ਹਵਾਈ ਸੁਰੱਖਿਆ
ਅਹਿਮਦਾਬਾਦ ਵਿੱਚ ਏਅਰ ਇੰਡੀਆ ਦੀ ਉਡਾਣ ਏਆਈ171 ਦੇ ਭਿਆਨਕ ਹਾਦਸੇ, ਜਿਸ ਵਿੱਚ 275 ਲੋਕਾਂ ਦੀ ਮੌਤ ਹੋ ਗਈ ਸੀ, ਨੇ ਦੇਸ਼ ਨੂੰ ਭਾਰਤੀ ਹਵਾਬਾਜ਼ੀ ਖੇਤਰ ਅੰਦਰ ਵਧ ਰਹੇ ਸੰਕਟ ਦਾ ਸਾਹਮਣਾ ਕਰਵਾਇਆ ਹੈ। ਜਦੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੋਗ ਨੇ ਘੇਰਿਆ ਹੋਇਆ ਹੈ, ਉਦੋਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਦੇ ਮੁੱਢਲੇ ਆਡਿਟ ਨੇ ਗੰਭੀਰ ਹਕੀਕਤ ਦਾ ਖੁਲਾਸਾ ਕੀਤਾ ਹੈ: ਹਵਾਬਾਜ਼ੀ ਪ੍ਰਣਾਲੀ ਵਿੱਚ ਢਾਂਚਾਗਤ ਸੁਰੱਖਿਆ ਖ਼ਾਮੀਆਂ। ਖ਼ਤਰਨਾਕ ਢੰਗ ਨਾਲ ਘਸੇ ਹੋਏ ਜਹਾਜ਼ ਦੇ ਟਾਇਰਾਂ ਅਤੇ ਪ੍ਰਭਾਵਹੀਣ ਮੁਰੰਮਤ ਤੋਂ ਲੈ ਕੇ ਪ੍ਰਮੁੱਖ ਹਵਾਈ ਅੱਡਿਆਂ ’ਤੇ ਫਿੱਕੇ ਰਨਵੇਅ ਨਿਸ਼ਾਨ ਅਤੇ ਮਾੜੀ ਰੌਸ਼ਨੀ ਤੱਕ, ਇਹ ਲੱਭਤਾਂ ਕਿਸੇ ਵਿਰਲੀ-ਟਾਵੀਂ ਗ਼ਲਤੀ ਦੀ ਨਹੀਂ, ਬਲਕਿ ਅੰਤਾਂ ਦੀ ਲਾਪਰਵਾਹੀ ਦਰਸਾਉਂਦੀਆਂ ਹਨ। ਇਸ ਦੁਖਾਂਤ ਤੋਂ ਬਾਅਦ ਡੀਜੀਸੀਏ ਵੱਲੋਂ ਉਲੀਕੀ ਸੰਪੂਰਨ ਆਡਿਟ ਰੂਪ-ਰੇਖਾ ਤੇ ਮਾਹਿਰ ਟੀਮਾਂ ਦੀ ਤਾਇਨਾਤੀ ਸਵਾਗਤਯੋਗ ਕਦਮ ਹਨ, ਪਰ ਕਮੀਆਂ ਕਾਫ਼ੀਆਂ ਗਹਿਰੀਆਂ ਹਨ।
ਚਿੰਤਾਜਨਕ ਤੌਰ ’ਤੇ ਹਾਦਸੇ ਤੋਂ ਕੁਝ ਦਿਨਾਂ ਬਾਅਦ ਇੱਕ ਹੋਰ ਏਅਰ ਇੰਡੀਆ ਦੀ ਉਡਾਣ ਲੰਡਨ ਤੋਂ ਮੁੰਬਈ ਏਆਈ130, ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ ਸੱਤ ਵਿਅਕਤੀ ਉਡਾਣ ਦੌਰਾਨ ਬਿਮਾਰ ਹੋ ਗਏ। ਕਥਿਤ ਤੌਰ ’ਤੇ ਖ਼ਰਾਬ ਭੋਜਨ ਜਾਂ ਸੰਭਾਵੀ ਤੌਰ ’ਤੇ ਕੈਬਿਨ ਦੇ ਡੀਕੰਪ੍ਰੈਸ਼ਨ ਕਾਰਨ ਯਾਤਰੀਆਂ ਨੂੰ ਉਲਟੀ ਅਤੇ ਚੱਕਰ ਆਉਣ ਦਾ ਅਹਿਸਾਸ ਹੋਇਆ। ਮੈਡੀਕਲ ਐਮਰਜੈਂਸੀ ਦੀ ਇਹ ਘਟਨਾ ਉਡਾਣ ਦੌਰਾਨ ਸੁਰੱਖਿਆ ਤੇ ਗੁਣਵੱਤਾ ਕੰਟਰੋਲ ਵਿਚਲੀਆਂ ਖ਼ਾਮੀਆਂ ਨੂੰ ਸਪੱਸ਼ਟ ਤੌਰ ’ਤੇ ਉਜਾਗਰ ਕਰਦੀ ਹੈ। ਇਸ ਦੌਰਾਨ ਹਾਲ ਹੀ ਦੇ ਦਿਨਾਂ ਵਿੱਚ ਕਈ ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਹੋਈ ਹੈ ਅਤੇ ਏਅਰਲਾਈਨ ਦੇ ਸੰਚਾਲਨ ਵਿੱਚ ਹੋਰ ਕਮੀਆਂ ਵੀ ਸਾਹਮਣੇ ਆਈਆਂ ਹਨ। ਪਹਿਲਾਂ ਵੀ ਕਈ ਮੌਕਿਆਂ ’ਤੇ ਯਾਤਰੀਆਂ ਨੇ ਹਵਾਬਾਜ਼ੀ ਖੇਤਰ ਦੀਆਂ ਮੁਸ਼ਕਿਲਾਂ ਨੂੰ ਉਭਾਰਿਆ ਹੈ, ਪਰ ਅਹਿਮਦਾਬਾਦ ਦੀ ਘਟਨਾ ਨੇ ਹੁਣ ਸਾਰਾ ਧਿਆਨ ਇਸ ਪਾਸੇ ਕੇਂਦਰ ਕਰ ਦਿੱਤਾ ਹੈ।
ਇਹ ਕੋਈ ਇਤਫ਼ਾਕ ਨਹੀਂ ਹੈ; ਇਹ ਅਣਗੌਲੀਆਂ ਚਿਤਾਵਨੀਆਂ, ਸਾਂਭ-ਸੰਭਾਲ ਦੀਆਂ ਢਿੱਲਾਂ, ਹਲਕੀ ਨਿਗਰਾਨੀ ਅਤੇ ਮਾੜੀ ਤਿਆਰੀ ਦੀ ਉਦਾਹਰਨ ਹੈ। ਇਹ ਹੁਣ ਕੇਵਲ ਕਿਸੇ ਇੱਕ ਹਾਦਸੇ ਜਾਂ ਇਕੱਲੀ ਘਟਨਾ ਬਾਰੇ ਨਹੀਂ ਹੈ; ਭਾਰਤ ਦਾ ਸਮੁੱਚਾ ਹਵਾਬਾਜ਼ੀ ਖੇਤਰ ਢਾਂਚਾਗਤ ਨਾਕਾਮੀਆਂ ਦੇ ਵਿਚਾਲੇ ਫਸਿਆ ਹੋਇਆ ਹੈ, ਤੇ ਯਾਤਰੀ ਇਸ ਦੀ ਕੀਮਤ ਚੁਕਾ ਰਹੇ ਹਨ, ਕੁਝ ਤਕਲੀਫ਼ ਉਠਾ ਕੇ ਅਤੇ ਕੁਝ ਆਪਣੀ ਜਾਨ ਗੁਆ ਕੇ। ਭਾਰਤ ਦੇ ਹਵਾਬਾਜ਼ੀ ਖੇਤਰ ਦਾ ਵਿਸਤਾਰ ਸੁਰੱਖਿਆ ਨਾਲ ਸਮਝੌਤਾ ਕਰ ਕੇ ਨਹੀਂ ਹੋਣਾ ਚਾਹੀਦਾ। ਰੈਗੂਲੇਟਰੀ ਸੁਧਾਰ ਹੁਣ ਜਵਾਬਦੇਹੀ ਨਾਲ ਮੇਲ ਖਾਣੇ ਚਾਹੀਦੇ ਹਨ। ਜਿਹੜੀਆਂ ਏਅਰਲਾਈਨਾਂ ਵਾਰ-ਵਾਰ ਨਿਯਮਾਂ ਦਾ ਉਲੰਘਣਾ ਕਰਦੀਆਂ ਹਨ, ਉਨ੍ਹਾਂ ਨੂੰ ਜੁਰਮਾਨੇ ਲਾਉਣੇ ਪੈਣਗੇ ਅਤੇ ਆਵਾਜ਼ ਚੁੱਕਣ ਵਾਲਿਆਂ ਦੀ ਵੀ ਪਿੱਠ ਥਾਪੜਨੀ ਪਏਗੀ। ਏਆਈ171 ਹਾਦਸਾ ਮਹੱਤਵਪੂਰਨ ਤਬਦੀਲੀ ਦਾ ਜ਼ਰੀਆ ਬਣਨਾ ਚਾਹੀਦਾ ਹੈ। ਦੇਸ਼ ਨੂੰ ਚਾਹੀਦਾ ਹੈ ਕਿ ਉਹ ਹੁਣ ਹਵਾਈ ਸੁਰੱਖਿਆ ਨੂੰ ਵੱਧ ਤੋਂ ਵੱਧ ਗੰਭੀਰਤਾ ਨਾਲ ਮੁੜ ਵਿਚਾਰੇ। ਆਖ਼ਿਰਕਾਰ ਇਹ ਮਸਲਾ ਲੋਕਾਂ ਦੀਆਂ ਜਾਨਾਂ ਨਾਲ ਜੁੜਿਆ ਹੋਇਆ ਹੈ। ਇਸ ਬਾਬਤ ਕੋਈ ਕੋਤਾਹੀ ਨਹੀਂ ਹੋਣੀ ਚਾਹੀਦੀ।