ਦੀ ਫੋਟੋ ਲਗਾ ਦਿੱਤੀ। ਮੈਨੂੰ ਸਾਰੀ ਅਸਲੀਅਤ ਪਤਾ ਸੀ ਪਰ ਕਿਉਂਕਿ ਚੋਣਾਂ ਦਾ ਕੰਮ ਬੜਾ ਨਾਜ਼ੁਕ ਹੁੰਦਾ ਹੈ। ਤਤਕਾਲੀ ਡੀ.ਸੀ., ਜੋ ਜ਼ਿਲ੍ਹੇ ਦਾ ਚੋਣ ਅਫਸਰ ਹੁੰਦਾ ਹੈ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਮੈਨੂੰ ਫੋਨ ਤੇ ਫੋਨ ਆਉਣੇ ਸ਼ੁਰੂ ਹੋ ਗਏ। ਇਥੋਂ ਤੱਕ ਵੀ ਕਿਹਾ ਗਿਆ ਕਿ ਇੰਨੀ ਵੱਡੀ ਗ਼ਲਤੀ ਕਿਵੇਂ ਹੋ ਗਈ। ਮੈਨੂੰ ਆਪਣੀ ਬਦਲੀ ਹੀ ਨਹੀਂ ਸਗੋਂ ਬਿਨਾ ਕੀਤੀ ਗਲਤੀ ਦੀ ਸਜ਼ਾ ਮਿਲਣ ਦਾ ਡਰ ਸਤਾਉਣ ਲੱਗ ਪਿਆ।
ਮੈਂ ਇਹ ਵੀ ਸਿੱਖਿਆ ਸੀ ਕਿ ਸਰਵਿਸ, ਖਾਸ ਤੌਰ ’ਤੇ ਚੋਣ ਡਿਊਟੀ ਵਿੱਚ ਘਬਰਾਹਟ ਨਾਲੋਂ ਠਰ੍ਹੰਮੇ ਨਾਲ ਸੋਚ ਸਮਝ ਹੀ ਕੰਮ ਆਉਂਦੀ ਹੈ। ਮੈਂ ਆਪਣੇ ਬਚਾਅ ਲਈ ਦਿਮਾਗ ’ਤੇ ਬੋਝ ਪਾਉਣ ਲੱਗਾ। ਇਹ ਖ਼ਬਰ ਨਾਮਜ਼ਦਗੀ ਪੱਤਰ ਭਰਨ ਤੋਂ ਤੀਜੇ ਦਿਨ ਦੀ ਸੀ। ਮੈਂ ਝੱਟ ਹੀ ਨਾਮਜ਼ਦਗੀ ਪੱਤਰ ਭਰਨ ਤੋਂ ਅਗਲੇ ਦਿਨ ਭਾਵ ਇੱਕ ਦਿਨ ਪਿਛਲੇ ਅਖ਼ਬਾਰ ਮੰਗਵਾਏ। ਸਟਾਫ਼ ਨੂੰ ਨਾਲ ਬਿਠਾਇਆ ਅਤੇ ਉਹ ਸਾਰੀਆਂ ਅਖ਼ਬਾਰਾਂ ਦੀਆਂ ਖ਼ਬਰਾਂ ਇਕੱਠੀਆਂ ਕੀਤੀਆਂ ਜਿਨ੍ਹਾਂ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਮੇਤ ਉਸ ਵਿਧਾਨ ਸਭਾ ਦੇ ਬਾਕੀ ਦੇ ਉਮੀਦਵਾਰਾਂ ਦੇ ਵੇਰਵੇ ਦਰਜ ਸਨ। ਫਟਾ-ਫਟ ਡੀ.ਸੀ. ਸਾਹਿਬ ਅਤੇ ਚੋਣ ਕਮਿਸ਼ਨ ਨੂੰ ਫੋਨ ਕੀਤੇ ਕਿ ਮੈਂ ਆਪ ਜੀ ਨੂੰ ਸਪਸ਼ਟੀਕਰਨ ਭੇਜ ਰਿਹਾ ਹਾਂ ਕਿ ਅਗਲੇ ਦਿਨ ਦੀਆਂ ਅਖ਼ਬਾਰਾਂ ਵਿੱਚ ਜਾਇਦਾਦ ਸਬੰਧੀ ਵੇਰਵੇ ਤਾਂ ਹੀ ਲੱਗੇ ਸਨ ਜੇਕਰ ਮੈਂ ਜਨਤਕ ਕੀਤੇ ਸਨ, ਇਹ ਤਾਂ ਐਵੇਂ ਕੋਈ ਵਿਅਕਤੀ ਸ਼ਰਾਰਤ ਕਰ ਗਿਆ ਹੈ ਜੀ।
ਅਖ਼ਬਾਰਾਂ ਦੀਆਂ ਕਾਤਰਾਂ ਸਮੇਤ ਲਿਖਤੀ ਜਵਾਬ ਮੇਲ ਰਾਹੀਂ ਤੁਰੰਤ ਅਤੇ ਬਾਅਦ ਵਿੱਚ ਲਿਖਤੀ ਕਾਪੀ ਭੇਜ ਦਿੱਤੀ। ਇਸ ਤਰ੍ਹਾਂ ਜੋ ਸਮਾਂ ਮੈਂ ਚੰਗੇ ਕੰਮਾਂ ਲਈ ਲਾਉਣਾ ਸੀ ਉਹ ਚੁਣੌਤੀ ਭਰੀ ਘੜੀ ਵਿੱਚੋਂ ਨਿਕਲਣ ਲਈ ਲੱਗ ਗਿਆ।
ਸੰਪਰਕ: 94171-53819