ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਦਾਕਾਰਾਂ ਦੀ ਹੜਤਾਲ

ਅਮਰੀਕਾ ਵਿਚ ਫਿਲਮ ਸਨਅਤ ਨਾਲ ਜੁੜੇ 11,000 ਤੋਂ ਵੱਧ ਲੇਖਕ 2 ਮਈ ਤੋਂ ਹੜਤਾਲ ’ਤੇ ਹਨ। ਹੁਣ 1,60,000 ਤੋਂ ਵੱਧ ਅਦਾਕਾਰਾਂ ਨੇ ਵੀ ਸ਼ੁੱਕਰਵਾਰ ਤੋਂ ਹੜਤਾਲ ਕਰ ਦਿੱਤੀ ਹੈ। ਹਾਲੀਵੁੱਡ ਦੇ ਨਾਮੀ ਅਦਾਕਾਰਾਂ ਅਤੇ ਸਿਤਾਰਿਆਂ ਨੇ ਇਸ ਹੜਤਾਲ ਦੀ ਹਮਾਇਤ...
Advertisement

ਅਮਰੀਕਾ ਵਿਚ ਫਿਲਮ ਸਨਅਤ ਨਾਲ ਜੁੜੇ 11,000 ਤੋਂ ਵੱਧ ਲੇਖਕ 2 ਮਈ ਤੋਂ ਹੜਤਾਲ ’ਤੇ ਹਨ। ਹੁਣ 1,60,000 ਤੋਂ ਵੱਧ ਅਦਾਕਾਰਾਂ ਨੇ ਵੀ ਸ਼ੁੱਕਰਵਾਰ ਤੋਂ ਹੜਤਾਲ ਕਰ ਦਿੱਤੀ ਹੈ। ਹਾਲੀਵੁੱਡ ਦੇ ਨਾਮੀ ਅਦਾਕਾਰਾਂ ਅਤੇ ਸਿਤਾਰਿਆਂ ਨੇ ਇਸ ਹੜਤਾਲ ਦੀ ਹਮਾਇਤ ਕੀਤੀ ਹੈ। ਲੇਖਕਾਂ ਅਤੇ ਅਦਾਕਾਰਾਂ ਦੀਆਂ ਯੂਨੀਅਨਾਂ ਦੀਆਂ ਮੁੱਖ ਮੰਗਾਂ ਇਹ ਹਨ: ਜ਼ਿਆਦਾ ਤਨਖਾਹਾਂ ਅਤੇ ਠੇਕੇ (ਕੰਟਰੈਕਟ) ’ਤੇ ਕੰਮ ਕਰਨ ਦੀਆਂ ਬਿਹਤਰ ਸ਼ਰਤਾਂ, ਪੈਨਸ਼ਨ ਅਤੇ ਸਿਹਤ ਫੰਡਾਂ ਨੂੰ ਫਿਲਮੀ ਸਨਅਤ ਵੱਲੋਂ ਜ਼ਿਆਦਾ ਅਦਾਇਗੀ, ਇੰਟਰਨੈੱਟ ’ਤੇ ਰਿਲੀਜ਼ ਹੋਣ ਵਾਲੀ ਸਮੱਗਰੀ ਤੋਂ ਮਿਲਣ ਵਾਲੇ ਮੁਨਾਫ਼ੇ ਵਿਚ ਹਿੱਸਾ ਆਦਿ। ਅਦਾਕਾਰ ਅਤੇ ਲੇਖਕ ਦੋਵੇਂ ਫਿਲਮ ਸਨਅਤ ਵਿਚ ਮਸਨੂਈ ਬੁੱਧੀ/ਅਕਲ (Artificial Intelligence) ਦੀ ਵਰਤੋਂ ਬਾਰੇ ਵੀ ਫ਼ਿਕਰਮੰਦ ਹਨ। ਜਿੱਥੇ ਲੇਖਕਾਂ ਨੂੰ ਇਹ ਫ਼ਿਕਰ ਹੈ ਕਿ ਮਸਨੂਈ ਬੁੱਧੀ ਵਰਤ ਕੇ ਚਲਾਵੀਂ ਜਾਂ ਇਸ ਤੋਂ ਕੁਝ ਵਧੀਆ ਕਿਸਮ ਦੀਆਂ ਪਟਕਥਾਵਾਂ ਤੇ ਸੰਵਾਦ ਬਣਾਏ/ਪੈਦਾ ਕੀਤੇ ਜਾ ਸਕਦੇ ਹਨ, ਉੱਥੇ ਇਹ ਫ਼ਿਕਰ ਵੀ ਹੈ ਕਿ ਮਸਨੂਈ ਬੁੱਧੀ ਪ੍ਰਾਪਤ ਸਾਹਿਤ ਵਿਚੋਂ ਮਿਲਣ ਵਾਲੀ ਸਮੱਗਰੀ ਵਿਚੋਂ ਨਕਲ ਮਾਰਨ, ਵੱਖ ਵੱਖ ਸਰੋਤਾਂ ਤੋਂ ਪ੍ਰਾਪਤ ਸਮੱਗਰੀ ਨੂੰ ਆਪਸ ਵਿਚ ਮਿਲਾਉਣ ਅਤੇ ਕਈ ਹੋਰ ਘਚੋਲੇ ਪੈਦਾ ਕਰ ਕੇ ਅਜਿਹੀ ਸਮੱਗਰੀ ਪੈਦਾ ਕਰ ਸਕਦੀ ਹੈ ਜਿਹੜੀ ਮੌਲਿਕ ਜਾਪੇਗੀ। ਇੱਥੇ ਵਿਰੋਧਾਭਾਸ ਇਹ ਹੈ ਕਿ ਮਸਨੂਈ ਬੁੱਧੀ ਨੇ ਉਹੀ ਸਮੱਗਰੀ ਵਰਤਣੀ ਹੈ ਜੋ ਬੀਤੇ ਅਤੇ ਵਰਤਮਾਨ ਸਮਿਆਂ ਦੇ ਲੇਖਕਾਂ ਨੇ ਪੈਦਾ ਕੀਤੀ ਪਰ ਉਸ ਪੈਦਾਵਾਰ ਨੇ ਮੌਲਿਕ ਹੋਣ ਦਾ ਛਲਾਵਾ ਦੇਣਾ ਹੈ। ਭਵਿੱਖ, ਸੰਦੇਹ, ਸੰਭਾਵਨਾਵਾਂ ਆਦਿ ਦੇ ਹਿਸਾਬੀ ਫਾਰਮੂਲਿਆਂ (ਅਲਗੋਰਿਥਮ) ਨੂੰ ਪ੍ਰਾਪਤ ਸਮੱਗਰੀ ’ਤੇ ਵਰਤ ਕੇ ਬਣਨ ਵਾਲੀ ਨਵੀਂ ਸਮੱਗਰੀ ਅਤਿਅੰਤ ਰੋਚਕ ਅਤੇ ਡੂੰਘੀ ਦ੍ਰਿਸ਼ਟੀ ਵਾਲੀ ਪ੍ਰਤੀਤ ਹੋ ਸਕਦੀ ਹੈ।

ਅਦਾਕਾਰਾਂ ਦੀਆਂ ਸਮੱਸਿਆਵਾਂ ਕੁਝ ਵੱਖਰੀ ਤਰ੍ਹਾਂ ਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸੇ ਫਿਲਮ ਜਾਂ ਟੀਵੀ ਸੀਰੀਅਲ ਵਿਚ ਸਮੂਹਿਕ ਦ੍ਰਿਸ਼ਾਂ ਅਤੇ ਭੀੜ ਵਿਚ ਕੰਮ ਕਰਨ ਵਾਲੇ ਛੋਟੇ ਅਦਾਕਾਰਾਂ ਦੇ ਕੁਝ ਪਹਿਲੇ ਸ਼ਾਟਾਂ ਦੀ ਹੀ ਜ਼ਰੂਰਤ ਪਵੇਗੀ; ਬਾਅਦ ਵਿਚ ਉਨ੍ਹਾਂ ਦੇ ਚਿਹਰੇ, ਚਾਲ ਢਾਲ, ਚਿਹਰਿਆਂ ਦੇ ਭਾਵਾਂ, ਸਰੀਰਕ ਭਾਸ਼ਾ ਆਦਿ ਨੂੰ ਮਸਨੂਈ ਬੁੱਧੀ ਦੀ ਪ੍ਰਕਿਰਿਆ ਵਿਚੋਂ ਲੰਘਾ ਕੇ ਕਈ ਤਰ੍ਹਾਂ ਦੇ ਸ਼ਾਟ ਤਿਆਰ ਕੀਤੇ ਜਾ ਸਕਣਗੇ ਜਿਨ੍ਹਾਂ ਲਈ ਅਦਾਕਾਰਾਂ ਦੀ ਹਾਜ਼ਰੀ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਨੂੰ ਪਹਿਲਾਂ ਹੀ ਘੱਟ ਉਜਰਤ ਮਿਲਦੀ ਹੈ ਜਿਹੜੀ ਹੋਰ ਘਟ ਜਾਵੇਗੀ। ਮਸਨੂਈ ਬੁੱਧੀ ਮਨੁੱਖੀ ਹਾਜ਼ਰੀ ਨੂੰ ਮਨਫ਼ੀ ਕਰਨ ਦੀ ਵੱਡੀ ਸਮਰੱਥਾ ਰੱਖਦੀ ਹੈ। ਇੰਟਰਨੈੱਟ ਨੇ ਇਸ ਸਨਅਤ ਵਿਚ ਨਵੀਆਂ ਸਮੱਸਿਆਵਾਂ ਨੂੰ ਜਨਮ ਦਿੱਤਾ ਹੈ। ਪਹਿਲਾਂ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਾਂ ਦੇ ਥੀਏਟਰਾਂ ਅਤੇ ਚੈਨਲਾਂ ’ਤੇ ਦਿਖਾਏ ਜਾਣ ਦਾ ਹਿਸਾਬ-ਕਿਤਾਬ ਰੱਖਿਆ ਜਾਂਦਾ ਸੀ ਅਤੇ ਫਿਲਮ ਜਾਂ ਸੀਰੀਅਲ ਨੂੰ ਦੁਬਾਰਾ ਥੀਏਟਰਾਂ ਜਾਂ ਟੈਲੀਵਿਜ਼ਨ ਚੈਨਲਾਂ ’ਤੇ ਦਿਖਾਏ ਜਾਣ ’ਤੇ ਲੇਖਕਾਂ ਤੇ ਅਦਾਕਾਰਾਂ ਨੂੰ ਕੁਝ ਮੁਆਵਜ਼ਾ ਮਿਲਦਾ ਸੀ। ਹੁਣ ਫਿਲਮਾਂ ਅਤੇ ਸੀਰੀਅਲ ਇੰਟਰਨੈੱਟ ’ਤੇ ਵੱਡੀ ਪੱਧਰ ’ਤੇ ਇਕੋ ਵਾਰ ਰਿਲੀਜ਼ ਹੋਣ (ਜਿਸ ਨੂੰ ਸਟਰੀਮਿੰਗ (streaming) ਕਿਹਾ ਜਾਂਦਾ ਹੈ) ਨਾਲ ਇਹ ਮੁਆਵਜ਼ੇ ਘਟੇ ਹਨ। ਲੇਖਕ ਅਤੇ ਅਦਾਕਾਰ ਇਹ ਮੰਗ ਕਰ ਰਹੇ ਹਨ ਕਿ ਮੁਆਵਜ਼ੇ ਦੇਣ ਦਾ ਨਿਆਂ-ਸੰਗਤ ਪ੍ਰਬੰਧ ਕੀਤਾ ਜਾਵੇ। ਹਾਲੀਵੁੱਡ ਦੀਆਂ ਵੱਡੀਆਂ ਕੰਪਨੀਆਂ ਤੇ ਕਾਰਪੋਰੇਟ ਅਦਾਰੇ ਅਦਾਕਾਰਾਂ ਤੇ ਲੇਖਕਾਂ ਦੀਆਂ ਮੰਗਾਂ ਨਾਲ ਸਹਿਮਤ ਨਹੀਂ ਹੋਏ। ਇਸ ਖੇਤਰ ਦੇ ਕਈ ਮਾਹਿਰਾਂ ਦਾ ਖ਼ਿਆਲ ਹੈ ਕਿ ਇਨ੍ਹਾਂ ਮੁੱਦਿਆਂ ’ਤੇ ਸਹਿਮਤੀ ਏਨੀ ਜਲਦੀ ਬਣਨ ਵਾਲੀ ਨਹੀਂ। ਕੰਪਨੀਆਂ ਦੀ ਨਜ਼ਰ ਆਪਣੇ ਮੁਨਾਫ਼ਿਆਂ ਅਤੇ ਆਉਣ ਵਾਲੇ ਸਮਿਆਂ ਵਿਚ ਮਸਨੂਈ ਬੁੱਧੀ ਨੂੰ ਵਰਤ ਕੇ ਹੋਣ ਵਾਲੀ ਬੱਚਤ ’ਤੇ ਹੈ।

Advertisement

ਇਨ੍ਹਾਂ ਯੂਨੀਅਨਾਂ ਨੇ ਪਹਿਲਾਂ ਵੀ ਹੜਤਾਲਾਂ ਕੀਤੀਆਂ ਹਨ। 1960 ਵਿਚ ਵੀ ਇਨ੍ਹਾਂ ਦੋਵੇਂ ਯੂਨੀਅਨਾਂ ਨੇ ਇਕੱਠਿਆਂ ਹੜਤਾਲ ਕੀਤੀ ਸੀ। 15 ਸਾਲ ਪਹਿਲਾਂ ਲਿਖਾਰੀਆਂ ਦੀ ਯੂਨੀਅਨ ਦੀ ਲਗਭਗ 100 ਦਿਨ ਦੀ ਹੜਤਾਲ ਕਾਰਨ ਮਨੋਰੰਜਨ ਸਨਅਤ ਨੂੰ 2 ਬਿਲੀਅਨ ਡਾਲਰ, ਭਾਵ 20 ਮਿਲੀਅਨ ਡਾਲਰ ਪ੍ਰਤੀ ਦਿਨ ਨੁਕਸਾਨ ਹੋਇਆ ਸੀ। ਹੁਣ ਹੋਣ ਵਾਲਾ ਨੁਕਸਾਨ ਹੋਰ ਜ਼ਿਆਦਾ ਹੋਵੇਗਾ ਪਰ ਕੰਪਨੀਆਂ ਅਤੇ ਕਾਰਪੋਰੇਟ ਅਦਾਰੇ ਜਲਦੀ ਝੁਕਣ ਵਾਲੇ ਨਹੀਂ। ਇਸ ਸੰਘਰਸ਼ ਵਿਚ ਮਸਨੂਈ ਬੁੱਧੀ ਦਾ ਮਾਮਲਾ ਸ਼ਾਮਲ ਹੋਣ ਕਾਰਨ ਇਹ ਹੜਤਾਲ ਹੋਰ ਮਹੱਤਵਪੂਰਨ ਬਣ ਗਈ ਹੈ; ਇਹ ਮਨੁੱਖਤਾ ਨੂੰ ਦਰਪੇਸ਼ ਬਹੁਪਰਤੀ ਸਵਾਲਾਂ ਨੂੰ ਉਘਾੜੇਗੀ। ਹਾਲੀਵੁੱਡ ਵਿਚ ਕੰਮ ਕਰਨ ਵਾਲੇ ਲੇਖਕ ਤੇ ਅਦਾਕਾਰ ਵੱਖਰੀ ਤਰ੍ਹਾਂ ਦੇ ਕਿਰਤੀ ਹਨ। ਉਨ੍ਹਾਂ ਦੀ ਕਿਰਤ ਮਨੋਰੰਜਨ ਦੀ ਅਜਿਹੀ ਸਮੱਗਰੀ ਪੈਦਾ ਕਰਦੀ ਹੈ ਜਿਹੜੀ ਬਹੁਤਾ ਕਰ ਕੇ ਵਪਾਰਕ ਮੰਤਵਾਂ ਤੋਂ ਪ੍ਰੇਰਿਤ ਹੁੰਦੀ ਹੈ। ਇਸ ਸਭ ਕੁਝ ਦੇ ਬਾਵਜੂਦ ਅਮਰੀਕਾ ਜਿਹੇ ਵਿਕਸਿਤ ਦੇਸ਼ ਵਿਚ ਇਹ ਮਸਲਾ ਬੌਧਿਕ ਕਿਰਤ ਨਾਲ ਸਬੰਧਿਤ ਅਹਿਮ ਸਵਾਲ ਉਠਾ ਰਿਹਾ ਹੈ।

Advertisement
Tags :
ਅਦਾਕਾਰਾਂਹੜਤਾਲ