ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਡੇਅਰੀ ਵਰਕਰ ’ਤੇ ਫਾਇਰਿੰਗ
ਅੱਜ ਸਵੇਰੇ ਇਥੋਂ ਦੇ ਪਿੰਡ ਬੋਹਾਨੀ ਲਾਗੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਵਲੋਂ ਇੱਕ ਸਥਾਨਕ ਡੇਅਰੀ ਵਰਕਰ ’ਤੇ ਫਾਇਰਿੰਗ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਹੈ, ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਜ਼ਖਮੀ ਦੀ ਪਛਾਣ ਅਰੁਨ...
ਅੱਜ ਸਵੇਰੇ ਇਥੋਂ ਦੇ ਪਿੰਡ ਬੋਹਾਨੀ ਲਾਗੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਵਲੋਂ ਇੱਕ ਸਥਾਨਕ ਡੇਅਰੀ ਵਰਕਰ ’ਤੇ ਫਾਇਰਿੰਗ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਹੈ, ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਜ਼ਖਮੀ ਦੀ ਪਛਾਣ ਅਰੁਨ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੋਹਾਨੀ ਪਿੰਡ ’ਚ ਡੇਅਰੀ ਹੈ ਤੇ ਅਰੁਨ ਕੁਮਾਰ ਜੋ ਕਿ ਪਿਛਲੇ 25 ਸਾਲਾ ਤੋਂ ਉਸ ਪਾਸ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਤੋਂ ਕੁੱਝ ਵਿਅਕਤੀ ਉਨ੍ਹਾਂ ਦੇ ਖੂਹ ’ਤੇ ਆ ਕੇ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਤੇ ਅੱਜ ਸਵੇਰੇ ਅਰੁਨ ਦਾ ਉਨ੍ਹਾਂ ਨੂੰ ਫ਼ੋਨ ਆਇਆ ਕਿ ਜੋ ਵਿਅਕਤੀ ਪਿੱਛਾ ਕਰਨ ਆਉਂਦੇ ਹਨ ਤੇ ਉਹ ਠੇਕੇ ਅੱਗੇ ਖੜ੍ਹੇ ਹਨ ਤੇ ਇਸ ਦੌਰਾਨ ਉਹ ਖੁਦ ਵੀ ਗੱਡੀ ਲੈ ਕੇ ਨਿਕਲ ਪਏ ਤੇ ਜਦੋਂ ਅਰੁਨ ਮਾਧੋਪੁਰ-ਰਾਣੀਪੁਰ ਦਰਮਿਆਨ ਪੁੱਜਾ ਤਾਂ ਨਕਾਬਪੋਸ਼ ਨੌਜਵਾਨਾਂ ਨੇ ਮੋਟਰਸਾਈਕਲ ਸਾਈਡ ’ਤੇ ਖੜ੍ਹਾ ਦਿੱਤਾ ਤੇ ਇੱਕ ਨੌਜਵਾਨ ਕਮਾਦ ’ਚ ਵੜ ਗਿਆ ਤੇ ਇੱਕ ਦੌੜ ਪਿਆ ਤੇ ਜਦੋਂ ਅਰੁਨ ਨੇ ਮੋਟਰਸਾਈਕਲ ਸਵਾਰ ਨੌਜਵਾਨ ਦਾ ਪਿੱਛਾ ਕੀਤਾ ਤਾਂ ਉਸ ਵਲੋਂ ਗੋਲੀਆਂ ਚੱਲਾ ਦਿੱਤੀਆਂ ਤੇ ਫ਼ਰਾਰ ਹੋ ਗਿਆ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਕਿਸ ਰੰਜਿਸ਼ ਤਹਿਤ ਗੋਲੀਆਂ ਚਲਾਈਆ ਗਈਆਂ ਹਨ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਰੀਬ ਪੰਜ ਗੋਲੀਆਂ ਚੱਲੀਆ ਹਨ।
ਸਿਵਲ ਹਸਪਤਾਲ ’ਚ ਡਿਊਟੀ ’ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਜ਼ਖਮੀ ਦੇ ਇੱਕ ਗੋਲੀ ਸੱਜੇ ਹੱਥ, ਇੱਕ ਖੱਬੇ ਪੈਰ ਤੇ ਇੱਕ ਪਿੱਠ ’ਚ ਲੱਗੀ ਹੈ ਜਿਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਡੀ ਐੱਸ ਪੀ.ਭਾਰਤ ਭੂਸ਼ਣ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲੀਸ ਵਲੋਂ ਮੌਕੇ ’ਤੇ ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਤੇ ਆਲੇ ਦੁਆਲੇ ਦੇ ਇਲਾਕਿਆਂ ਦੀ ਸੀ ਸੀ ਟੀ ਵੀ ਫ਼ੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।