ਏ ਆਈ ਨੂੰ ਹੁਲਾਰਾ
ਆਰਟੀਫਿਸ਼ੀਅਲ ਇੰਟੈਲੀਜੈਂਸ ਜਿਸ ਨੂੰ ਮਸਨੂਈ ਬੌਧਿਕਤਾ ਦਾ ਨਾਂ ਦਿੱਤਾ ਜਾਂਦਾ ਹੈ, ਦੇ ਖੇਤਰ ਵਿੱਚ ਭਾਰਤ ਦੇ ਆਲਮੀ ਆਗੂ ਬਣਨ ਦੀ ਖਾਹਿਸ਼ ਨੂੰ ਇੱਕ ਵੱਡਾ ਹੁਲਾਰਾ ਮਿਲਿਆ ਹੈ। ਵੱਡੀ ਤਕਨੀਕੀ ਕੰਪਨੀ ਗੂਗਲ ਨੇ ਅਗਲੇ ਪੰਜ ਸਾਲਾਂ ਵਿੱਚ 15 ਅਰਬ ਡਾਲਰ ਦਾ ਨਿਵੇਸ਼ ਕਰ ਕੇ ਆਂਧਰਾ ਪ੍ਰਦੇਸ਼ ਦੇ ਵਿਸਾਖਾਪਟਨਮ ਵਿੱਚ ਇੱਕ ਗੀਗਾਵਾਟ ਦੇ ਪੱਧਰ ਦੀ
ਏਆਈ ਹੱਬ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਇਹ ਅਮਰੀਕਾ ਤੋਂ ਬਾਹਰ ਬਣਨ ਵਾਲੀ ਕੰਪਨੀ ਦੀ ਸਭ ਤੋਂ ਵੱਡੀ ਏਆਈ ਹੱਬ ਹੋਵੇਗੀ। ਇਸ ਫ਼ੈਸਲੇ ਤੋਂ ਗੂਗਲ ਦੀਆਂ ਆਲਮੀ ਯੋਜਨਾਵਾਂ ਵਿੱਚ ਭਾਰਤ ਦੀ ਅਹਿਮੀਅਤ ਰੇਖਾਂਕਿਤ ਹੁੰਦੀ ਹੈ। ਗੂਗਲ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਦੇਸ਼ ਵਿਚ ਵੱਡੇ ਪੈਮਾਨੇ ਅਤੇ ਗਤੀ ਨਾਲ ਇੱਕ ਡਿਜੀਟਲ ਤਬਦੀਲੀ ਦੇਖਣ ਨੂੰ ਮਿਲੀ ਹੈ ਅਤੇ ਕੰਪਨੀ ਨੇ ਕਿਹਾ ਹੈ
ਕਿ ਇਹ ਉਹ ਭਾਰਤ ਸਰਕਾਰ ਅਤੇ ਸਨਅਤ ਦੇ ਆਗੂਆਂ ਨਾਲ ਮਿਲ ਕੇ ਕੰਮ
ਕਰਨਾ ਚਾਹੁੰਦੀ ਹੈ ਤਾਂ ਕਿ ‘ਇੱਕ ਏਆਈ ਫਸਟ ਨੇਸ਼ਨ’ ਦੇ ਸੰਕਲਪ ਨੂੰ ਸਾਕਾਰ ਕੀਤਾ ਜਾ ਸਕੇ।
ਭਾਰਤ ਅਤੇ ਅਮਰੀਕਾ ਵਿਚਕਾਰ ਟੈੱਕ ਸਹਿਯੋਗ ਵਿੱਚ ਇਹ ਭਰੋਸੇਮੰਦ ਅਧਿਆਏ ਉਦੋਂ ਖੁੱਲ੍ਹਿਆ ਹੈ ਜਦੋਂ ਦੁਵੱਲੀ ਵਪਾਰ ਵਾਰਤਾ ਮੁੜ ਸ਼ੁਰੂ ਹੋਣ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦੰਡਕਾਰੀ ਟੈਰਿਫ ਲਾਉਣ ਅਤੇ ਐਚ1ਬੀ ਉੱਪਰ ਰੋਕਾਂ ਲਾਉਣ ਕਰ ਕੇ ਦਿੱਲੀ ਤੇ ਵਾਸ਼ਿੰਗਟਨ ਦੇ ਸਬੰਧਾਂ ਵਿੱਚ ਖਟਾਸ ਆ ਗਈ ਸੀ ਪਰ ਏਆਈ ਹੱਬ ਵਿਕਸਤ ਕਰਨ ਦਾ ਉਦਮ ਦਰਸਾਉਂਦਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਹਾਲੇ ਵੀ ਸਾਂਝੇਦਾਰੀ ਦੀ ਕਾਫ਼ੀ ਗੁੰਜਾਇਸ਼ ਮੌਜੂਦ ਹੈ। ਆਲਮੀ ਏਆਈ ਨਵੀਨ ਖੋਜਾਂ ਵਿੱਚ ਅਮਰੀਕਾ ਮੋਹਰੀ ਮੁਲਕ ਹੈ ਜੋ ਕਿ ਭਾਰਤ ਦੇ ਤੇਜ਼ੀ ਨਾਲ ਉੱਭਰ ਰਹੇ ਡਿਜੀਟਲ ਅਰਥਚਾਰੇ ਵਿੱਚ ਕਾਫ਼ੀ ਜ਼ਿਆਦਾ ਹਿੱਸਾ ਪਾ ਸਕਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਏਆਈ ਇਸ ਸਦੀ ਦੀ ਸਭ ਤੋਂ ਵੱਧ ਪਰਿਵਰਤਨਕਾਰੀ ਤਕਨਾਲੋਜੀ ਸਾਬਿਤ ਹੋ ਰਹੀ ਹੈ। ਭਾਰਤ ਇਸ ਮਾਮਲੇ ਵਿੱਚ ਪਿਛਾਂਹ ਨਹੀਂ ਰਹਿ ਸਕਦਾ। ਇਸ ਨੂੰ ਉਤਸ਼ਾਹ ਦਿਖਾਉਣਾ ਪਵੇਗਾ ਤਾਂ ਕਿ ਏਆਈ ਦੇ ਲਾਭ ਅਖ਼ੀਰਲੇ ਵਰਗਾਂ ਤੱਕ ਪਹੁੰਚ ਸਕਣ। ਇਸ ਲਈ ਇੱਕ ਭਰਵਾਂ ਈਕੋਸਿਸਟਮ ਵਿਕਸਤ ਕਰਨ ਦੀ ਲੋੜ ਹੈ ਜਿਸ ਨਾਲ ਸਿਹਤ ਸੰਭਾਲ, ਖੇਤੀਬਾੜੀ, ਸਿੱਖਿਆ,
ਵਿੱਤ, ਟਰਾਂਸਪੋਰਟ ਜਿਹੇ ਵੱਖ-ਵੱਖ ਖੇਤਰਾਂ ਲਈ ਤੇਜ਼ੀ ਨਾਲ ਏਆਈ ਸੰਚਾਲਿਤ ਸਮਾਧਾਨ ਪੈਦਾ ਹੋ ਸਕਣ। ਇਸ ਦੇ ਨਾਲ ਹੀ ਵੱਖ-ਵੱਖ ਖੇਤਰਾਂ ਵਿੱਚ ਏਆਈ ਦੇ ਪੈਣ ਵਾਲੇ ਨਾਂਹ-ਮੁਖੀ ਅਸਰਾਂ ਨੂੰ ਲੈ ਕੇ ਚਿੰਤਾਵਾਂ ਵੀ ਵਧ ਰਹੀਆਂ ਹਨ। ਭਾਰਤ
ਵਰਗੇ ਮੁਲਕਾਂ ਵਿੱਚ ਬੇਰੁਜ਼ਗਾਰੀ ਪਹਿਲਾਂ ਹੀ ਵੱਡਾ ਸੰਕਟ ਬਣ ਚੁੱਕੀ ਹੈ ਅਤੇ ਜੇ ਏਆਈ ਦੀ ਵਰਤੋਂ ਨਾਲ ਰੁਜ਼ਗਾਰ ਦੇ ਮੌਕੇ ਘਟਦੇ ਹਨ ਤਾਂ ਇਸ ਨਾਲ ਪੈਦਾ
ਹੋਣ ਵਾਲੀਆਂ ਸਮਾਜਿਕ ਸਮੱਸਿਆਵਾਂ ਪ੍ਰਤੀ ਵੀ ਸੋਚਣਾ ਅਤੇ ਸਮਾਧਾਨ ਕੱਢਣੇ ਓਨੇ ਹੀ ਜ਼ਰੂਰੀ ਹਨ।