ਅਫ਼ਗਾਨ-ਪਾਕਿ ਝੜਪਾਂ
ਇਹ ਮਹਿਜ਼ ਇਤਫ਼ਾਕ ਦੀ ਗੱਲ ਨਹੀਂ ਕਿ ਜਦੋਂ ਅਫ਼ਗਾਨ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁਤੱਕੀ ਭਾਰਤ ਦੇ ਮਿਸਾਲੀ ਦੌਰੇ ’ਤੇ ਹਨ ਤਾਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਰਿਸ਼ਤੇ ਨਵੀਂ ਨਿਵਾਣ ਵੱਲ ਵਧ ਰਹੇ ਹਨ। ਵੀਰਵਾਰ ਨੂੰ ਜਦੋਂ ਮੁਤੱਕੀ ਨੇ ਨਵੀਂ ਦਿੱਲੀ ਵਿੱਚ ਪੈਰ ਧਰਿਆ ਸੀ ਤਾਂ ਪਾਕਿਸਤਾਨ ਨੇ ਕਾਬੁਲ ਵਿੱਚ ਠੋਕ ਵਜਾ ਕੇ ਹਵਾਈ ਹਮਲੇ ਕੀਤੇ ਸਨ। ਇਸ ਦੇ ਬਦਲੇ ਵਜੋਂ ਅਫ਼ਗਾਨ ਬਲਾਂ ਨੇ ਪਾਕਿਸਤਾਨੀ ਫ਼ੌਜੀ ਚੌਕੀਆਂ ਉੱਪਰ ਹਮਲੇ ਕੀਤੇ; ਤਾਲਿਬਾਨ ਦੇ ਤਰਜਮਾਨ ਅਨੁਸਾਰ, ਇਸ ਲੜਾਈ ਵਿੱਚ 58 ਪਾਕਿਸਤਾਨੀ ਫ਼ੌਜੀ ਮਾਰੇ ਗਏ ਹਨ। ਅਫ਼ਗਾਨ ਹਮਲਿਆਂ ਨੂੰ ਬੇਲੋੜਾ ਕਹਿੰਦੇ ਹੋਏ ਪਾਕਿਸਤਾਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ 20 ਅਫ਼ਗਾਨ ਫ਼ੌਜੀ ਚੌਕੀਆਂ ਅਤੇ ਸਰਹੱਦੀ ਖੇਤਰਾਂ ਵਿੱਚ ਕਈ ਦਹਿਸ਼ਤੀ ਟਿਕਾਣਿਆਂ ਉੱਪਰ ਕਬਜ਼ਾ ਕਰ ਲਿਆ ਗਿਆ ਹੈ। ਇਨ੍ਹਾਂ ਝੜਪਾਂ ਤੋਂ ਟਕਰਾਅ ਹੋਰ ਵਧਣ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਹਨ ਜਿਸ ਨਾਲ ਸਮੁੱਚੇ ਦੱਖਣੀ ਏਸ਼ਿਆਈ ਖਿੱਤੇ ਲਈ ਅਤੇ ਇਸ ਤੋਂ ਪਰ੍ਹੇ ਵੀ ਗੰਭੀਰ ਸਿੱਟੇ ਨਿਕਲ ਸਕਦੇ ਹਨ। ਤਹਿਰੀਕ-ਏ-ਤਾਲਿਬਾਨ ਵੱਲੋਂ ਕੀਤੇ ਜਾ ਰਹੇ ਦਹਿਸ਼ਤਗਰਦ ਹਮਲਿਆਂ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਇਸਲਾਮਾਬਾਦ ਪ੍ਰੇਸ਼ਾਨ ਦਿਖਾਈ ਦੇ ਰਿਹਾ ਹੈ।
ਪਾਕਿਸਤਾਨ ਵਾਰ-ਵਾਰ ਦੋਸ਼ ਲਾ ਰਿਹਾ ਹਨ ਕਿ ਤਹਿਰੀਕ-ਏ-ਤਾਲਿਬਾਨ ਦੇ ਲੜਾਕੇ ਅਫ਼ਗਾਨ ਖੇਤਰ ਵਿੱਚ ਸਰਗਰਮ ਹਨ ਪਰ ਕਾਬੁਲ ਵੱਲੋਂ ਇਸ ਦਾ ਖੰਡਨ ਕੀਤਾ ਜਾ ਰਿਹਾ ਹੈ। ਮੁਤੱਕੀ ਨੇ ਆਖਿਆ ਹੈ ਕਿ ਅਫ਼ਗਾਨਿਸਤਾਨ ਪਾਕਿਸਤਾਨ ਨਾਲ ਆਪਣੇ ਟਕਰਾਅ ਦਾ ਸ਼ਾਂਤੀਪੂਰਨ ਹੱਲ ਚਾਹੁੰਦਾ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ ਸ਼ਾਂਤੀਪੂਰਨ ਕੋਸ਼ਿਸ਼ਾਂ ਸਫਲ ਨਾ ਹੋ ਸਕੀਆਂ ਤਾਂ ਹਾਲਾਤ ਨਾਲ ਨਜਿੱਠਣ ਲਈ ਉਨ੍ਹਾਂ ਦਾ ਦੇਸ਼ ‘ਹੋਰ ਰਾਹ’ ਵੀ ਅਪਣਾਏਗਾ। ਜ਼ਾਹਿਰ ਹੈ ਕਿ ਭਾਰਤ ਨਾਲ ਸਬੰਧ ਮਜ਼ਬੂਤ ਹੋਣ ਨਾਲ ਤਾਲਿਬਾਨ ਦੇ ਹੌਸਲੇ ਵਧ ਗਏ ਹਨ ਤੇ ਨਾਲ ਹੀ ਪਾਕਿਸਤਾਨ ਦੀ ਨਿਰਾਸ਼ਾ ਵੀ ਵਧੀ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਪਾਕਿਸਤਾਨ ਨੇ ਅਫ਼ਗਾਨ ਰਾਜਦੂਤ ਨੂੰ ਤਲਬ ਕਰ ਕੇ ਦਿੱਲੀ ਵਿੱਚ ਭਾਰਤ-ਅਫਗਾਨਿਸਤਾਨ ਵੱਲੋਂ ਜਾਰੀ ਕੀਤੇ ਸਾਂਝੇ ਬਿਆਨ ਉੱਪਰ ਸਖ਼ਤ ਸਰੋਕਾਰ ਜ਼ਾਹਿਰ ਕੀਤੇ ਹਨ। ਬਿਆਨ ਵਿੱਚ ਪਹਿਲਗਾਮ ਦਹਿਸ਼ਤਗਰਦ ਹਮਲੇ ਦੇ ਪ੍ਰਸੰਗ ਵਿੱਚ ਜੰਮੂ ਕਸ਼ਮੀਰ ਦਾ ਜ਼ਿਕਰ ਕਰਨਾ ਇਸਲਾਮਾਬਾਦ ਨੂੰ ਸਹਿਣ ਨਹੀਂ ਹੋਇਆ। ਪਾਕਿਸਤਾਨ ਨੂੰ ਹੋਰ ਚਿੜਾਉਣ ਲਈ ਤਾਲਿਬਾਨ ਹਕੂਮਤ ਨੇ ਇਹ ਗੱਲ ਦ੍ਰਿੜਾਈ ਹੈ ਕਿ ਉਹ ਕਿਸੇ ਵੀ ਗਰੁੱਪ ਜਾਂ ਵਿਅਕਤੀ ਨੂੰ ਭਾਰਤ ਖ਼ਿਲਾਫ਼ ਅਫ਼ਗਾਨ ਜ਼ਮੀਨ ਵਰਤਣ ਦੀ ਆਗਿਆ ਨਹੀਂ ਦੇਵੇਗੀ।
ਦਹਿਸ਼ਤਗਰਦੀ ਦਾ ਟਾਕਰਾ ਕਰਨ ਲਈ ਅਫ਼ਗਾਨਿਸਤਾਨ ਨਾਲ ਤਾਲਮੇਲ ਭਾਰਤ ਲਈ ਸਹਾਈ ਹੋ ਸਕਦਾ ਹੈ, ਖ਼ਾਸਕਰ ਉਦੋਂ ਜਦੋਂ ਇਹ ਰਿਪੋਰਟਾਂ ਆਈਆਂ ਹਨ ਕਿ ਪਾਕਿਸਤਾਨ ਵਿਚਲੇ ਦਹਿਸ਼ਤਗਰਦ ਜਥੇਬੰਦੀਆਂ ਨੇ ਅਪਰੇਸ਼ਨ ਸਿੰਧੂਰ ਦੌਰਾਨ ਨੁਕਸਾਨੇ ਗਏ ਆਪਣੇ ਕੈਂਪ ਮੁੜ ਉਸਾਰ ਲਏ ਹਨ। ਇਸਲਾਮਾਬਾਦ ਨੂੰ ਘੇਰਨ ਲਈ ਦਿੱਲੀ ਤੇ ਕਾਬੁਲ ਨੂੰ ਦਬਾਅ ਬਣਾ ਕੇ ਰੱਖਣ ਦੀ ਲੋੜ ਹੈ: ਦਹਿਸ਼ਤਗਰਦੀ ਦੇ ਬਦਨਾਮ ਸਪਾਂਸਰ ਨੂੰ ਹੁਣ ਸੇਕ ਲੱਗ ਰਿਹਾ ਹੈ।