ਡੀਪਫੇਕ ਖ਼ਿਲਾਫ਼ ਕਾਰਵਾਈ
ਡੀਪਫੇਕ ਦੇ ਵਧਦੇ ਖ਼ਤਰੇ ਨੇ ਸਰਕਾਰ ਨੂੰ ਨਵੇਂ ਨਿਯਮਾਂ ’ਤੇ ਕੰਮ ਕਰਨ ਦੇ ਰਾਹ ਪਾਇਆ ਹੈ ਜਿਸ ਵਿਚ ਉਲੰਘਣਾ ਦੀ ਸੂਰਤ ’ਚ ਜੁਰਮਾਨੇ ਵੀ ਸ਼ਾਮਲ ਹਨ। ਡੀਪਫੇਕਾਂ ਨੂੰ ਲੋਕਤੰਤਰ ਲਈ ਖ਼ਤਰਾ ਕਰਾਰ ਦਿੰਦਿਆਂ ਸੂਚਨਾ ਤਕਨਾਲੋਜੀ ਤੇ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਨ੍ਹਾਂ ਕਾਰਨ ਸਮਾਜ ਅਤੇ ਇਸ ਦੇ ਅਦਾਰਿਆਂ ਵਿਚ ਲੋਕਾਂ ਦਾ ਭਰੋਸਾ ਕਮਜ਼ੋਰ ਪੈ ਸਕਦਾ ਹੈ। ਡੀਪਫੇਕ ਨੂੰ ਅਜਿਹੀ ਵੀਡੀਓ ਜਾਂ ਆਵਾਜ਼ ਰਿਕਾਰਡਿੰਗ ਵਜੋਂ ਬਿਆਨਿਆ ਜਾਂਦਾ ਹੈ ਜਿਹੜੀ ਕੰਪਿਊਟਰ ਨਿਰਮਤ ਮਸਨੂਈ ਬੁੱਧੀ (artificial intelligence) ਅਲਗੋਰਿਦਮਾਂ ਦੀ ਮਦਦ ਨਾਲ ਕਿਸੇ ਵਿਅਕਤੀ ਦੇ ਚਿਹਰੇ ਜਾਂ ਆਵਾਜ਼ ਨੂੰ ਕਿਸੇ ਹੋਰ ਦੇ ਚਿਹਰੇ ਜਾਂ ਆਵਾਜ਼ ਨਾਲ ਹਕੀਕੀ ਤੌਰ ’ਤੇ ਬਦਲ ਦਿੰਦੀ ਹੈ। ਇਹ ਅਜਿਹੀਆਂ ਤਕਨੀਕਾਂ ਦਾ ਮਿਸ਼ਰਣ ਹੈ ਜੋ ਕਿਸੇ ਵੀ ਵਿਅਕਤੀ ਦੀ ਆਵਾਜ਼, ਸਰੀਰਕ ਭਾਸ਼ਾ, ਹਾਵ-ਭਾਵ ਆਦਿ ਦੀ ਅਜਿਹੀ ਨਕਲ ਕਰ ਸਕਦਾ ਹੈ ਕਿ ਤੁਸੀਂ ਇਹ ਨਹੀਂ ਪਛਾਣ ਸਕਦੇ ਕਿ ਵੀਡੀਓ/ਆਡੀਓ ’ਤੇ ਬੋਲ ਰਿਹਾ ਵਿਅਕਤੀ ਨਕਲੀ (ਡੀਪਫੇਕ) ਹੈ। ਇਹ ਅਪਾਰ ਗਿਆਨ ਤੇ ਜਟਿਲ ਗਣਿਤ ਦੁਆਰਾ ਬਣਾਈ ਗਈ ਨਕਲ ਹੁੰਦੀ ਹੈ। ਹਾਲ ਹੀ ’ਚ ਰਸ਼ਮਿਕਾ ਮੰਦਾਨਾ ਤੇ ਕੈਟਰੀਨਾ ਕੈਫ਼ ਵਰਗੀਆਂ ਅਦਾਕਾਰਾਵਾਂ ਨੂੰ ਇਸ ਤਕਨੀਕੀ ਸ਼ਰਾਰਤ ਅਤੇ ਦੁਰਵਰਤੋਂ ਦਾ ਸ਼ਿਕਾਰ ਹੋਣਾ ਪਿਆ। ਕੋਈ ਵੀ ਇਸ ਦੁਰਵਰਤੋਂ ਦਾ ਸ਼ਿਕਾਰ ਹੋ ਸਕਦਾ ਹੈ।
ਦੂਰਸੰਚਾਰ ਮੰਤਰੀ ਨੇ ਏਆਈ, ਖ਼ਾਸਕਰ ਡੀਪਫੇਕ ਤਕਨਾਲੋਜੀ ਦੇ ਪੈਣ ਵਾਲੇ ਮਾੜੇ ਅਸਰਾਂ ਬਾਰੇ ਵੱਖੋ-ਵੱਖ ਧਿਰਾਂ/ਹਿੱਤਧਾਰਕਾਂ ਨਾਲ ਮੁਲਾਕਾਤ ਕੀਤੀ ਹੈ ਜਿਨ੍ਹਾਂ ’ਚ ਸੋਸ਼ਲ ਮੀਡੀਆ ਮੰਚ ਵੀ ਸ਼ਾਮਲ ਸਨ। ਸਰਕਾਰ ਚਾਰ ਥੰਮ੍ਹਾਂ ’ਤੇ ਧਿਆਨ ਕੇਂਦਰਿਤ ਕਰਦਿਆਂ ਕਾਰਜ ਯੋਜਨਾ ਬਣਾ ਰਹੀ ਹੈ: ਡੀਪਫੇਕਾਂ ਦਾ ਪਤਾ ਲਾਉਣਾ; ਅਜਿਹੀ ਸਮੱਗਰੀ ਦੇ ਫੈਲਾਅ ਨੂੰ ਰੋਕਣਾ; ਇਸ ਬਾਰੇ ਜਾਣਕਾਰੀ ਦੇਣ ਲਈ ਰਿਪੋਰਟਿੰਗ ਢਾਂਚਾ ਮਜ਼ਬੂਤ ਕਰਨਾ ਅਤੇ ਮੁੱਦੇ ’ਤੇ ਜਾਗਰੂਕਤਾ ਫੈਲਾਉਣਾ। ਡੀਪਫੇਕ ਤਕਨਾਲੋਜੀ ਨਾ ਸਿਰਫ਼ ਜਨਤਕ ਹਸਤੀਆਂ ਦੀ ਨਿੱਜਤਾ ਲਈ ਖ਼ਤਰਾ ਪੈਦਾ ਕਰਦੀ ਹੈ ਸਗੋਂ ਇਸ ਦਾ ਇਸਤੇਮਾਲ ਗੜਬੜ ਪੈਦਾ ਕਰਨ, ਗ਼ਲਤ ਸੂਚਨਾ ਤੇ ਝੂਠੀਆਂ ਖ਼ਬਰਾਂ ਫੈਲਾਉਣ ਅਤੇ ਕੌਮੀ ਸੁਰੱਖਿਆ ਲਈ ਖ਼ਤਰਾ ਖੜ੍ਹਾ ਕਰਨ ਲਈ ਵੀ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋਂ ਨਾਲ ਲੋਕਾਂ ਨਾਲ ਧੋਖਾ ਵੀ ਕੀਤਾ ਜਾਂਦਾ ਹੈ। ਕੰਪਿਊਟਰ ਨਿਰਮਤ ਬੁੱਧੀ ਦੁਆਰਾ ਕਿਸੇ ਆਦਮੀ ਦੇ ਰਿਸ਼ਤੇਦਾਰ ਜਾਂ ਦੋਸਤ ਦੀ ਆਵਾਜ਼ ਦੀ ਨਕਲ ਕਰ ਕੇ ਉਸ ਨਾਲ ਗੱਲਬਾਤ ਕਰਾਈ ਜਾ ਸਕਦੀ ਤੇ ਉਸ ਨਾਲ ਠੱਗੀ ਕੀਤੀ ਜਾ ਸਕਦੀ ਹੈ।
ਭਾਰਤ ਇਸ ਮਾਮਲੇ ’ਚ ਅਸੁਰੱਖਿਅਤ ਹੈ ਜਿੱਥੇ ਕਰੀਬ 80 ਕਰੋੜ ਇੰਟਰਨੈੱਟ ਵਰਤੋਂਕਾਰ ਹਨ। ਇੱਥੇ ਚੋਣਾਂ ਦੌਰਾਨ ਸਿਆਸੀ ਹਿਸਾਬ-ਕਿਤਾਬ ਬਰਾਬਰ ਕਰਨ ਅਤੇ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਡੀਪਫੇਕ ਮਾਰੂ ਹਥਿਆਰ ਸਾਬਤ ਹੋ ਸਕਦਾ ਹੈ। ਨਫ਼ਰਤ ਫੈਲਾਉਣ ਵਾਲੇ ਤੱਤ ਇਸ ਦੀ ਦੁਰਵਰਤੋਂ ਕਰ ਕੇ ਸਮਾਜ ਨਾਲ ਖਿਲਵਾੜ ਕਰ ਸਕਦੇ ਹਨ। ਅਜਿਹੀ ਸਮੱਗਰੀ ਤਿਆਰ ਕਰਨ ਵਾਲੇ ਅਤੇ ਨਾਲ ਹੀ ਸਬੰਧਿਤ ਸੋਸ਼ਲ ਮੀਡੀਆ/ਇੰਟਰਨੈੱਟ ਮੰਚਾਂ ਜਿੱਥੇ ਇਹ ਸਮੱਗਰੀ ਨਸ਼ਰ ਕੀਤੀ ਜਾਵੇਗੀ, ਉੱਤੇ ਭਾਰੀ ਜੁਰਮਾਨਾ ਲਾਉਣਾ ਇਸ ਨੂੰ ਰੋਕਣ ਪੱਖੋਂ ਕਾਰਗਰ ਹੋ ਸਕਦਾ ਹੈ। ਸਰਕਾਰ ਅਤੇ ਸਨਅਤ ਨੂੰ ‘ਜ਼ਿੰਮੇਵਾਰ ਕੰਪਿਊਟਰ ਨਿਰਮਤ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਏਆਈ’ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ ਜਿਹੜੀ ਸਮਾਜ ਲਈ ਲਾਹੇਵੰਦੀ ਹੋਵੇ ਅਤੇ ਗ਼ੈਰ-ਸਮਾਜੀ ਅਨਸਰਾਂ ਨੂੰ ਦੂਰ ਰੱਖੇ। ਅਮਰੀਕਾ ਦੇ ਕਈ ਸੂਬੇ ਡੀਪਫੇਕ ਵਿਰੁੱਧ ਕਾਨੂੰਨ ਬਣਾਉਣ ਦੇ ਯਤਨ ਕਰ ਰਹੇ ਹਨ। ਡੀਪਫੇਕਾਂ ਨੂੰ ਨੱਥ ਪਾਉਣ ਲਈ ਆਮ ਜਨਤਾ ਦੀ ਵੀ ਅਹਿਮ ਭੂਮਿਕਾ ਹੈ। ਲੋਕਾਂ ਨੂੰ ਸੋਸ਼ਲ ਮੀਡੀਆ ਉਤੇ ਸਮੱਗਰੀ ਨੂੰ ਬਿਨਾਂ ਸੋਚੇ-ਸਮਝੇ ਸ਼ੇਅਰ ਕਰਨ ਜਾਂ ਅੱਗੇ ਭੇਜਣ ਦੇ ਖ਼ਤਰਿਆਂ ਬਾਰੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ।