ਤਰਪਾਲਾਂ ਦੇਣ ’ਚ ਪੱਖਪਾਤ ਖ਼ਿਲਾਫ਼ ਮਜ਼ਦੂਰ ਵੱਲੋਂ ਧਰਨਾ
ਸ਼ਾਹਕੋਟ ਦੇ ਸਿਵਲ ਪ੍ਰਸ਼ਾਸਨ ਵੱਲੋਂ ਲੋੜਵੰਦਾਂ ਨੂੰ ਤਰਪਾਲਾਂ ਦੇਣ ਦੇ ਮਾਮਲੇ ਵਿਚ ਕੀਤੇ ਜਾ ਰਹੇ ਕਥਿਤ ਪੱਖਪਾਤ ਖ਼ਿਲਾਫ਼ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਸਥਾਨਕ ਤਹਿਸੀਲ ਕੰਪਲੈਕਸ ਵਿਚ ਧਰਨਾ ਦਿੱਤਾ। ਯੂਨੀਅਨ ਦੇ ਇਲਾਕਾ ਸ਼ਾਹਕੋਟ-ਨਕੋਦਰ ਦੇ ਸਕੱਤਰ ਸੁਖਜਿੰਦਰ ਲਾਲੀ ਨੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਅਤੇ ਬਰਸਾਤਾਂ ਨਾਲ ਨਜਿੱਠਣ ਲਈ ਅਗਾਊਂ ਢੁਕਵੇ ਪ੍ਰਬੰਧ ਨਾ ਕੀਤੇ ਜਾਣ ਕਾਰਨ ਲੋਕ ਹੜ੍ਹਾਂ ਅਤੇ ਮੀਂਹ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿਚ ਖੇਤ ਮਜ਼ਦੂਰਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਲਗਾਤਾਰ ਪੈ ਰਹੇ ਮੀਂਹ ਨਾਲ ਮਜ਼ਦੂਰਾਂ ਦੇ ਮਕਾਨ ਚੋਣ ਕਾਰਨ ਘਰੇਲੂ ਸਾਮਾਨ ਵੀ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋੜਵਦ ਮਜ਼ਦੂਰ ਜਦੋਂ ਤਹਿਸੀਲ ਕੰਪਲੈਕਸ ਵਿਚ ਤਰਪਾਲਾਂ ਲੈਣ ਆ ਰਹੇ ਹਨ ਤਾਂ ਉਨ੍ਹਾਂ ਕੋਲੋਂ ਅਰਜ਼ੀਆਂ ਤੇ ਆਧਾਰ ਕਾਰਡ ਮੰਗੇ ਜਾ ਰਹੇ ਹਨ। ਇਸ ਤੋਂ ਵੀ ਅੱਗੇ ਸਬੰਧਤ ਪਿੰਡਾਂ ਦੇ ਪਟਵਾਰੀਆਂ ਕੋਲੋਂ ਰਿਪੋਰਟ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਜਿਹੜੇ ਲੋਕ ਅਰਜ਼ੀਆਂ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਪਟਵਾਰੀ ਜਾਂ ਕਾਨੂੰਨਗੋ ਮਿਲਦੇ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਅਧਿਕਾਰੀ ਮਿਲ ਵੀ ਜਾਣ ਤਾਂ ਤਰਪਾਲਾਂ ਖਤਮ ਦਾ ਬਹਾਨਾ ਬਣਾ ਕੇ ਬੇਰੰਗ ਮੋੜ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸਦੇ ਉਲਟ ਜਦੋਂ ਕੋਈ ਅਸਰ-ਰਸੂਖ਼ ਵਾਲਾ ਵਿਅਕਤੀ ਆਉਂਦਾ ਹੈ ਤਾਂ ਤਹਿਸੀਲ ਦੇ ਮੁਲਾਜ਼ਮ ਉਨ੍ਹਾਂ ਦੀਆਂ ਗੱਡੀਆਂ ਵਿਚ ਖੁਦ ਤਰਪਾਲਾਂ ਰੱਖ ਦਿੰਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਨੇ ਬਿਨਾਂ ਕਿਸੇ ਭੇਦਭਾਵ ਤੋਂ ਲੋੜਵੰਦਾਂ ਨੂੰ ਤਰਪਾਲਾਂ ਨਾ ਦਿੱਤੀਆਂ ਤਾਂ ਉਹ ਵੱਡਾ ਐਕਸਨ ਕਰਨ ਲਈ ਮਜਬੂਰ ਹੋਣਗੇ। ਐੱਸਡੀਐੱਮ ਸ਼ਾਹਕੋਟ ਸ੍ਰੀਮਤੀ ਸ਼ੁਭੀ ਆਂਗਰਾ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਤਾ ਕਿ ਉਹ ਇੱਕ ਘੰਟੇ ਤੱਕ ਉਨ੍ਹਾਂ ਦੀ ਮੰਗ ਅਨੁਸਾਰ ਉਨ੍ਹਾਂ ਦੇ ਪਿੰਡਾਂ ਵਿਚ ਤਰਪਾਲਾਂ ਪਹੁੰਚਾ ਦੇਣਗੇ। ਇਸ ਭਰੋਸੇ ਮਗਰੋਂ ਉਨ੍ਹਾਂ ਨੇ ਧਰਨਾ ਸਮਾਪਤ ਖ਼ਤਮ ਕਰ ਦਿੱਤਾ।