ਜੰਗਬੰਦੀ ਖ਼ਤਰੇ ’ਚ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਾਪਦਾ ਹੈ ਕਿ ਇਹ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਜੰਗਬੰਦੀ ਸੌਖਾ ਜਿਹਾ ਕੰਮ ਹੈ ਜਿਹੜਾ ਉਨ੍ਹਾਂ ਵੱਲੋਂ ਕਦੇ ਅਤੇ ਕਿਤੇ ਵੀ ਕਰਵਾਇਆ ਜਾ ਸਕਦਾ ਹੈ। ਟਰੰਪ ਵੱਲੋਂ ਦੁਨੀਆ ਨੂੰ ਇਹ ਦੱਸਿਆਂ ਅਜੇ ਡੇਢ ਮਹੀਨਾ ਹੀ ਹੋਇਆ ਸੀ ਕਿ ਭਾਰਤ ਅਤੇ ਪਾਕਿਸਤਾਨ ਅਮਰੀਕਾ ਦੇ ਕਹਿਣ ’ਤੇ ਜੰਗਬੰਦੀ ਲਈ ਸਹਿਮਤ ਹੋਏ ਸਨ ਤੇ ਹੁਣ ਉਨ੍ਹਾਂ ਇਜ਼ਰਾਈਲ ਤੇ ਇਰਾਨ ਦੀ ਲੜਾਈ ਬਾਰੇ ਵੀ ਅਜਿਹਾ ਹੀ ਐਲਾਨ ਕਰ ਦਿੱਤਾ ਹੈ। ਪਰ ਇਹ ਸਥਿਤੀ ਜ਼ਿਆਦਾ ਦੇਰ ਤੱਕ ਕਾਇਮ ਨਾ ਰਹਿ ਸਕੀ ਤੇ ਹਾਲਾਤ ਤੇਜ਼ੀ ਨਾਲ ਮੁੜ ਉੱਥੇ ਹੀ ਪਹੁੰਚ ਗਏ। ਇਜ਼ਰਾਈਲ ਅਤੇ ਇਰਾਨ ਵਿਚਕਾਰ ਵਿਸ਼ਵਾਸ ਦੀ ਘਾਟ ਕਾਰਨ ਦੁਸ਼ਮਣੀ ਬਰਕਰਾਰ ਹੈ। ਦੋਵਾਂ ਪਾਸਿਆਂ ਤੋਂ ਜੰਗਬੰਦੀ ਦੀਆਂ ਉਲੰਘਣਾਵਾਂ ਤੋਂ ਨਿਰਾਸ਼ ਹੋ ਕੇ ਟਰੰਪ ਨੇ ਮੰਨਿਆ ਹੈ ਕਿ ਉਹ ਇਜ਼ਰਾਈਲ ਤੋਂ ‘ਸੱਚੀਮੁੱਚੀ ਨਾਖੁਸ਼’ ਹਨ ਅਤੇ ਉਨ੍ਹਾਂ ਤਲ ਅਵੀਵ ਨੂੰ ਬਦਲਾਅ ਦੇ ਤੌਰ ’ਤੇ ਆਪਣੇ ਢੰਗ-ਤਰੀਕੇ ਸੁਧਾਰਨ ਤੇ ਸਿਆਣਪ ਵਰਤਣ ਦੀ ਵੀ ਚਿਤਾਵਨੀ ਦਿੱਤੀ ਹੈ। ਵੱਡਾ ਸਵਾਲ ਇਹ ਹੈ ਕਿ ਕੀ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਆਪਣੇ ਦੋਸਤ ਡੋਨਲਡ ਟਰੰਪ ਦੀ ਗੱਲ ਸੁਣਨਗੇ ਅਤੇ ਸੰਜਮ ਵਰਤਣਗੇ, ਜੋ ਉਨ੍ਹਾਂ ਪਹਿਲਾਂ ਕਦੇ ਵੀ ਨਹੀਂ ਵਰਤਿਆ?
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਹ ਯਕੀਨੀ ਬਣਾਉਣ ਲਈ ਬੇਤਾਬ ਹਨ ਕਿ ਇਜ਼ਰਾਈਲ ਤੇ ਇਰਾਨ ਸਮਝੌਤਾ ਕਾਇਮ ਰਹੇ। ਜੇ ਇਹ ਢਹਿ ਜਾਂਦਾ ਹੈ ਤਾਂ ਇਰਾਨੀ ਪਰਮਾਣੂ ਟਿਕਾਣਿਆਂ ’ਤੇ ਹਵਾਈ ਹਮਲੇ ਦਾ ਉਨ੍ਹਾਂ ਵਲੋਂ ਖੇਡਿਆ ਗਿਆ ਜੂਆ ਬਹੁਤ ਵੱਡੀ ਭੁੱਲ ਸਾਬਿਤ ਹੋਵੇਗਾ। ਕਤਰ ਵਿੱਚ ਅਮਰੀਕੀ ਫ਼ੌਜੀ ਅੱਡੇ ’ਤੇ ਤਹਿਰਾਨ ਦੇ ਜਵਾਬੀ ਮਿਜ਼ਾਈਲ ਹਮਲੇ ਨੇ ਸ਼ਾਇਦ ਡੋਨਲਡ ਟਰੰਪ ਨੂੰ ਇਹ ਅਹਿਸਾਸ ਕਰਵਾ ਦਿੱਤਾ ਹੈ ਕਿ ਉਨ੍ਹਾਂ ਲੋੜੋਂ ਵੱਧ ਪੰਗਾ ਲੈ ਲਿਆ ਹੈ। ਦੋਵਾਂ ਧਿਰਾਂ ਨੂੰ ‘ਸੰਪੂਰਨ ਅਤੇ ਵਿਆਪਕ ਜੰਗਬੰਦੀ’ ਲਈ ਸਹਿਮਤ ਕਰਨ ਦੀ ਉਨ੍ਹਾਂ ਦੀ ਤੀਬਰ ਕੋਸ਼ਿਸ਼ ਵਿੱਚੋਂ ਇਹ ਜ਼ਾਹਿਰ ਵੀ ਹੋ ਰਿਹਾ ਹੈ। ਨੇਤਨਯਾਹੂ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਨੇ ਇਰਾਨ ਵਿਰੁੱਧ 12 ਦਿਨਾਂ ਦੇ ਅਪਰੇਸ਼ਨ ਵਿੱਚ ਆਪਣੇ ਸਾਰੇ ਜੰਗੀ ਟੀਚੇ ਪ੍ਰਾਪਤ ਕਰ ਲਏ ਹਨ, ਜਿਸ ਵਿੱਚ ਇਰਾਨ ਦੇ ਪਰਮਾਣੂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਦੇ ਖ਼ਤਰੇ ਨੂੰ ਦੂਰ ਕਰਨਾ ਸ਼ਾਮਿਲ ਹੈ। ਇਰਾਨੀ ਲੀਡਰਸ਼ਿਪ, ਜਿਸ ਨੂੰ ਬਿਨਾਂ ਸ਼ੱਕ ਭਾਰੀ ਨੁਕਸਾਨ ਹੋਇਆ ਹੈ, ਆਪਣੀ ਵਾਜਬੀਅਤ ਅਤੇ ਦਬਦਬੇ ਨੂੰ ਮੁੜ ਕਾਇਮ ਕਰਨ ਦੇ ਔਖੇ ਕਾਰਜ ਦਾ ਸਾਹਮਣਾ ਕਰ ਰਹੀ ਹੈ।
ਖੇਤਰ ਵਿੱਚ ਸਥਾਈ ਸ਼ਾਂਤੀ ਇਜ਼ਰਾਈਲ ਅਤੇ ਅਮਰੀਕਾ ਦੇ ਸੰਜਮ ਵਰਤਣ ’ਤੇ ਨਿਰਭਰ ਕਰਦੀ ਹੈ। ਫਿਲਹਾਲ, ਇਰਾਨ ਵਿੱਚ ਸੱਤਾ ਤਬਦੀਲੀ ਤੋਂ ਧਿਆਨ ਪਾਸੇ ਕਰ ਲਿਆ ਗਿਆ ਹੈ। ਇਹ ਇਰਾਨ ਨੂੰ ਚੁੱਪ-ਚਾਪ ਆਪਣੇ ਆਪ ਨੂੰ ਸੰਭਾਲਣ ਦਾ ਮੌਕਾ ਦਿੰਦਾ ਹੈ। ਬਹੁਤ ਕੁਝ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਬੁਰੀ ਤਰ੍ਹਾਂ ਫੱਟੜ ਤਹਿਰਾਨ ਨੂੰ ਤੰਦਰੁਸਤ ਹੋਣ ਅਤੇ ਇਜ਼ਰਾਈਲ ਲਈ ਨਵੀਂ ਚੁਣੌਤੀ ਖੜ੍ਹੀ ਕਰਨ ਵਿੱਚ ਕਿੰਨਾ ਸਮਾਂ ਲੱਗਦਾ ਹੈ।