ਮੱਥਾ ਟੇਕਣਾ
ਨਸ਼ਿਆਂ ਦੀ ਦਲਦਲ ਵਿੱਚ ਉਹ ਬੁਰੀ ਤਰ੍ਹਾਂ ਧੱਸ ਚੁੱਕਾ ਸੀ। ਨਸ਼ੇ ਦੀ ਪੂਰਤੀ ਲਈ ਪਹਿਲਾਂ ਉਹ ਘਰੋਂ ਚੋਰੀਆਂ ਅਤੇ ਫਿਰ ਜਿੱਥੇ ਵੀ ਦਾਅ ਲੱਗਦਾ ਚੋਰੀ ਕਰਕੇ ਨਸ਼ੇ ਦਾ ਝੱਸ ਪੂਰਾ ਕਰਦਾ ਸੀ। ਉਸ ਨੂੰ ਨਸ਼ਾ ਮੁਕਤ ਕਰਨ ਲਈ ਘਰਦਿਆਂ ਨੇ ਪੂਰੀ ਵਾਹ ਲਾਈ, ਕਈ ਡਾਕਟਰਾਂ ਤੋਂ ਦਵਾਈ ਵੀ ਲਈ, ਪਰ ਉਸ ਨੂੰ ਇਹ ਯਕੀਨ ਹੋ ਗਿਆ ਕਿ ਉਹ ਨਸ਼ਾ ਨਹੀਂ ਛੱਡ ਸਕਦਾ। ਦਿਨ-ਬ-ਦਿਨ ਹੱਡੀਆਂ ਦੀ ਮੁੱਠ ਬਣੇ ਇਕਲੌਤੇ ਪੁੱਤ ਨੂੰ ਵੇਖ ਕੇ ਮਾਪੇ ਝੂਰਦੇ ਰਹਿੰਦੇ। ਜਦੋਂ ਘਰ ਦਾ ਬੂਹਾ ਖੜਕਦਾ ਤਾਂ ਉਨ੍ਹਾਂ ਨੂੰ ਕੰਬਣੀ ਜਿਹੀ ਛਿੜ ਜਾਂਦੀ। ‘ਜਾਂ ਤਾਂ ਮੁੰਡੇ ਦਾ ਕੋਈ ਕੁਲਹਿਣਾ ਸੁਨੇਹਾ ਲੈ ਕੇ ਆਇਆ ਹੋਣਾ ਜਾਂ ਫਿਰ ਕੋਈ ਮੁੰਡੇ ਦੀ ਕਰਤੂਤ ਕਾਰਨ ਉਲਾਂਭਾ ਲੈ ਕੇ ਆਇਆ ਹੋਣੈ।’ ਇੱਕ ਦਿਨ ਉਨ੍ਹਾਂ ਨੂੰ ਇੱਕ ਮਨੋਵਿਗਿਆਨੀ ਡਾਕਟਰ ਦੀ ਦੱਸ ਪਈ। ਦੱਸਣ ਵਾਲੇ ਨੇ ਉਨ੍ਹਾਂ ਨੂੰ ਹੌਸਲਾ ਦਿੰਦਿਆਂ ਕਿਹਾ, ‘ਕੇਰਾਂ ਤੁਸੀਂ ਉਹਦੇ ਕੋਲ ਲੈ ਕੇ ਜਾਵੋ। ਦਵਾਈ ਦਾ ਵੀ ਕੋਈ ਪੈਸਾ ਨਹੀਂ ਲੈਂਦਾ। ਮੁੰਡੇ ਦੀ ਨਸ਼ਿਆਂ ਸਬੰਧੀ ਸਥਿਤੀ ਅਤੇ ਘਰ ਦੀ ਡਾਵਾਂਡੋਲ ਹਾਲਤ ਸਬੰਧੀ ਵੀ ਦੱਸ ਦਿੱਤਾ। ਨਿਸ਼ਚਿਤ ਸਮੇਂ ’ਤੇ ਉਹ ਨਸ਼ੱਈ ਮੁੰਡੇ ਨੂੰ ਨਾਲ ਲੈ ਕੇ ਡਾਕਟਰ ਕੋਲ ਪੁੱਜ ਗਏ।
ਡਾਕਟਰ ਨੇ ਪਹਿਲਾਂ ਮਾਪਿਆਂ ਤੋਂ ਮੁੰਡੇ ਦੀ ਸਾਰੀ ਸਥਿਤੀ ਸਬੰਧੀ ਪੁੱਛਿਆ ਅਤੇ ਫਿਰ ਉਨ੍ਹਾਂ ਨੂੰ ਹੌਸਲਾ ਦਿੰਦਿਆਂ ਕਿਹਾ, ‘ਵੇਖੋ, ਨਸ਼ਾ ਛੁਡਵਾਉਣ ਲਈ ਆਪਾਂ ਤਿੰਨ ਧਿਰਾਂ ਹਾਂ। ਇੱਕ ਤੁਸੀਂ, ਇੱਕ ਮੈਂ ਅਤੇ ਇੱਕ ਤੁਹਾਡਾ ਨਸ਼ੱਈ ਪੁੱਤ। ਜਦੋਂ ਤਿੰਨਾਂ ਦਾ ਆਪਸ ਵਿੱਚ ਵਧੀਆ ਤਾਲਮੇਲ ਹੋ ਗਿਆ ਤਾਂ ਮੁੰਡਾ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਜਾਵੇਗਾ।’’ ਫਿਰ ਉਸ ਨੇ ਮਾਪਿਆਂ ਨੂੰ ਦੂਜੇ ਕਮਰੇ ਵਿੱਚ ਬਿਠਾ ਕੇ ਮਰੀਜ਼ ਨੂੰ ਆਪਣੇ ਕੋਲ ਬੁਲਾ ਲਿਆ। ਬੜੇ ਪਿਆਰ ਨਾਲ ਉਸ ਦੇ ਮੋਢੇ ’ਤੇ ਹੱਥ ਰੱਖ ਕੇ ਉਸ ਦਾ ਹਾਲ ਚਾਲ ਪੁੱਛਿਆ। ਮੁੰਡੇ ਨੇ ਭਰੇ ਮਨ ਨਾਲ ਦੱਸਿਆ, ‘ਮੈਂ ਨਸ਼ੇ ਨੂੰ ਛੱਡਣਾ ਚਾਹੁੰਨਾ, ਪਰ ਨਸ਼ਾ ਮੈਨੂੰ ਨਹੀਂ ਛੱਡਦਾ। ਸੰਗੀ ਸਾਥੀ ਵੀ ਇਹੋ-ਜਿਹੇ ਹੀ ਨੇ। ਉਹ ਨਹੀਂ ਚਾਹੁੰਦੇ ਕਿ ਮੈਂ ਉਨ੍ਹਾਂ ਦੀ ਢਾਣੀ ਦਾ ਸਾਥ ਛੱਡਾਂ। ਪੈਸੇ ਲੈ ਕੇ ਘਰੇ ਹੀ ਚਿੱਟੇ ਦੀਆਂ ਪੁੜੀਆਂ ਫੜਾ ਦਿੰਦੇ ਨੇ।’’ ਨਸ਼ੱਈ ਮੁੰਡੇ ਦੀ ਪਹਿਲੀ ਗੱਲ ਤੋਂ ਹੀ ਡਾਕਟਰ ਨੇ ਉਸ ਦੀ ਮਾਨਸਿਕ ਸਥਿਤੀ ਨੂੰ ਭਾਂਪ ਲਿਆ। ਫਿਰ ਪਿਆਰ ਨਾਲ ਉਸ ਦਾ ਘੁੱਟ ਕੇ ਹੱਥ ਫੜਦਿਆਂ ਕਿਹਾ, ‘‘ਇੰਜ ਦੱਸ ਕਾਕਾ ਕੀ ਤੂੰ ਆਪਣੇ ਮਾਂ-ਬਾਪ ਦਾ ਚੰਗਾ ਪੁੱਤ ਬਣ ਸਕਿਆ ਹੈ?’’ ਮੁੰਡੇ ਨੇ ਨਿਰਾਸ਼ਾ ਵਿੱਚ ਸਿਰ ਹਿਲਾ ਦਿੱਤਾ। ਉਸ ਨੂੰ ਫਿਰ ਹਲੂਣ ਕੇ ਪੁੱਛਿਆ, ‘ਕੀ ਤੁਹਾਡੇ ਰਿਸ਼ਤੇਦਾਰ ਤੈਨੂੰ ਚੰਗਾ ਸਮਝਦੇ ਨੇ?’ ਮੁੰਡੇ ਨੇ ਫਿਰ ਉਦਾਸ ਲਹਿਜੇ ਵਿੱਚ ਕਿਹਾ, ‘ਕਾਹਨੂੰ ਜੀ, ਮੇਰੇ ਕਰਕੇ ਤਾਂ ਸਾਡੇ ਰਿਸ਼ਤੇਦਾਰ ਵੀ ਆਉਣੋ ਹਟ ਗਏ। ’
ਡਾਕਟਰ ਨੇ ਉਸ ਦੀ ਦੁਖਦੀ ਰਗ਼ ਨੂੰ ਛੇੜਦਿਆਂ ਕਿਹਾ, ‘ਕਿਸੇ ਮਹਾਂਪੁਰਸ਼ ਦੇ ਬੋਲ ਨੇ ਕਿ ਛੋਟਾ ਹੁੰਦਿਆਂ ਤੂੰ ਆਪਣੇ ਮਾਂ-ਬਾਪ ਦਾ ਬਿਸਤਰਾ ਗਿੱਲਾ ਕਰਦਾ ਸੀ, ਹੁਣ ਤੂੰ ਵੱਡਾ ਹੋ ਗਿਆ। ਕੋਈ ਅਜਿਹਾ ਕਰਮ ਨਾ ਕਰ, ਜਿਸ ਨਾਲ ਮਾਂ-ਬਾਪ ਦੀਆਂ ਅੱਖਾਂ ਗਿੱਲੀਆਂ ਹੋ ਜਾਣ। ਸੱਚ ਦੱਸੀਂ, ਤੂੰ ਆਪਣੇ ਮਾਂ-ਬਾਪ ਨੂੰ ਕਿੰਨਾ ਕੁ ਰੁਵਾਇਐ?’ ਮੁੰਡੇ ਦੀਆਂ ਅੱਖਾਂ ’ਚੋਂ ਪਰਲ-ਪਰਲ ਹੰਝੂ ਵਹਿ ਰਹੇ ਸਨ। ਉਸ ਨੇ ਡੁਸਕਦੀ ਆਵਾਜ਼ ’ਚ ਕਿਹਾ, ‘ਮੈਂ ਬਹੁਤ ਦੁੱਖ ਦਿੱਤੇ ਨੇ ਉਨ੍ਹਾਂ ਨੂੰ। ਕਈ ਵਾਰ ਨਸ਼ੇ ਲਈ ਪੈਸੇ ਨਾ ਦੇਣ ’ਤੇ ਮੈਂ ਉਨ੍ਹਾਂ ’ਤੇ ਹੱਥ ਵੀ ਚੁੱਕਿਐ।’ ਮੁੰਡੇ ਦੀਆਂ ਅੱਖਾਂ ਵਿੱਚ ਵਹਿੰਦੇ ਅੱਥਰੂ ਅਤੇ ਪਛਤਾਵੇ ਦੇ ਬੋਲਾਂ ਨੂੰ ਡਾਕਟਰ ਨੇ ਨਸ਼ਾ ਛੱਡਣ ਲਈ ਇੱਕ ਆਸ਼ਾਵਾਦੀ ਚਿੰਨ੍ਹ ਮੰਨਿਆ। ਫਿਰ ਮੁੰਡੇ ਨੇ ਤਰਲਾ ਜਿਹਾ ਕਰਦਿਆਂ ਕਿਹਾ, ‘ਮੈਂ ਜੀ, ਇਸ ਖਲਜਗਣ ’ਚੋਂ ਨਿਕਲਣਾ ਚਾਹੁੰਦਾ ਹਾਂ। ਤੁਸੀਂ ਬਚਾਓ ਮੈਨੂੰ।’ ਮੁੰਡੇ ਨੂੰ ਨਾਲ ਵਾਲੇ ਕਮਰੇ ਵਿੱਚ ਭੇਜ ਕੇ ਮਾਂ-ਬਾਪ ਨੂੰ ਪੁੱਛਿਆ, ‘ਤੁਹਾਡਾ ਲੜਕਾ ਕਿਸੇ ਹੋਰ ਰਿਸ਼ਤੇਦਾਰ ਦਾ ਡਰ ਮੰਨਦਾ?’ ਮਾਂ ਨੇ ਗੰਭੀਰ ਹੋ ਕੇ ਕਿਹਾ, ‘ਇਹ ਜੀ ਆਪਣੇ ਮਾਮੇ ਤੋਂ ਡਰਦੈ।’
‘ਬੱਸ, ਤੁਸੀਂ ਇੰਝ ਕਰੋ, ਇੱਕ ਹਫਤੇ ਲਈ ਮੁੰਡੇ ਦੇ ਮਾਮੇ ਨੂੰ ਆਪਣੇ ਕੋਲ ਬੁਲਾ ਲਵੋ। ਇਹਨੂੰ ਬਾਹਰ ਨਹੀਂ ਜਾਣ ਦੇਣਾ। ਜੇ ਕੋਈ ਨਸ਼ੱਈ ਤੁਹਾਡੇ ਘਰ ਆਵੇ ਤਾਂ ਉਹ ਨੂੰ ਘੂਰ ਕੇ ਮੋੜ ਦੇਣਾ। ਹਫ਼ਤੇ ਦੀ ਮੁੰਡੇ ਨੂੰ ਦਵਾਈ ਦੇ ਰਿਹਾਂ। ਮੁੰਡੇ ਦੀ ਹਾਲਤ ਸਬੰਧੀ ਮੈਨੂੰ ਦੱਸਦੇ ਰਹਿਣਾ। ਮੈਂ ਆਪ ਵੀ ਤੁਹਾਡੇ ਨਾਲ ਤਾਲਮੇਲ ਰੱਖਾਂਗਾ।’ ਫਿਰ ਮੁੰਡੇ ਨੂੰ ਬੁਲਾ ਕੇ ਉਸ ਕੋਲੋਂ ਮੋਬਾਈਲ ਲੈਂਦਿਆਂ ਡਾਕਟਰ ਨੇ ਕਿਹਾ, ‘ਤੇਰੀ ਇਹ ਅਮਾਨਤ ਮੇਰੇ ਕੋਲ ਪਈ ਹੈ। ਅਗਲੇ ਹਫ਼ਤੇ ਜਦੋਂ ਦਵਾਈ ਲੈਣ ਆਇਆ ਤਾਂ ਦੇ ਦੇਵਾਂਗਾ।’
ਚੌਥੇ ਕੁ ਦਿਨ ਬਜ਼ੁਰਗ ਬਾਪ ਦਾ ਟੈਲੀਫੋਨ ਆਇਆ। ਉਸ ਨੇ ਉਤਸ਼ਾਹ ਭਰੇ ਬੋਲਾਂ ਨਾਲ ਕਿਹਾ, ‘ਮੁੰਡੇ ਦਾ ਮਾਮਾ ਆ ਗਿਆ ਜੀ ਸਾਡੇ ਕੋਲ। ਉਹ ਪਰਛਾਵੇਂ ਵਾਂਗ ਆਪਣੇ ਭਾਣਜੇ ਦੇ ਨਾਲ ਰਹਿੰਦੈ। ਦੋ ਤਿੰਨ ਨਸ਼ੱਈ ਮੁੰਡਿਆਂ ਨੇ ਜਦੋਂ ਬੂਹਾ ਖੜਕਾਇਆ ਤਾਂ ਉਸ ਦੇ ਮਾਮੇ ਨੇ ਉਨ੍ਹਾਂ ਨੂੰ ਤਾੜਦਿਆਂ ਕਿਹਾ ਕਿ ਮੁੜਕੇ ਇੱਧਰ ਨਹੀਂ ਆਉਣਾ...।’’ ਦਵਾਈ ਨਾਲ ਕੁਝ ਸੂਤ ਐ।’ ਡਾਕਟਰ ਨੇ ਭਰਵੇਂ ਹੁੰਗਾਰੇ ਤੋਂ ਬਾਅਦ ਫੋਨ ਕੱਟ ਦਿੱਤਾ। ਹਫ਼ਤੇ ਬਾਅਦ ਨਸ਼ਾ ਮੁਕਤ ਹੋ ਰਿਹਾ ਨੌਜਵਾਨ, ਉਸ ਦਾ ਬਾਪੂ ਅਤੇ ਮਾਮਾ ਜਦੋਂ ਡਾਕਟਰ ਕੋਲ ਆਉਣ ਲਈ ਬੱਸ ਦੀ ਉਡੀਕ ਕਰ ਰਹੇ ਸਨ ਤਾਂ ਪਿੰਡ ਦੇ ਇੱਕ ਵਿਅਕਤੀ ਨੇ ਉਨ੍ਹਾਂ ਕੋਲੋਂ ਸਰਸਰੀ ਪੁੱਛ ਲਿਆ, ‘ਕਿੱਧਰ ਦੀ ਤਿਆਰੀ ਹੈ?’ ਇਸ ਤੋਂ ਪਹਿਲਾਂ ਕਿ ਬਜ਼ੁਰਗ ਕੁਝ ਕਹਿੰਦਾ, ਮੁੰਡੇ ਨੇ ਉਤਸ਼ਾਹ ਅਤੇ ਸਤਿਕਾਰ ਨਾਲ ਕਿਹਾ, ‘ਅਸੀਂ ਇੱਕ ਭਲੇ ਪੁਰਸ਼ ਨੂੰ ਮੱਥਾ ਟੇਕਣ ਚੱਲੇ ਆਂ।’
ਸੰਪਰਕ: 94171-48866