ਕਾਰਬਨ ਗੈਸ ਨਿਕਾਸੀ ਟੀਚੇ
ਇਸ ਹਫ਼ਤੇ ਦੇ ਸ਼ੁਰੂ ਵਿੱਚ ਕੇਂਦਰ ਨੇ ਗ੍ਰੀਨਹਾਊਸ ਗੈਸਜ਼ ਇਮਿਸ਼ਨਜ਼ ਇਨਟੈਂਸਿਟੀ ਟਾਰਗੈੱਟ ਰੂਲਜ਼ ਨੋਟੀਫਾਈ ਕੀਤੇ ਹਨ ਜੋ ਭਾਰਤ ਵਿੱਚ ਉਦਯੋਗਿਕ ਪ੍ਰਦੂਸ਼ਣ ਤੇ ਵਾਤਾਵਰਨ ਦੇ ਨਿਘਾਰ ਨੂੰ ਠੱਲ੍ਹ ਪਾਉਣ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਨ੍ਹਾਂ ਨੇਮਾਂ ਵਿੱਚ ਕਾਰਬਨ ਗੈਸਾਂ ਦੀ ਬਹੁਤ ਜ਼ਿਆਦਾ ਖ਼ਪਤ ਵਾਲੀਆਂ ਸਨਅਤਾਂ ਲਈ ਦੇਸ਼ ਅੰਦਰ ਪਹਿਲੀ ਵਾਰ ਕਾਨੂੰਨੀ ਤੌਰ ’ਤੇ ਪਾਲਣਯੋਗ ਗੈਸਾਂ ਦੀ ਨਿਕਾਸੀ ਵਿਚ ਕਟੌਤੀ ਦੇ ਟੀਚੇ ਮੁਕੱਰਰ ਕੀਤੇ ਗਏ ਹਨ। ਜਿਹੜੀਆਂ ਸਨਅਤੀ ਇਕਾਈਆਂ ਆਪਣੇ ਮੁਕੱਰਰ ਟੀਚਿਆਂ ਨਾਲੋਂ ਘੱਟ ਗੈਸਾਂ ਦੀ ਨਿਕਾਸੀ ਕਰਨਗੀਆਂ, ਉਨ੍ਹਾਂ ਨੂੰ ਲਾਭਦਾਇਕ ਕਾਰਬਨ ਕ੍ਰੈਡਿਟ ਸਰਟੀਫਿਕੇਟ ਮਿਲਣਗੇ ਜਦੋਂਕਿ ਟੀਚੇ ਤੋਂ ਜ਼ਿਆਦਾ ਕਾਰਬਨ ਗੈਸਾਂ ਦੀ ਨਿਕਾਸੀ ਕਰਨ ਵਾਲੀਆਂ ਇਕਾਈਆਂ ਭਾਰਤੀ ਕਾਰਬਨ ਬਾਜ਼ਾਰ ਤੋਂ ਓਨੇ ਮੁੱਲ ਦੇ ਕਾਰਬਨ ਕ੍ਰੈਡਿਟ ਖਰੀਦਣੇ ਪਿਆ ਕਰਨਗੇ ਜਾਂ ਜੁਰਮਾਨਾ ਅਦਾ ਕਰਨਾ ਪਵੇਗਾ। ਐਲੂਮੀਨੀਅਮ, ਸੀਮੈਂਟ, ਪਲਪ ਐਂਡ ਪੇਪਰ ਅਤੇ ਕਲੋਰ ਅਲਕਲਾਈ ਖੇਤਰਾਂ ਵਿੱਚ ਕੁੱਲ ਮਿਲਾ ਕੇ 282 ਸਨਅਤੀ ਇਕਾਈਆਂ ਨੂੰ 2023-24 ਦੇ ਬੇਸਲਾਈਨ ਪੱਧਰਾਂ ਦੇ ਮੁਕਾਬਲੇ ਆਪਣੀਆਂ ਗ੍ਰੀਨਹਾਊਸ ਗੈਸ ਦਾ ਨਿਕਾਸ ਘਟਾਉਣਾ ਪਵੇਗਾ।
ਜ਼ਿਕਰਯੋਗ ਹੈ ਕਿ ਪਹਿਲੇ ਪਾਲਣ ਚੱਕਰ ਵਿਚ ਕੁਝ ਵੱਡੇ ਨਾਂ ਆਏ ਹਨ ਜਿਸ ਵਿੱਚ ਵੇਦਾਂਤਾ, ਹਿੰਦਾਲਕੋ, ਨਾਲਕੋ ਐਂਡ ਬਾਲਕੋ ਵੱਲੋਂ ਚਲਾਏ ਜਾਂਦੇ ਐਲੂਮੀਨੀਅਮ ਸਮੈਲਟਰਜ਼ ਅਤੇ ਅਲਟਰਾਟੈੱਕ, ਡਾਲਮੀਆ, ਜੇ ਕੇ ਸੀਮੈਂਟ, ਸ਼੍ਰੀ ਸੀਮੈਂਟ ਅਤੇ ਏ ਸੀ ਸੀ ਦੀ ਮਾਲਕੀ ਵਾਲੇ ਵੱਡੇ ਸੀਮੈਂਟ ਪਲਾਂਟ ਆਉਂਦੇ ਹਨ। ਸਰਕਾਰ ਨੇ ਸਖ਼ਤ ਸੰਦੇਸ਼ ਦਿੱਤਾ ਹੈ ਕਿ ਵੱਡੀਆਂ ਅਤੇ ਰਸੂਖ਼ਵਾਨ ਕੰਪਨੀਆਂ ਨੂੰ ਦੇਸ਼ ਦੇ ਗ੍ਰੀਨ ਟੀਚਿਆਂ ਦੀ ਪ੍ਰਾਪਤੀ ਕਰਨ ਵਿੱਚ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਭਾਰਤ ਇਸ ਸਮੇਂ ਆਲਮੀ ਤਾਪਮਾਨ ਵਿੱਚ ਇਜ਼ਾਫ਼ਾ ਕਰਨ ਵਾਲੀਆਂ ਗੈਸਾਂ ਦੀ ਨਿਕਾਸੀ ਦੇ ਲਿਹਾਜ਼ ਤੋਂ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਪ੍ਰਦੂਸ਼ਣਕਾਰੀ ਮੁਲਕ ਹੈ ਜਦੋਂਕਿ ਚੀਨ ਇਸ ਮਾਮਲੇ ਵਿੱਚ ਪਹਿਲੇ ਅਤੇ ਅਮਰੀਕਾ ਦੂਜੇ ਸਥਾਨ ’ਤੇ ਹੈ। ਨਵੇਂ ਨੇਮਾਂ ਵਿੱਚ ਸਨਅਤਾਂ ਨੂੰ ਗੈਸਾਂ ਦੀ ਨਿਕਾਸੀ ਘਟਾਉਣ ਲਈ ਪ੍ਰੇਰਕ ਦਿੱਤੇ ਗਏ ਹਨ ਅਤੇ ਇਹ ਪੀ ਏ ਟੀ (ਕਾਰਗੁਜ਼ਾਰੀ, ਪ੍ਰਾਪਤੀ ਤੇ ਵਪਾਰ) ਉੂਰਜਾ ਕੁਸ਼ਲਤਾ ਸਕੀਮ ਉੱਪਰ ਉਸਾਰੇ ਗਏ ਹਨ ਜਿਸ ਨਾਲ ਊਰਜਾ ਬੱਚਤ ਦੇ ਟੀਚੇ ਸਥਾਪਿਤ ਕੀਤੇ ਗਏ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਕਾਨੂੰਨੀ ਚੌਖਟੇ ਤਹਿਤ ਸਖ਼ਤੀ ਨਾਲ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਇਸ ਨੂੰ ਹੀ ਜੁਰਮਾਨੇ ਲਾਉਣ ਅਤੇ ਸਮਾਂਬੱਧ ਸੁਧਾਰ ਦੀ ਨਿਗਰਾਨੀ ਦਾ ਜਿ਼ੰਮਾ ਸੌਂਪਿਆ ਗਿਆ ਹੈ। ਬੋਰਡ ਨੂੰ ਇਸ ਗੱਲ ਲਈ ਤਿਆਰ ਰਹਿਣਾ ਪਵੇਗਾ ਕਿ ਵੱਡੀਆਂ ਸਨਅਤੀ ਕੰਪਨੀਆਂ ਇਸ ਮਾਮਲੇ ਵਿੱਚ ਪੈਰ ਅੜਾਉਣਗੀਆਂ।
ਇਹ ਵੀ ਧਰਵਾਸ ਵਾਲੀ ਗੱਲ ਹੈ ਕਿ ਭਾਰਤ ਵਿੱਚ ਇਸ ਸਾਲ ਦੇ ਪਹਿਲੇ ਅੱਧ ’ਚ ਸੌਰ ਤੇ ਪੌਣ ਊਰਜਾ ਦਾ ਉਤਪਾਦਨ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੋਇਆ ਹੈ; ਇਸੇ ਅਰਸੇ ’ਚ ਇਸ ਦੇ ਊਰਜਾ ਖੇਤਰ ਦੀ ਕਾਰਬਨ ਡਾਇਆਕਸਾਈਡ ਨਿਕਾਸੀ ਵਿੱਚ ਸਾਲਾਨਾ ਆਧਾਰ ’ਤੇ ਇੱਕ ਫ਼ੀਸਦ ਕਮੀ ਆਈ ਹੈ। ਮਨੁੱਖੀ ਸਰਗਰਮੀਆਂ ਕਰ ਕੇ ਪੈਦਾ ਹੋਣ ਵਾਲੀਆਂ ਗ੍ਰੀਨਹਾਊਸ ਗੈਸਾਂ ਨੂੰ ਜਲਵਾਯੂ ਤਬਦੀਲੀ ਦਾ ਸਭ ਤੋਂ ਅਹਿਮ ਸੰਚਾਲਕ ਮੰਨਿਆ ਜਾਂਦਾ ਹੈ। ਇਸ ਸਾਲ ਭਾਰਤ ਵਿੱਚ ਜਲਵਾਯੂ ਤਬਦੀਲੀ ਨਾਲ ਜੁੜੀਆਂ ਘਟਨਾਵਾਂ ਵਿੱਚ ਚੋਖਾ ਵਾਧਾ ਦੇਖਣ ਨੂੰ ਮਿਲਿਆ ਹੈ ਜਿਸ ਕਰ ਕੇ ਇਸ ਸਵੱਛ ਊਰਜਾ ਨੂੰ ਹੁਲਾਰਾ ਦੇਣ ਲਈ ਕਾਫ਼ੀ ਜ਼ੋਰ ਲਾਉਣਾ ਪਵੇਗਾ। ਚੰਗੇਰੇ ਜਲਵਾਯੂ ਅਤੇ ਕਾਰਬਨ ਨਿਰਲੇਪ ਭਵਿੱਖ ਲਈ ਹੰਢਣਸਾਰ ਵਿਕਾਸ ਹੋਣਾ ਚਾਹੀਦਾ ਹੈ।