ਏਅਰ ਇੰਡੀਆ ਹਾਦਸਾ
ਅਹਿਮਦਾਬਾਦ ਹਵਾਈ ਅੱਡੇ ਨੇੜੇ ਏਅਰ ਇੰਡੀਆ ਦੇ ਹਵਾਈ ਜਹਾਜ਼ ਵਾਲੀ ਘਟਨਾ ਸਮੁੱਚੇ ਦੇਸ਼ ਲਈ ਵੱਡੇ ਸਦਮੇ ਦੇ ਰੂਪ ਵਿੱਚ ਆਈ ਹੈ। ਇਹ ਸ਼ਹਿਰੀ ਹਵਾਬਾਜ਼ੀ ਲਈ ਵੱਡਾ ਝਟਕਾ ਹੈ ਜੋ ਭਾਰਤੀ ਅਰਥਚਾਰੇ ਦੇ ਤੇਜ਼ੀ ਨਾਲ ਉੱਭਰ ਰਹੇ ਖੇਤਰਾਂ ’ਚੋਂ ਇੱਕ ਗਿਣਿਆ ਜਾਂਦਾ ਹੈ। ਭਾਰਤ ਦੁਨੀਆ ਦੀਆਂ ਮੋਹਰੀ ਹਵਾਬਾਜ਼ੀ ਮਾਰਕੀਟਾਂ ਵਿੱਚ ਸ਼ਾਮਿਲ ਹੈ। ਇਹ ਜਹਾਜ਼ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਣ ਤੋਂ ਕੁਝ ਸਕਿੰਟਾਂ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਹਵਾਈ ਜਹਾਜ਼ ਵਿੱਚ ਚਾਲਕ ਦਸਤੇ ਦੇ 12 ਮੈਂਬਰਾਂ ਸਣੇ 242 ਮੁਸਾਫ਼ਿਰ ਸਵਾਰ ਸਨ ਜਿਨ੍ਹਾਂ ’ਚੋਂ ਇੱਕਾ-ਦੁੱਕਾ ਦੇ ਹੀ ਬਚਣ ਦੀਆਂ ਰਿਪੋਰਟਾਂ ਹਨ। ਸਿਤਮਜ਼ਰੀਫ਼ੀ ਇਹ ਹੈ ਕਿ ਮਸਾਂ ਦੋ ਮਹੀਨੇ ਪਹਿਲਾਂ ਨਵੀਂ ਦਿੱਲੀ ਵਿੱਚ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਵਿੱਚ ਅਤਿ ਆਧੁਨਿਕ ਡਿਜੀਟਲ ਫਲਾਈਟ ਡੇਟਾ ਰਿਕਾਰਡਰ ਅਤੇ ਕੌਕਪਿਟ ਵੁਆਇਸ ਰਿਕਾਰਡਰ ਲੈਬਾਰਟਰੀ ਦਾ ਉਦਘਾਟਨ ਕੀਤਾ ਗਿਆ ਸੀ। ਕੇਂਦਰ ਸਰਕਾਰ ਨੇ ਦੱਸਿਆ ਸੀ ਕਿ 9 ਕਰੋੜ ਰੁਪਏ ਦੀ ਲਾਗਤ ਨਾਲ ਇਹ ਸਹੂਲਤ ਤਿਆਰ ਹੋਣ ਨਾਲ ਹਵਾਬਾਜ਼ੀ ਸੁਰੱਖਿਆ ਵਿੱਚ ਵਾਧਾ ਕਰਨ ਵਿੱਚ ਵੱਡੀ ਪੁਲਾਂਘ ਪੁੱਟੀ ਗਈ ਹੈ ਅਤੇ ਇਸ ਦਾ ਉਦੇਸ਼ ਹਵਾਈ ਹਾਦਸਿਆਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਦੇ ਢਾਂਚਿਆਂ ਵਿੱਚ ਸੁਧਾਰ ਲਿਆਉਣ ਅਤੇ ਜਵਾਬਦੇਹੀ ਯਕੀਨੀ ਬਣਾਉਣ ’ਤੇ ਕੇਂਦਰਿਤ ਹੈ।
ਵੀਰਵਾਰ ਨੂੰ ਏਅਰ ਇੰਡੀਆ ਦੇ ਬੋਇੰਗ 787 ਡਰੀਮਲਾਈਨਰ ਜਹਾਜ਼ ਦੇ ਹਾਦਸੇ ਦੀ ਜਾਂਚ ਦਾ ਜ਼ਿੰਮਾ ਵੀ ਏਏਆਈਬੀ ਨੂੰ ਸੌਂਪਿਆ ਜਾਵੇਗਾ ਅਤੇ ਇਸ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਨਾ ਕੇਵਲ ਇਹ ਪਤਾ ਲਾਇਆ ਜਾਵੇ ਕਿ ਇਸ ਘਟਨਾ ਵਿੱਚ ਕੀ ਗ਼ਲਤ ਵਾਪਰਿਆ ਸੀ ਸਗੋਂ ਇਹ ਵੀ ਕਿ ਹਵਾਈ ਹਾਦਸਿਆਂ ਦੀ ਰੋਕਥਾਮ ਲਈ ਕੀ ਕੁਝ ਕੀਤਾ ਜਾਣਾ ਚਾਹੀਦਾ ਹੈ। ਬਿਊਰੋ ਨੂੰ ਬੋਇੰਗ ਦੇ ਸੁਰੱਖਿਆ ਰਿਕਾਰਡ ਅਤੇ ਇਸ ਦੀ ਅਪਰੇਸ਼ਨਲ ਨਿਗਰਾਨੀ ਦੀ ਵੀ ਗਹਿਰਾਈ ਨਾਲ ਘੋਖ ਕਰਨੀ ਪਵੇਗੀ ਜਿਸ ਨੂੰ ਲੈ ਕੇ ਤਿੱਖੇ ਸਵਾਲ ਉੱਠ ਰਹੇ ਹਨ। ਹਾਲੀਆ ਸਾਲਾਂ ਵਿੱਚ ਕਈਆਂ ਨੇ ਬੋਇੰਗ 787 ਡਰੀਮਲਾਈਨਰ ਬਾਰੇ ਗੰਭੀਰ ਖ਼ਦਸ਼ੇ ਜ਼ਾਹਿਰ ਕੀਤੇ ਹਨ, ਜਿਸ ਤੋਂ ਬਾਅਦ ਅਮਰੀਕਾ ਦੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ (ਐੱਫਏਏ) ਨੇ ਜਹਾਜ਼ ਦੇ ਨਿਰਮਾਣ ਤੇ ਅਸੈਂਬਲੀ ਪ੍ਰਕਿਰਿਆਵਾਂ ਦੀ ਜਾਂਚ ਆਰੰਭੀ ਸੀ। ਪਿਛਲੇ ਸਾਲ ਬੋਇੰਗ ਫੈਕਟਰੀਆਂ ਦੇ ਐੱਫਏਏ ਵੱਲੋਂ ਕੀਤੇ ਲੇਖੇ-ਜੋਖੇ ਵਿੱਚ ਵੀ ਕਈ ਬੇਨਿਯਮੀਆਂ ਸਾਹਮਣੇ ਆਈਆਂ ਸਨ ਜੋ ਨਿਰਮਾਣ ਦੌਰਾਨ ਅਪਣਾਏ ਜਾਂਦੇ ਢੰਗ-ਤਰੀਕਿਆਂ ਅਤੇ ਕੰਪਨੀ ਦੇ ਹਿਫਾਜ਼ਤੀ ਸਭਿਆਚਾਰ ਵਿਚਲੀਆਂ ਕਮੀਆਂ ਨਾਲ ਸਬੰਧਿਤ ਸਨ। ਆਵਾਜ਼ ਚੁੱਕਣ ਵਾਲਿਆਂ ਨੇ ਇਹ ਦੋਸ਼ ਵੀ ਲਾਇਆ ਸੀ ਕਿ ਬੋਇੰਗ ਦੀਆਂ ਕਮੀਆਂ ਦਾ ਖ਼ੁਲਾਸਾ ਕਰਨ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਅਹਿਮ ਗੱਲ ਇਹ ਹੈ ਕਿ ਟਰੰਪ ਪ੍ਰਸ਼ਾਸਨ ਨੇ ਵੀ ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਪ੍ਰਤੀ ਤਿੱਖਾ ਰੁਖ਼ ਅਖਤਿਆਰ ਕੀਤਾ ਹੈ। ਰਿਪਬਲਿਕ ਏਅਰਵੇਜ਼ ਦੇ ਸੀਈਓ ਬਰਾਇਨ ਬੈੱਡਫੋਰਡ ਜਿਸ ਨੂੰ ਅਮਰੀਕੀ ਰਾਸ਼ਟਰਪਤੀ ਨੇ ਐੱਫਏਏ ਦੀ ਅਗਵਾਈ ਲਈ ਚੁਣਿਆ ਹੈ, ਨੇ ਬੁੱਧਵਾਰ ਕਿਹਾ ਕਿ 2018 ਤੇ 2019 ਵਿੱਚ ਬੋਇੰਗ 737 ਮੈਕਸ ਦੇ ਦੋ ਹਾਦਸਿਆਂ ਨਾਲ ਸਬੰਧਿਤ ਅਹਿਮ ਸੁਰੱਖਿਆ ਢਾਂਚਿਆਂ ਦੀ ਨਾਕਾਮੀ ਬਾਰੇ ਕੁਝ ਬਹੁਤ ‘ਸਖ਼ਤ ਸਬਕ’ ਸਿੱਖੇ ਸਨ। ਇਨ੍ਹਾਂ ਘਟਨਾਵਾਂ ’ਚ 346 ਲੋਕਾਂ ਦੀ ਜਾਨ ਗਈ ਸੀ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਮਰੀਕੀ ਸਾਥੀਆਂ ਨਾਲ ਨੇੜਿਓਂ ਤਾਲਮੇਲ ਕਰੇ, ਜਿਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਗੁਜਰਾਤ ਹਾਦਸੇ ਦੀ ਡੂੰਘੀ ਜਾਂਚ ਵਿੱਚ ਸਹਾਈ ਹੋ ਸਕਦੀ ਹੈ।