ਹੜ੍ਹਾਂ ਨਾਲ ਫਸਲ ਤਬਾਹ ਹੋਣ ’ਤੇ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼
ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਦੇ ਇੱਕ 25 ਸਾਲਾ ਕਿਸਾਨ ਨੌਜਵਾਨ ਨੇ ਹੜ੍ਹਾਂ ਕਾਰਨ ਖਰਾਬ ਹੋਈ 16 ਏਕੜ ਝੋਨੇ ਦੀ ਫਸਲ ਤਬਾਹ ਹੋਣ ਤੋਂ ਬਾਅਦ ਕਥਿਤ ਤੌਰ ’ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਅਰਸ਼ਦੀਪ ਹਾਲ ਦੀ ਘੜੀ ਜ਼ੇਰੇ ਇਲਾਜ ਹੈ।
ਜਾਣਕਾਰੀ ਅਨੁਸਾਰ ਕਿਸਾਨ ਅਰਸ਼ਦੀਪ ਸਿੰਘ ਇਲਾਕੇ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਆਪਣੀ ਫਸਲ ਦੇ ਪੂਰੀ ਤਰ੍ਹਾਂ ਨੁਕਸਾਨ ਤੋਂ ਬਾਅਦ ਗੰਭੀਰ ਤਣਾਅ ਵਿੱਚ ਸੀ। ਉਸ ਦੇ ਪਰਿਵਾਰ ਕੋਲ 10 ਏਕੜ ਜ਼ਮੀਨ ਹੈ ਅਤੇ 6 ਏਕੜ ਜ਼ਮੀਨ ਠੇਕੇ 'ਤੇ ਲਈ ਹੋਈ ਸੀ।
ਉਸਦੀ ਮਾਂ, ਰਣਜੀਤ ਕੌਰ ਨੇ ਕਿਹਾ ਕਿ ਅਰਸ਼ਦੀਪ ਫਸਲ ਦੇ ਨੁਕਸਾਨ ਤੋਂ ਬਾਅਦ ਬਹੁਤ ਪਰੇਸ਼ਾਨ ਸੀ। ਉਨਾਂ ਕਿਹਾ, “ਉਸ ਨੇ ਰੋਟੀ ਛੱਡ ਦਿੱਤੀ ਸੀ ਅਤੇ ਨਾ ਹੀ ਕਿਸੇ ਨਾਲ ਕੋਈ ਗੱਲ ਕਰ ਰਿਹਾ ਸੀ। ਉਸਨੂੰ ਇਸ ਗੱਲ ਦੀ ਚਿੰਤਾ ਸੀ ਕਿ ਅਸੀਂ ਲਏ ਗਏ ਕਰਜ਼ੇ ਨੂੰ ਕਿਵੇਂ ਮੋੜਾਂਗੇ।”
ਰਣਜੀਤ ਕੌਰ ਨੇ ਭਰੇ ਮਨ ਕਿਹਾ, "ਅਸੀਂ ਉਸਨੂੰ ਸਮਝਾਇਆ ਸੀ ਕਿ ਬਹੁਤ ਸਾਰੇ ਕਿਸਾਨਾਂ ਦਾ ਇਹੋ ਹਾਲ ਹੋਇਆ ਹੈ ਅਤੇ ਸਭ ਕੁਝ ਠੀਕ ਹੋ ਜਾਵੇਗਾ। ਪਰ, ਓਹ... ਦਿਲ ’ਤੇ ਲੈ ਗਿਆ।’’
ਪਿੰਡ ਦੇ ਇੱਕ ਸਰਗਰਮ ਕਿਸਾਨ ਸਮਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ 2023 ਵਿੱਚ ਵੀ ਅਜਿਹਾ ਹੀ ਨੁਕਸਾਨ ਹੋਇਆ ਸੀ। ਪਰ ਇਸ ਵਾਰ ਨੌਜਵਾਨ ਇਸ ਸਦਮੇ ਨੂੰ ਨਹੀਂ ਝੱਲ ਸਕਿਆ।