ਰਾਵੀ ਦੀਆਂ ਛੱਲਾਂ ਅੱਗੇ...
ਬ੍ਰਿਟਿਸ਼ ਹਕੂਮਤ ਸਮੇਂ 1876-78 ਦੌਰਾਨ ਦੇਸ਼ ’ਚ ਭਿਆਨਕ ਕਾਲ ਪਿਆ, ਜਿਸ ਦੌਰਾਨ ਭੋਜਨ, ਚਾਰੇ ਅਤੇ ਪਾਣੀ ਦੀ ਘਾਟ ਹੋਣੀ ਹੀ ਸੀ। ਇਹ ਕਾਲ ਮੀਂਹ ਨਾ ਆਉਣ ਕਾਰਨ ਪਿਆ ਸੀ। ਕਾਲ ਸਬੰਧੀ ਕਮਿਸ਼ਨ ਦੀ ਸਿਫ਼ਾਰਿਸ਼ ’ਤੇ ਬਰਤਾਨਵੀ ਹਕੂਮਤ ਨੇ ਸਾਲ 1882 ਦੌਰਾਨ ਪੂਰਬੀ ਪੰਜਾਬ ਵਿੱਚ ਸਰਹਿੰਦ ਨਹਿਰ ਕੱਢੀ ਅਤੇ ਪੱਛਮੀ ਪੰਜਾਬ ਵਿੱਚ ਨਹਿਰੀ ਕਲੋਨੀਆਂ ਦਾ ਜਾਲ ਵਿਛਾ ਦਿੱਤਾ। ਕਣਕ ਤੇ ਕਪਾਹ ਦਾ ਭਰਪੂਰ ਉਤਪਾਦਨ ਹੋਣ ਲੱਗਾ। ਉਨ੍ਹਾਂ ਪੰਜਾਬ ਨੂੰ ਖੇਤੀ ਸੂਬੇ ਵਜੋਂ ਉਭਾਰਿਆ ਅਤੇ ਸੋਕੇ ਦੀ ਮਾਰ ਦਾ ਪੱਕਾ ਹੱਲ ਲੱਭ ਲਿਆ ਸੀ। ਫਿਰ ਆਜ਼ਾਦ ਦੇਸ਼ ਵਿੱਚ ਅਸੀਂ ਵਾਰ ਵਾਰ ਹੜ੍ਹਾਂ ਦੀ ਮਾਰ ਕਿਉਂ ਝੱਲ ਰਹੇ ਹਾਂ?
ਹਿਮਾਚਲ ਤੇ ਜੰਮੂ ਸੂਬਿਆਂ ਵਿੱਚ ਫਟਦੇ ਬੱਦਲ, ਖਿਸਕਦੇ ਪਹਾੜ ਅਤੇ ਕਾਰਾਂ, ਮੋਟਰਾਂ ਤੇ ਮਕਾਨਾਂ ਨੂੰ ਆਪਣੀ ਲਪੇਟ ਵਿੱਚ ਲੈਂਦਾ ਹੋਇਆ ਸ਼ੂਕਦਾ ਪਾਣੀ ਪੰਜਾਬ ਲਈ ਖ਼ਤਰੇ ਦੇ ਵੱਡੇ ਸੰਕੇਤ ਸਨ। ਇਹੋ ਹੋਇਆ। ਪਹਿਲਾ ਧੱਕਾ ਪਠਾਨਕੋਟ ਨੂੰ ਲੱਗਿਆ। ਬਿਆਸ ਦਾ ਪਹਿਲਾ ਹਮਲਾ ਪੰਜਾਬ ਦੇ ਮੈਦਾਨਾਂ ਨੇ ਝੱਲ ਲਿਆ। ਹੁਣ ਰਾਵੀ ਦੀ ਵਾਰੀ ਸੀ। ਪੂਰਬ-ਪੱਛਮ, ਚੜ੍ਹਦੇ ਤੇ ਲਹਿੰਦੇ ਪਾਸੇ ਰਾਵੀ ਦਾ ਬੰਨ੍ਹ ਟੁੱਟਿਆ। 27 ਅਗਸਤ ਦੀ ਸਵੇਰ ਨੂੰ ਕੁਝ ਘੰਟਿਆਂ ਵਿੱਚ ਰਮਦਾਸ ਖੇਤਰ ਦੇ ਵੀਹ ਤੋਂ ਵੱਧ ਪਿੰਡ ਪਾਣੀ ਦੀ ਮਾਰ ਹੇਠ ਆ ਗਏ। ਫਿਰ ਅਜਿਹੀ ਮਾਰ ਅਜਨਾਲਾ ਤਹਿਸੀਲ ਦੇ ਪਿੰਡਾਂ ਵਿੱਚ ਪਈ। ਫਿਰ ਬਿਆਸ ਤੇ ਸਤਲੁਜ ਵੀ ਇਸੇ ਤੋਰ ਤੁਰ ਪਏ।
* * *
ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ। ਠੇਕੇ ’ਤੇ ਲੈ ਕੇ ਜ਼ਮੀਨ ਵਾਹੁੰਦੇ ਕਈ ਕਿਸਾਨ ਬਹੁਤ ਚਿੰਤਤ ਨਜ਼ਰ ਆਏ। ਉਨ੍ਹਾਂ ਵਿੱਚੋਂ ਕਈ ਕੈਮਰੇ ਅੱਗੇ ਗੱਲ ਹੀ ਨਾ ਕਰ ਸਕੇ, ਕਈ ਗੱਲ ਕਰਦੇ-ਕਰਦੇ ਬਹੁਤ ਭਾਵੁਕ ਹੋ ਜਾਂਦੇ। ਬਜ਼ੁਰਗ ਮਾਪਿਆਂ ਨੂੰ ਪਿੱਠ ’ਤੇ ਚੁੱਕੀ ਆਉਂਦੇ ਵਿਅਕਤੀਆਂ ਨੇ ਦੇਸ਼ ਵੰਡ ਦਾ ਦੁਖਾਂਤ ਯਾਦ ਕਰਵਾ ਦਿੱਤਾ। ਇੱਕ ਬੱਚੀ ਇੱਕ ਕੁੱਤੇ ਦੀ ਪਿੱਠ ’ਤੇ ਪਲਾਕੀ ਮਾਰ ਕੇ ਲਮਕ ਗਈ। ਉਸ ਕੁੱਤੇ ਨੇ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਉਸ ਨੂੰ ਹੜ੍ਹ ਦੇ ਪਾਣੀ ਵਿੱਚੋਂ ਸੁਰੱਖਿਅਤ ਪਾਰ ਲੰਘਾਇਆ।
ਯੂ ਟਿਊਬ ਚੈਨਲਾਂ ਨੇ ਖ਼ਤਰੇ ਦੇ ਨਿਸ਼ਾਨਾਂ ਤੇ ਤੇਜ਼ ਪਾਣੀ ਦੇ ਵਹਾਅ ਦੀਆਂ ਸਮੇਂ ਸਿਰ ਸੂਚਨਾਵਾਂ ਦਿੱਤੀਆਂ। ਉਨ੍ਹਾਂ ਦੇ ਕੈਮਰੇ ਅੰਦਰੂਨੀ ਹਾਲਾਤ ’ਤੇ ਕੇਂਦਰਿਤ ਰਹੇ। ਹੜ੍ਹ ਖੇਤਰਾਂ ’ਚ 4x4 ਟਰੈਕਟਰਾਂ ਨੇ ਆਵਾਜਾਈ ਨੂੰ ਸੰਭਵ ਬਣਾਇਆ। ‘ਪਿੱਕੇ’ ਸਾਮਾਨ ਢੋਣ ਲਈ ਕਾਰਗਰ ਸਾਬਿਤ ਹੋਏ।
ਰਾਵੀ ਦੀ ਮਾਰ ਹੇਠ ਆਏ ਪਿੰਡਾਂ ਦੇ ਲੋਕ ਸੜਕਾਂ ’ਤੇ ਆ ਗਏ ਤਾਂ ਮਾਝੇ ਦੇ ਇੱਕ ਸਾਬਕਾ ਵਜ਼ੀਰ ਦੁਕਾਨ-ਦੁਕਾਨ ’ਤੇ ਇਹ ਕਹਿੰਦੇ ਦੇਖੇ ਗਏ, ‘‘ਹੁਣ ਮਾੜਾ ਸਮਾਂ, ਰੇਟ ਵੱਧ ਨਾ ਲਾਇਓ ਜੀ।’’ ਲੋਕ ਸੇਵਾ ਦੀ ਡੂੰਘੀ ਭਾਵਨਾ ਨਾਲ ਹੀ ਅਜਿਹਾ ਕਰਨਾ ਸੰਭਵ ਹੈ। ਮਾਲਵਾ ਖਿੱਤੇ ਦੇ ਲੋਕ ਸਾਮਾਨ ਲੈ ਕੇ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਪਹਿਲਾਂ ਆਏ। ਹਰਿਆਣਾ ਦੇ ਪਿੰਡ ਬਾਜੇਕਾ ਵਿਖੇ ਇੱਕ ਵਿਅਕਤੀ ਹੋਕਾ ਦਿੰਦਾ ਸੁਣਾਈ ਦਿੱਤਾ, ‘ਪੰਜਾਬ ਕੇ ਹੜ ਪੀੜਤ ਲੋਗੋਂ ਕੇ ਲੀਏ ਰਾਸ਼ਨ ਭੇਜੋ।’ ਮਾਚਿਸਾਂ, ਮੋਮਬੱਤੀਆਂ, ਮੱਛਰਦਾਨੀਆਂ, ਤੂੜੀ, ਤਰਪਾਲਾਂ, ਲੈਂਪ, ਲਾਲਟੈਨ, ਪਾਣੀ, ਆਚਾਰ ਸਮੇਤ ਕਈ ਵਸਤਾਂ ਹੜ੍ਹ ਦੀ ਮਾਰ ਹੇਠ ਮਹੱਤਵਪੂਰਨ ਹੋ ਗਈਆਂ।
ਹੜ੍ਹਾਂ ਦਾ ਸ਼ੂਕਦਾ ਪਾਣੀ ਬੇਜ਼ੁਬਾਨ ਪਸ਼ੂਆਂ ਲਈ ਸਰਾਪ ਬਣਿਆ। ਤੇਜ਼ ਪਾਣੀ ਦੇ ਵਹਾਅ ਦੇ ਨਾਲ ਨਾਲ ਮੱਝਾਂ, ਗਾਵਾਂ, ਹਲਕੀਆਂ ਤੈਰਦੀਆਂ ਵਸਤਾਂ ਵਾਂਗ ਰੁੜ੍ਹੀਆਂ ਜਾਂਦੀਆਂ ਨਜ਼ਰ ਆਈਆਂ। ਸੋਸ਼ਲ ਮੀਡੀਆ ’ਤੇ ਅਜਿਹੇ ਕਈ ਦ੍ਰਿਸ਼ ਏਨੇ ਦੁਖਦਾਈ ਸਨ ਜੋ ਰੁਕ ਰੁਕ ਕੇ ਵੇਖਣੇ ਪਏ। ਰਾਵੀ ਦੇ ਘੁੰਮਦੇ ਪਾਣੀ ਦੀ ਮਾਰ ਹੇਠ ਆਈਆਂ ਮੱਝਾਂ ਦਾ ਇੱਕ ਵੱਡਾ ਪੂਰ ਪਾਕਿਸਤਾਨ ਵਾਲੇ ਪਾਸੇ ਵਹਿ ਗਿਆ। ਪਾਣੀ ਨੇ ਉਨ੍ਹਾਂ ਨੂੰ ਨਾਲ ਨਾਲ ਘੁੰਮਣ ਲਾ ਲਿਆ। ਤੇਜ਼ੀ ਨਾਲ ਨਿਗਾਹ ਤੋਂ ਦੂਰ ਜਾਂਦੀਆਂ ਮੱਝਾਂ ਹੁਣ ਕਾਲ਼ਾ ਧੱਬਾ ਜਿਹਾ ਹੀ ਬਣ ਕੇ ਰਹਿ ਗਈਆਂ।
ਅਜਨਾਲਾ ਖੇਤਰ ਦੇ ਇੱਕ ਡੇਰੇ ਵਿੱਚ ਸ਼ੂਕਦੇ ਆਉਂਦੇ ਹੜ੍ਹ ਦੇ ਪਾਣੀ ਦੀ ਰਫ਼ਤਾਰ ਨੂੰ ਦੇਖਦਿਆਂ ਘਰ ਵਾਲੇ ਬੰਨ੍ਹੇ ਪਸ਼ੂਆਂ ਦੇ ਰੱਸੇ ਖੋਲ੍ਹਣੇ ਭੁੱਲ ਗਏ। ਬੱਝੀਆਂ ਮੱਝਾਂ-ਗਾਈਆਂ ਦੇ ਚਿਹਰਿਆਂ ’ਤੇ ਛੱਲਾਂ ਚਪੇੜਾਂ ਵਾਂਗ ਵੱਜ ਰਹੀਆਂ ਸਨ। ਉਨ੍ਹਾਂ ਬੇਜ਼ੁਬਾਨਾਂ ਕੋਲ ਗਰਦਨ ਹਿਲਾਉਣ ਜੋਗੀ ਮਸਾਂ ਫੁੱਟ ਕੁ ਥਾਂ ਹੀ ਸੀ। ਪਾਣੀ ਦੀ ਮਾਰ ਅੱਗੇ ਪਸ਼ੂਆਂ ਲਈ ਮਰਨ ਲੱਗਿਆਂ ਇਹ ਜਗ੍ਹਾ ਬਹੁਤ ਥੁੜ ਗਈ ਸੀ।
ਅਜਿਹੇ ਇੱਕ ਹੋਰ ਖੇਤਰ ਵਿੱਚ ਇੱਕ ਗਾਂ ਤੇ ਉਸਦੀ ਵੱਛੀ ਘਰ ਦੇ ਪਿਛਲੇ ਪਾਸੇ ਬੰਨ੍ਹੀਆਂ ਰਹਿ ਗਈਆਂ। ਤਿੰਨ-ਚਾਰ ਦਿਨਾਂ ਤੋਂ ਭੁੱਖੀਆਂ-ਭਾਣੀਆਂ ਲਈ ‘ਪ੍ਰਭ ਆਸਰਾ’ ਸੰਸਥਾ ਦੇ ਸੇਵਕ ਬੇੜੀ ਲੈ ਕੇ ਪਹੁੰਚੇ। ਇੱਕ ਨੌਜਵਾਨ ਨੇ ਅੱਗੇ ਹੋ ਕੇ ਉਨ੍ਹਾਂ ਲਈ ਤੂੜੀ ਕੱਢ ਕੇ ਦੋਵਾਂ ਪਸ਼ੂਆਂ ਨੂੰ ਪਾਈ। ਇਹ ਦ੍ਰਿਸ਼ ਦਿਲਾਂ ਨੂੰ ਸਕੂਨ ਦੇਣ ਵਾਲਾ ਸੀ। ਕਈ ਆਪਣੇ ਲਵੇਰਿਆਂ ਨੂੰ ਕੋਠਿਆਂ ’ਤੇ ਚਾੜ੍ਹ ਕੇ ਸਹਾਇਤਾ ਦੀ ਉਡੀਕ ’ਚ ਬੈਠੇ ਵਿਖਾਈ ਦਿੱਤੇ। ਅਜਿਹੇ ਹੀ ਇੱਕ ਹੋਰ ਡੇਰੇ ’ਤੇ ਇਕੱਲਾ ਉਦਾਸ ਬੈਠਾ ਕੁੱਤਾ ਬੋਟ ਨੂੰ ਟਿਕਟਿਕੀ ਲਾ ਕੇ ਵੇਖਦਾ ਰਿਹਾ। ਉਸਨੂੰ ਇੱਕ ਬੁਰਕੀ ਦੀ ਆਸ ਸੀ।
ਹੜ੍ਹਾਂ ਦਾ ਪ੍ਰਭਾਵ ਹੋਰ ਘਾਤਕ ਹੁੰਦਾ ਜਾ ਰਿਹਾ ਹੈ ਕਿਉਂਕਿ ਮੀਂਹ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਇਸ ਕਾਰਨ ਕੱਚੇ ਰਾਹਾਂ ’ਤੇ ਚਿੱਕੜ, ਆਵਾਜਾਈ ਤੇ ਰਾਹਤ ਕਾਰਜਾਂ ਲਈ ਵੱਡਾ ਅੜਿੱਕਾ ਹੈ। ਜਿਨ੍ਹਾਂ ਥਾਵਾਂ ’ਤੇ ਪਾਣੀ ਘਟਿਆ, ਉੱਥੇ ਘਰਾਂ ਦੀ ਹਾਲਤ ਅਤਿ ਖਸਤਾ ਸੀ। ਫੁੱਟ-ਫੁੱਟ ਚੀਕਣੀ ਮਿੱਟੀ ਜੰਮ ਗਈ। ਟਰੰਕਾਂ, ਅਲਮਾਰੀਆਂ ਤੇ ਬੈੱਡਾਂ ਵਿੱਚ ਪਿਆ ਸਾਮਾਨ ਖ਼ਰਾਬ ਹੋ ਗਿਆ। ਰਚ-ਮਿਚ ਪੈਂਦੇ ਮੀਂਹ ਕਾਰਨ ਬਹੁਤੇ ਘਰਾਂ ਦੀਆਂ ਛੱਤਾਂ ਚੋਣ ਲੱਗ ਪਈਆਂ। ਬਾਲਿਆਂ ਤੇ ਕਾਨਿਆਂ ਵਾਲੀਆਂ ਛੱਤਾਂ ਲਿਫ ਗਈਆਂ। ਕਈ ਘਰ ਢਹਿ ਗਏ। ਇਹ ਅਭਾਗੇ ਲੋਕ ਜਿੱਧਰ ਵੀ ਨਿਗਾਹ ਘੁਮਾਉਂਦੇ ਹਨ, ਹਰ ਪਾਸੇ ਫ਼ਿਕਰ ਹੀ ਨਜ਼ਰ ਆਉਂਦੇ ਹਨ। ਗਿੱਲੇ ਕੱਪੜੇ, ਸਿਰਾਂ ’ਤੇ ਫ਼ਿਕਰਾਂ ਦੀ ਪੰਡ. ਇਨ੍ਹਾਂ ਲੋਕਾਂ ਲਈ ਰਾਤਾਂ ਹੋਰ ਵੀ ਔਖੀਆਂ ਹੋ ਗਈਆਂ ਹਨ।
* * *
ਇਸ ਦੁੱਖ ਦੀ ਘੜੀ ਵਿੱਚ ਕਲਾ ਨਾਲ ਸਬੰਧਿਤ ਵਿਅਕਤੀਆਂ ਦੀ ਹਾਜ਼ਰੀ ਪ੍ਰਤੱਖ ਨਜ਼ਰ ਆਈ। ਗਾਇਕੀ ਤੇ ਫਿਲਮ ਜਗਤ ਨਾਲ ਜੁੜੀਆਂ ਕਈ ਹਸਤੀਆਂ ਲੋਕ ਸੇਵਾ ਵਿੱਚ ਰੁੱਝੀਆਂ ਵਿਖਾਈ ਦਿੱਤੀਆਂ। ਦੁੱਖ ਵੇਲੇ ਉਨ੍ਹਾਂ ਦੀ ਹਾਜ਼ਰੀ ਲੋਕਾਂ ਨੂੰ ਸਕੂਨ ਦਿੰਦੀ ਹੈ। ਪੀੜਤ ਲੋਕਾਂ ਨੂੰ ਕਲਾਕਾਰਾਂ ਦੀ ਮੌਜੂਦਗੀ ਜ਼ਖ਼ਮਾਂ ’ਤੇ ਮੱਲ੍ਹਮ ਵਾਂਗ ਮਹਿਸੂਸ ਹੋਈ। ਗਾਇਕ ਜਸਵੀਰ ਜੱਸੀ ਨੇ ਲੋੜਵੰਦਾਂ ਤੇ ਸੇਵਾ ਕਰਨ ਵਾਲਿਆਂ ਦਾ ਮੇਲ-ਜੋਲ ਕਰਵਾਇਆ। ਹੜ੍ਹ ’ਚ ਫਸੇ ਲੋਕਾਂ ਨੂੰ ਮਿਲਣ ਲਈ ਉਹ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਧੁਰ ਅੰਦਰ ਤੱਕ ਗਏ। ਉਨ੍ਹਾਂ ਦੇ ਚਿਹਰੇ ’ਤੇ ਲੋਕਾਂ ਦੇ ਦੁੱਖ, ਤਕਲੀਫ਼ਾਂ ਅਤੇ ਬੇਜ਼ੁਬਾਨ ਪਸ਼ੂਆਂ ਦੀ ਬੇਵੱਸੀ ਵਿਖਾਈ ਦਿੱਤੀ।
ਹੜ੍ਹ ਪੀੜਤਾਂ ਦੀ ਮੱਦਦ ਕਰਨ ਲਈ ਕਿੱਥੇ ਤੇ ਕਿਹੜੀਆਂ ਵਸਤਾਂ ਦੀ ਲੋੜ ਹੈ ਅਤੇ ਇਹ ਵਸਤਾਂ ਕਿਵੇਂ ਪਹੁੰਚਾਈਆਂ ਜਾਣ। ਇਹ ਦੋਵੇਂ ਅਹਿਮ ਸਵਾਲ ਹਨ। ਇਸ ਖੇਤਰ ਵਿੱਚ ਕੰਮ ਕਰਦੇ ਕਈ ਵਿਅਕਤੀਆਂ ਨੇ ਉਦਾਸੀ ਨਾਲ ਦੱਸਿਆ ਕਿ ਕੁਝ ਲੋਕ ਖਾਣ-ਪੀਣ ਤੇ ਲੋੜੀਂਦਾ ਸਾਮਾਨ ਜਮ੍ਹਾਂ ਕਰਨ ਲੱਗ ਪਏ ਹਨ। ਸ਼ਾਇਦ ਉਨ੍ਹਾਂ ਦੇ ਮਨਾਂ ਵਿੱਚ ਇਹ ਆਫ਼ਤ ਲੰਮਾ ਸਮਾਂ ਰਹਿਣ ਦਾ ਡਰ ਹੋਵੇ। ਸੇਵਾ ਕਰਨ ਵਾਲੇ ਲੋਕ ਨੈੱਟਵਰਕਿੰਗ ਦੀ ਘਾਟ ਵੀ ਮਹਿਸੂਸ ਕਰ ਰਹੇ ਹਨ। ਭਾਵੇਂ ਯੂਟਿਊਬਰ ਤੇ ਵੀਡੀਓਜ਼ ਪਾਉਣ ਵਾਲੇ ਇਹ ਰੋਲ ਨਿਭਾਅ ਵੀ ਰਹੇ ਹਨ। ਦਸ-ਦਸ ਪਿੰਡਾਂ ਦੇ ਗਰੁੱਪ ਬਣਾ ਕੇ ਇਹ ਕਾਰਜ ਨੇਪਰੇ ਚਾੜ੍ਹਿਆ ਜਾ ਸਕਦਾ ਹੈ।
ਬਹੁਤ ਸਾਰੀਆਂ ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਸੰਸਥਾਵਾਂ, ਸੰਗੀਤ ਤੇ ਕਲਾ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਇਸ ਦੁੱਖ ਦੀ ਘੜੀ ਵਿੱਚ ਅਥਾਹ ਯੋਗਦਾਨ ਪਾ ਰਹੇ ਹਨ। ਖ਼ਾਲਸਾ ਏਡ ਨੇ ਇਨ੍ਹਾਂ ਸੰਸਥਾਵਾਂ ਨੂੰ ਕੋਆਰਡੀਨੇਟ ਕਰਕੇ ਸੇਵਾ ਕਰਨ ਦੀ ਅਪੀਲ ਕੀਤੀ ਹੈ। ਇਸ ਸੰਸਥਾ ਨੇ ਇਹ ਰੋਲ ਨਿਭਾਉਣ ਦੀ ਪੇਸ਼ਕਸ਼ ਵੀ ਕੀਤੀ।
ਪਿੰਡ ਗੱਗੋਮਾਹਲ ਜਿੱਥੋਂ ਰਾਵੀ ਦਾ ਬੰਨ੍ਹ ਟੁੱਟਿਆ, ਉੱਥੇ ਤਾਰਾਂ ਬੰਨ੍ਹ-ਬੰਨ੍ਹ ਕੇ ਬੋਰੀਆਂ ਟਿਕਾਉਣ ਦਾ ਕੰਮ ਜ਼ੋਰਾਂ ’ਤੇ ਸੀ। ਇੱਕ ਗੁਰਮੁਖ ਸ਼ਬਦ ਪੜ੍ਹਨ ਲੱਗਿਆ ਤੇ ਫੇਰ ਕੰਮ ਕਰਦੇ ਬਾਕੀ ਬੰਦੇ ਵੀ ਪਿੱਛੇ-ਪਿੱਛੇ ਬੋਲਣ ਲੱਗੇ। ਇੱਕ ਵਿਅਕਤੀ ਨੇ ਉਸ ਨੂੰ ਪੁੱਛਿਆ, ‘‘ਤੁਹਾਡੇ ਕੋਲ ਕੋਈ ਜ਼ਮੀਨ ਵੀ ਨਹੀਂ, ਪਰ ਫੇਰ ਵੀ ਤੁਸੀਂ ਹੜ੍ਹ ਦਾ ਪਾਣੀ ਰੋਕਣ ਲਈ ਏਨੀ ਸ਼ਿੱਦਤ ਨਾਲ ਜੂਝ ਰਹੇ ਹੋ।’’ ‘‘ਜ਼ਮੀਨ ਤਾਂ ਨਹੀਂ, ਪਰ ਜ਼ਮੀਰ ਤਾਂ ਹੈ,’’ ਉਸ ਨੇ ਉੱਤਰ ਦਿੱਤਾ। ਇਹ ਲਿਖਤ ਅਜਿਹੇ ਲੋਕਾਂ ਨੂੰ ਇੱਕ ਆਵਾਜ਼ ਹੈ।
* * *
ਅਜਿਹੀਆਂ ਕੁਦਰਤੀ ਆਫ਼ਤਾਂ ਮੌਕੇ ਪ੍ਰਸ਼ਾਸਨ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਪੁਲੀਸ ਮੁਖੀਆਂ ਨੇ ਪਹਿਲਕਦਮੀ ਕਰਦਿਆਂ ਅਜਿਹੇ ਸਮੇਂ ਵਿਸ਼ੇਸ਼ ਯਤਨ ਕੀਤੇ। ਇਸ ਪੱਖੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਯਤਨ ਵਰਣਨਯੋਗ ਹਨ। ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਨੈਸ਼ਨਲ ਡਿਜ਼ਾਸਟਰ ਰੈਸਕਿਊ ਫੋਰਸ (ਐੱਨਡੀਆਰਐਫ) ਦੀ ਸਹਾਇਤਾ ਨਾਲ ਡੇਰਿਆਂ ’ਤੇ ਬੈਠੇ ਲੋਕਾਂ ਨਾਲ ਸੰਪਰਕ ਬਣਾਇਆ। ਉਨ੍ਹਾਂ ਮਾਵਾਂ ਨੂੰ ਗਲ ਲਾਇਆ ਅਤੇ ਬਜ਼ੁਰਗਾਂ ਨੇ ਉਸ ਨੂੰ ਧੀਆਂ ਵਾਂਗ ਬੁੱਕਲ ’ਚ ਲੈਂਦਿਆਂ ਕਿਹਾ, ‘‘ਡਿਪਟੀ ਕਮਿਸ਼ਨਰ ਹੋਵੇ ਤਾਂ ਇਸ ਧੀ ਵਰਗਾ।’’ ‘‘ਚਲੋ ਚਲੀਏ’’ ਡਿਪਟੀ ਕਮਿਸ਼ਨਰ ਦੇ ਇਨ੍ਹਾਂ ਬੋਲਾਂ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਵੱਡਾ ਸਬਕ ਹੈ।
ਅਜਿਹੇ ਅਹੁਦਿਆਂ ’ਤੇ ਤਾਇਨਾਤ ਕੁਝ ਅਧਿਕਾਰੀ ਘੰਟਾ ਕੁ ਹੜ੍ਹ ਦੇ ਪਾਣੀ ਵਿੱਚ ਘੁੰਮਣ ਬਾਅਦ ਅਗਲੇ ਦਿਨ ਤੱਕ ਪੈਰ ਸੁਕਾਉਂਦੇ ਰਹਿੰਦੇ ਹਨ ਪਰ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਨੇ ਵਰ੍ਹਦੇ ਮੀਂਹ ਤੇ ਗੋਡਿਆਂ ਤੱਕ ਪਾਣੀ ਦੀ ਪਰਵਾਹ ਨਾ ਕੀਤੀ। ਡਿਪਟੀ ਕਮਿਸ਼ਨਰ ਦੀ ਪਹਿਲਕਦਮੀ ਏਨੀ ਕਾਰਗਰ ਦਿਖਾਈ ਦਿੱਤੀ ਕਿ ਕਈ ਥਾਵਾਂ ’ਤੇ ਉਹ ਸ਼ੂਕਦੇ ਆਉਂਦੇ ਹੜ੍ਹ ਦੇ ਪਾਣੀਆਂ ਨੂੰ ਅਗਾਂਹ ਹੋ ਕੇ ਮਿਲੀ।
ਰਾਵੀ ਦੀਆਂ ਛੱਲਾਂ ਅੱਗੇ ਮਾਈ ਭਾਗੋ ਆ ਉਹ।
ਸੰਪਰਕ: 98158-00405