ਹਾਦਸੇ ਤੋਂ ਬਾਅਦ
ਅਹਿਮਦਾਬਾਦ ਵਿੱਚ ਏਅਰ ਇੰਡੀਆ ਦੀ ਫਲਾਈਟ ਏਆਈ 171 ਦੇ ਦੁਖਦਾਈ ਹਾਦਸੇ ਨੇ ਬੋਇੰਗ 787 ਡ੍ਰੀਮਲਾਈਨਰ ਨੂੰ ਸੁਰਖੀਆਂ ਵਿੱਚ ਲੈ ਆਂਦਾ ਹੈ ਜੋ ਪਹਿਲਾਂ ਤੋਂ ਹੀ ਤਕਨੀਕੀ ਅਤੇ ਸੁਰੱਖਿਆ ਸਰੋਕਾਰਾਂ ਨਾਲ ਘਿਰਿਆ ਹੋਇਆ ਸੀ। ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਏਅਰ ਇੰਡੀਆ ਦੇ ਬੋਇੰਗ 787-8 ਅਤੇ 787-9 ਹਵਾਈ ਜਹਾਜ਼ਾਂ ਦੇ ਪੂਰੇ ਫਲੀਟ ਦੀ ਵਧੇਰੇ ਸੁਰੱਖਿਆ ਜਾਂਚ ਦਾ ਹੁਕਮ ਦੇ ਦਿੱਤਾ ਹੈ। ਇਹ ਭਾਵੇਂ ਜ਼ਰੂਰੀ ਕਦਮ ਹੈ ਪਰ ਇਹ ਪ੍ਰਤੀਕਿਰਿਆਵਾਦੀ ਕਾਰਵਾਈ ਵੀ ਹੈ। ਹਵਾਬਾਜ਼ੀ ਨਿਗਰਾਨਾਂ ਅਤੇ ਨਿਰਮਾਣਕਾਰਾਂ ਨੂੰ ਇਸ ਪੈਟਰਨ ਤੋਂ ਪਰ੍ਹੇ ਤੱਕ ਜਾਣ ਦੀ ਲੋੜ ਹੈ। ਕਿਸੇ ਸਮੇਂ ਡ੍ਰੀਮਲਾਈਨਰ ਨੂੰ ਇਸ ਦੇ ਈਂਧਣ ਦੀ ਖ਼ਪਤ ਵਿੱਚ ਕੁਸ਼ਲਤਾ ਅਤੇ ਅਤਿ-ਆਧੁਨਿਕ ਕੰਪੋਜ਼ਿਟਸ ਕਰ ਕੇ ਕਮਰਸ਼ੀਅਲ ਹਵਾਬਾਜ਼ੀ ਵਿੱਚ ਗੇਮਚੇਂਜਰ ਦੇ ਤੌਰ ’ਤੇ ਦੇਖਿਆ ਗਿਆ ਸੀ। ਬਹਰਹਾਲ, ਕੁਝ ਸਾਲਾਂ ਤੋਂ ਬੋਇੰਗ ਦੇ ਸਾਊਥ ਕੈਰੋਲਾਈਨਾ ਪਲਾਂਟ ਵਿੱਚ ਢਾਂਚਾਗਤ ਕਮਜ਼ੋਰੀਆਂ, ਕੁਆਲਿਟੀ ਕੰਟਰੋਲ ਦੇ ਮੁੱਦਿਆਂ ਅਤੇ ਨਿਰਮਾਣ ਵਿੱਚ ਦੇਰੀ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਵਾਰ-ਵਾਰ ਸਰੋਕਾਰ ਜਤਾਏ ਜਾ ਰਹੇ ਸਨ। 11 ਸਾਲ ਪੁਰਾਣੇ ਹਵਾਈ ਜਹਾਜ਼ ਨਾਲ ਹੋਏ ਹਾਲੀਆ ਹਾਦਸੇ ਨੇ ਇਸ ਮਾਡਲ ਅਤੇ ਬੋਇੰਗ ਦੇ ਉਤਪਾਦਨ ਮਿਆਰਾਂ, ਦੋਵਾਂ ਦੀ ਆਲਮੀ ਨਿਰਖ-ਪਰਖ ਨੂੰ ਦ੍ਰਿੜ੍ਹਾਇਆ ਹੈ।
ਭਾਰਤ ਦਾ ਹਵਾਬਾਜ਼ੀ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ। 2024-25 ਵਿੱਚ ਮੁਸਾਫ਼ਿਰ ਆਵਾਜਾਈ ਰਿਕਾਰਡ ਉਚਾਈ ’ਤੇ ਪਹੁੰਚ ਗਈ ਹੈ ਅਤੇ 2028-29 ਤੱਕ ਫਲੀਟ ਦਾ ਆਕਾਰ ਦੁੱਗਣੇ ਤੋਂ ਵੱਧ ਹੋਣ ਦੀ ਆਸ ਹੈ। ਬੁਨਿਆਦੀ ਢਾਂਚੇ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਸਮੇਂ ਦੇਸ਼ ਵਿੱਚ 157 ਹਵਾਈ ਅੱਡੇ ਹਨ ਅਤੇ 2047 ਤੱਕ ਹਵਾਈ ਅੱਡਿਆਂ ਦੀ ਗਿਣਤੀ 350 ਹੋਣ ਦੀ ਆਸ ਹੈ ਤਾਂ ਕਿ ਘਰੋਗੀ ਕੁਨੈਕਟੀਵਿਟੀ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦਿੱਤਾ ਜਾ ਸਕੇ। ਖੇਤਰੀ ਰਨਵੇਅ ਪ੍ਰਾਜੈਕਟ ਚੱਲ ਰਹੇ ਹਨ ਜਿਵੇਂ ਨਾਸਿਕ ਵਿੱਚ, ਪਰ ਸੁਰੱਖਿਆ ਬੁਨਿਆਦੀ ਢਾਂਚੇ ਅਤੇ ਨੇਮਾਂ ਦੇ ਪਾਲਣ ਵਿੱਚ ਹਾਣ ਦਾ ਵਿਕਾਸ ਨਹੀਂ ਹੋ ਰਿਹਾ। ਡੀਜੀਸੀਏ ਦੇ ਨਿਰਦੇਸ਼ ਇੱਕ ਸ਼ੁਰੂਆਤ ਹੈ ਪਰ ਭਾਰਤ ਨੂੰ ਸਥਾਈ, ਸਰਗਰਮ ਸੁਰੱਖਿਆ ਲੇਖੇ-ਜੋਖੇ ਦੀ ਲੋੜ ਹੈ, ਖ਼ਾਸਕਰ ਆਲਮੀ ਹਵਾਈ ਜਹਾਜ਼ ਮਾਡਲਾਂ ਦੇ ਸਬੰਧ ਵਿੱਚ। ਕੋਈ ਹਾਦਸਾ ਹੋਣ ਤੋਂ ਬਾਅਦ ਰਸਮੀ ਤੌਰ ’ਤੇ ਕੀਤੀ ਜਾਣ ਵਾਲੀ ਕਾਰਵਾਈ ਨਾਲ ਮੁਸਾਫ਼ਿਰਾਂ ਵਿੱਚ ਭਰੋਸਾ ਪੈਦਾ ਨਹੀਂ ਹੋ ਸਕੇਗਾ ਜਾਂ ਸਿਸਟਮ ਵਿੱਚ ਸੁਧਾਰ ਯਕੀਨੀ ਨਹੀਂ ਬਣ ਸਕੇਗਾ।
ਬੋਇੰਗ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਜੇ ਨਿਰਮਾਣ ਨਾਲ ਜੁੜੀਆਂ ਖ਼ਾਮੀਆਂ ’ਚੋਂ ਸੁਰੱਖਿਆ ਦਾ ਮੁੱਦਾ ਲੱਭਿਆ ਜਾਂਦਾ ਹੈ ਤਾਂ ਕੰਪਨੀ ਨੂੰ ਵਿੱਤੀ ਜੁਰਮਾਨੇ ਅਤੇ ਅਪਰੇਸ਼ਨਲ ਰੋਕਾਂ ਦਾ ਸਾਹਮਣਾ ਕਰਨਾ ਪੈਣਾ ਹੈ। ਕਾਰੋਬਾਰੀ ਸੌਖ ਦੀ ਖਾਤਿਰ ਮੁਸਾਫ਼ਿਰਾਂ ਦੀ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਨਿਰਮਾਣਕਾਰਾਂ ਅਤੇ ਨਿਗਰਾਨਾਂ, ਦੋਵਾਂ ਨੂੰ ਦੂਰਅੰਦੇਸ਼ੀ, ਮੁਸ਼ੱਕਤ ਅਤੇ ਪਾਰਦਰਸ਼ਤਾ ਨਾਲ ਕੰਮ ਕਰਨਾ ਪੈਣਾ ਹੈ।