ਨੌਜਵਾਨ ਸਕਾਰਾਤਮਕ ਸੋਚ ਨਾਲ ਅੱਗੇ ਵਧਣ: ਸੁਖਬੀਰ ਸੰਧੂ
ਹਤਿੰਦਰ ਮਹਿਤਾ
ਜਲੰਧਰ, 10 ਮਾਰਚ
ਭਾਰਤ ਦੇ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਨੇ ਅੱਜ ਸਥਾਨਕ ਡੀ.ਏ.ਵੀ. ਕਾਲਜ ਵਿੱਚ 87ਵੇਂ ਡਿਗਰੀ ਵੰਡ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਨੌਜਵਾਨਾਂ ਨੂੰ ਜ਼ਿੰਦਗੀ ਵਿੱਚ ਸਕਾਰਾਮਕ ਸੋਚ ਦੇ ਧਾਰਨੀ ਬਣਨ ਦਾ ਸੱਦਾ ਦਿੱਤਾ। ਇਸ ਦੌਰਾਨ 2024 ਦੇ ਬੈਚ ਦੇ ਲਗਪਗ 500 ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਡਾ. ਸੰਧੂ ਨੇ ਕਿਹਾ ਕਿ ਸਕਾਰਾਤਮਕ ਰਵੱਈਆ ਅਪਣਾ ਕੇ ਜ਼ਿੰਦਗੀ ਵਿੱਚ ਵੱਡੇ ਤੋਂ ਵੱਡਾ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਸ਼ਾਵਾਦੀ ਬਣਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਕਾਰਾਤਮਕ ਪਹੁੰਚ ਨਾ ਸਿਰਫ਼ ਇਨਸਾਨ ਨੂੰ ਕਾਮਯਾਬ ਤੇ ਮਹਾਨ ਬਣਾ ਸਕਦੀ ਹੈ ਸਗੋਂ ਮੁਸੀਬਤਾਂ ਨਾਲ ਡਟ ਕੇ ਲੜਨਾ ਵੀ ਸਿਖਾਉਂਦੀ ਹੈ। ਇਸ ਮੌਕੇ ਉਨ੍ਹਾਂ ਨਾਲ ਮੁੱਖ ਚੋਣ ਅਫ਼ਸਰ ਪੰਜਾਬ ਸਿਬਿਨ ਸੀ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਵੀ ਮੌਜੂਦ ਸਨ। ਡਾ. ਸੰਧੂ, ਜੋ ਕਿ ਡੀਏਵੀ ਕਾਲਜ ਦੇ ਸਾਬਕਾ ਵਿਦਿਆਰਥੀ ਵੀ ਰਹੇ ਹਨ, ਨੇ ਨੌਜਵਾਨਾਂ ਨੂੰ ਕਾਮਯਾਬੀ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਫ਼ਲਤਾ ਦਾ ਕੋਈ ਸ਼ਾਰਟ ਕੱਟ ਨਹੀਂ ਹੁੰਦਾ ਬਲਕਿ ਸ਼ਾਰਟ ਕਟ ਰਾਹੀਂ ਮਿਲੀ ਸਫ਼ਲਤਾ ਆਰਜੀ ਹੁੰਦੀ ਹੈ। ਡਿਗਰੀ ਵੰਡ ਸਮਾਗਮ ਲਈ ਸੰਸਥਾ ਨੂੰ ਮੁਬਾਰਕਬਾਦ ਦਿੰਦਿਆਂ ਚੋਣ ਕਮਿਸ਼ਨਰ ਨੇ ਕਿਹਾ ਕਿ ਡੀਏਵੀ. ਕਾਲਜ, ਜਿਸ ਦੇ ਉਹ ਖ਼ੁਦ ਵਿਦਿਆਰਥੀ ਰਹੇ ਹਨ, ਦੇ 87ਵੇਂ ਡਿਗਰੀ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਨਾਲ ਉਨ੍ਹਾਂ ਦੇ ਧਰਮਪਤਨੀ ਹਰਲੀਨ ਕੌਰ ਸੰਧੂ ਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਸਮਾਰੋਹ ਵਿੱਚ ਉਦਯੋਗਪਤੀ ਰਾਜੇਸ਼ ਕੁਮਾਰ ਸੌਂਧੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰ. ਡਾ. ਰਾਜੇਸ਼ ਕੁਮਾਰ ਨੇ ਸੰਸਥਾ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਨੇ ਕਾਲਜ ਦੇ ਨਵੇਂ ਮੁਰੰਮਤ ਕੀਤੇ ‘ਹਾਲ ਆਫ਼ ਫੇਮ’ ਦਾ ਉਦਘਾਟਨ ਕਰਨ ਤੋਂ ਇਲਾਵਾ ਕਾਲਜ ਦੇ ਵਿਹੜੇ ’ਚ ਬੂਟਾ ਲਾ ਕੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਵੀ ਦਿੱਤਾ।