ਭਾਗਵਤ ਦਾ ਸੁਨੇਹਾ
ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਨੇ ਵਿਜੈ ਦਸਮੀ ਰੈਲੀ ਵਿੱਚ ਆਪਣੇ ਸੰਬੋਧਨ ਦੌਰਾਨ ਸਦਭਾਵਨਾ ਭਰਿਆ ਸੁਰ ਛੇਡਿ਼ਆ ਹੈ, ਜੋ ਸੰਘ ਦੇ ਸ਼ਤਾਬਦੀ ਸਮਾਰੋਹਾਂ ਨਾਲ ਮੇਲ ਖਾਂਦਾ ਸੀ। ਇਸ ਗੱਲ ਨੂੰ ਸਵੀਕਾਰ ਕਰਦੇ ਹੋਏ ਕਿ ਭਾਰਤੀ ਸੱਭਿਆਚਾਰ ਸਾਨੂੰ ਵੰਨ-ਸਵੰਨਤਾ ਦੇ ਸਾਰੇ ਰੂਪਾਂ ਦਾ ਸਤਿਕਾਰ ਕਰਨ ਅਤੇ ਅਪਣਾਉਣ ਦੀ ਸਿੱਖਿਆ ਦਿੰਦਾ ਹੈ, ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਸੇ ਵੀ ਰਾਸ਼ਟਰ ਦੀ ਪ੍ਰਗਤੀ ਵਿੱਚ ਸਭ ਤੋਂ ਮਹੱਤਵਪੂਰਨ ਕਾਰਕ ਇਸ ਦੀ ਸਮਾਜਿਕ ਏਕਤਾ ਹੈ। ਇਹ ਵੀ ਮਹੱਤਵਪੂਰਨ ਹੈ ਕਿ ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਗੁਰੂ ਤੇਗ ਬਹਾਦਰ, ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕਰ ਕੇ ਕੀਤੀ, ਉਨ੍ਹਾਂ ਨੂੰ ਰਾਸ਼ਟਰ ਪ੍ਰਤੀ ਸ਼ਰਧਾ, ਸਮਰਪਣ ਅਤੇ ਸੇਵਾ ਦੇ ਮਿਸਾਲੀ ਪ੍ਰਤੀਕ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਹਿੰਦੂ ਸਮਾਜ ‘ਅਸੀਂ ਅਤੇ ਉਹ’ ਦੀ ਮਾਨਸਿਕਤਾ ਤੋਂ ਮੁਕਤ ਹੈ ਅਤੇ ਮੁਕਤ ਰਹੇਗਾ, ਜੋ ਵੰਡੀਆਂ ਪੈਦਾ ਕਰਦੀ ਹੈ। ਮੋਹਨ ਭਾਗਵਤ ਦੇ ਇਹ ਸ਼ਬਦ ਉਨ੍ਹਾਂ ਲੋਕਾਂ ਦੇ ਕੰਨੀਂ ਜ਼ਰੂਰ ਪੈਣੇ ਚਾਹੀਦੇ ਹਨ ਜਿਹੜੇ ‘ਵੰਡੋ ਅਤੇ ਰਾਜ ਕਰੋ’ ਦੀ ਰਾਜਨੀਤੀ ’ਤੇ ਪ੍ਰਫੁੱਲਤ ਹੁੰਦੇ ਹਨ।
ਜ਼ਾਹਿਰ ਹੈ ਕਿ ਮੋਹਨ ਭਾਗਵਤ ਨੇ ਆਪਣੇ ਭਾਸ਼ਣ ਵਿੱਚ ਮੋਦੀ ਸਰਕਾਰ ਨੂੰ ਸੋਚ-ਵਿਚਾਰ ਲਈ ਬਹੁਤ ਕੁਝ ਦੇ ਦਿੱਤਾ ਹੈ। ਉਨ੍ਹਾਂ ਨੇ ਭਾਰਤ ਦੇ ਗੁਆਂਢ ਵਿੱਚ ਫੈਲ ਰਹੀ ਅਸ਼ਾਂਤੀ ਨੂੰ ਸਰਕਾਰਾਂ ਤੇ ਲੋਕਾਂ ਵਿਚਕਾਰ ਤਾਲਮੇਲ ਦੀ ਘਾਟ ਅਤੇ ਲੋਕ-ਮੁਖੀ ਪ੍ਰਸ਼ਾਸਕਾਂ ਦੀ ਕਮੀ ਨਾਲ ਜੋੜਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਭਾਰਤ ਵਿੱਚ ਅਜਿਹੀ ਗੜਬੜੀ ਪੈਦਾ ਕਰਨ ਦੀ ਇੱਛਾ ਰੱਖਣ ਵਾਲੀਆਂ ਤਾਕਤਾਂ ਦੇਸ਼ ਦੇ ਅੰਦਰ ਤੇ ਬਾਹਰ, ਦੋਵੇਂ ਪਾਸੇ ਸਰਗਰਮ ਹਨ। ਸ਼ਾਸਕਾਂ ਲਈ ਉਨ੍ਹਾਂ ਦਾ ਸੰਦੇਸ਼ ਸਪੱਸ਼ਟ ਹੈ: ਬੇਪਰਵਾਹੀ ਜਾਂ ਉਦਾਸੀਨਤਾ ਲਈ ਕੋਈ ਥਾਂ ਨਹੀਂ ਹੈ। ਭਾਗਵਤ ਦੀ ਸਵਦੇਸ਼ੀ (ਦੇਸੀ ਵਸਤੂਆਂ ਅਤੇ ਸਰੋਤਾਂ ਦੀ ਵਰਤੋਂ) ਅਤੇ ਸਵਾਵਲੰਬਨ (ਆਤਮ-ਨਿਰਭਰਤਾ) ਦੀ ਵਕਾਲਤ ਸਰਕਾਰ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੀ ਹੈ, ਪਰ ਉਨ੍ਹਾਂ ਨੇ ਆਰਥਿਕ ਪ੍ਰਣਾਲੀ ਦੀਆਂ ਕਮੀਆਂ ਨੂੰ ਉਜਾਗਰ ਕੀਤਾ ਹੈ, ਜਿਵੇਂ ਅਮੀਰ ਅਤੇ ਗ਼ਰੀਬ ਵਿਚਕਾਰ ਲਗਾਤਾਰ ਵਧ ਰਿਹਾ ਪਾੜਾ। ਤੱਥ ਇਹੀ ਹਨ ਕਿ ਸਾਢੇ ਤਿੰਨ ਦਹਾਕੇ ਪਹਿਲਾਂ ਆਰੰਭ ਹੋਈਆਂ ਨਵੀਆਂ ਆਰਥਿਕ ਨੀਤੀਆਂ ਤੋਂ ਬਾਅਦ ਇਹ ਪਾੜਾ ਵਧ ਰਿਹਾ ਹੈ। ਇਸ ਨਾਲ ਇਹ ਤੱਥ ਵੀ ਉਜਾਗਰ ਹੋ ਰਹੇ ਹਨ ਕਿ ਭਾਰਤ ਵਿਕਾਸ ਤਾਂ ਕਰ ਰਿਹਾ ਹੈ ਪਰ ਇਹ ਵਿਕਾਸ ਰੁਜ਼ਗਾਰ ਮੁਖੀ ਨਹੀਂ ਹੈ।
ਭਾਰਤ ਲਈ ਆਲਮੀ ਪੱਧਰ ਦੀਆਂ ਚੁਣੌਤੀ, ਜਿਵੇਂ ਮੋਹਨ ਭਾਗਵਤ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਵਿਸ਼ਵਵਿਆਪੀ ਆਪਸੀ ਨਿਰਭਰਤਾ ਕੋਈ ਮਜਬੂਰੀ ਨਾ ਬਣ ਜਾਵੇ। ਉਹ ਚਾਹੁੰਦੇ ਹਨ ਕਿ ਦਿੱਲੀ ਆਪਣੇ ਰੁਖ਼ ’ਤੇ ਕਾਇਮ ਰਹੇ ਅਤੇ “ਆਪਣੀ ਮਰਜ਼ੀ ਅਨੁਸਾਰ ਕੰਮ ਕਰੇ।” ਇਹ ਸਪੱਸ਼ਟ ਹੈ ਕਿ ਆਰ ਐੱਸ ਐੱਸ ਭਾਰਤੀ ਜਨਤਾ ਪਾਰਟੀ ਦੇ ਹੇਠਾਂ ਲੱਗ ਕੇ ਚੱਲਣ ਦੇ ਰੌਂਅ ਵਿੱਚ ਨਹੀਂ ਹੈ। ਇੱਕ ਅਹਿਮ ਮੀਲ ਪੱਥਰ ਪਾਰ ਕਰਨ ਤੋਂ ਬਾਅਦ, 100 ਸਾਲ ਪੁਰਾਣਾ ਰਾਸ਼ਟਰੀ ਸਵੈਮਸੇਵਕ ਸੰਘ ਨਵੇਂ ਜੋਸ਼ ਨਾਲ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੂੰ ਮਾਰਗ ਦਰਸ਼ਨ ਅਤੇ ਸਲਾਹ ਦੇਣ ਲਈ ਤਿਆਰ ਹੈ।