ਪੁਲੀਸ ਜਬਰ ਖ਼ਿਲਾਫ਼ ਔਰਤਾਂ ਨੇ ਜਾਗੋ ਕੱਢੀ
ਇਥੇ ਇਸਤਰੀ ਜਾਗ੍ਰਿਤੀ ਮੰਚ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਪੁਲੀਸ ਜਬਰ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਸੰਗਰੂਰ ’ਚ ਲਾਈ ਪਾਬੰਦੀ ਖ਼ਿਲਾਫ਼ ਨੇੜਲੇ ਪਿੰਡ ਪਾੜਾ ਵਿੱਚ ਜਾਗੋ ਕੱਢ ਕੇ ਸੰਗਰੂਰ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੀ ਜਸਬੀਰ ਕੌਰ ਜੱਸੀ, ਦਲਜੀਤ ਕੌਰ ਪਾੜਾ, ਬਲਵਿੰਦਰ ਕੌਰ ਘੁੱਗਸ਼ੋਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੇਂਦਰ ਦਾ ਹੱਥ ਠੋਕਾ ਬਣ ਕੇ ਸੰਘਰਸ਼ਸ਼ੀਲ ਲੋਕਾਂ ਦੇ ਇਕੱਠੇ ਹੋ ਕੇ ਬੋਲਣ ’ਤੇ ਵਿਰੋਧ ਪ੍ਰਗਟ ਕਰਨ ਦੇ ਸੰਵਿਧਾਨਕ ਅਧਿਕਾਰਾਂ ਨੂੰ ਕੁਚਲਿਆਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਪੁਲੀਸ ਰਾਜ ਵਿੱਚ ਤਬਦੀਲ ਕਰਨ ਦੀ ਸਰਕਾਰ ਨੂੰ ਬਿਲਕੁੱਲ ਵੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਦਿਹਾੜੀ ’ਚ ਵਾਧਾ ਕਰਨ ਦੀ ਥਾਂ ਦਿਹਾੜੀ 12 ਘੰਟੇ ਕਰ ਦਿੱਤੀ ਗਈ ਹੈ, ਬਿਜਲੀ ਐਕਟ 2020 ਤਹਿਤ ਪ੍ਰਾਈਵੇਟ ਕੰਪਨੀ ਦੇ ਸਮਾਰਟ ਮੀਟਰ ਲਗਾ ਕੇ ਵਿਭਾਗ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਸਕੀਮ ਲਾਗੂ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੇ ਫੁਰਮਾਨ ਸੁਣਾ ਦਿੱਤੇ ਗਏ ਹਨ। ਜੀਂਦ ਦੇ ਰਾਜੇ ਦੀ ਜ਼ਮੀਨ ਵਿੱਚ ਬੇਗ਼ਮਪੁਰਾ ਵਸਾਉਣ ਜਾ ਰਹੇ ਦਲਿਤ ਮਜ਼ਦੂਰਾਂ ਨੂੰ ਸੰਗਰੂਰ ਵਿੱਚ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ। ਆਪਣੇ ਹੱਕਾਂ ਲਈ ਉੱਠਣ ਵਾਲੀ ਆਵਾਜ਼ ਤੋਂ ਮੁਕਤ ਕਰਨ ਲਈ ਪੰਜਾਬ ਨੂੰ ਪੁਲੀਸ ਰਾਜ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਸੰਗਰੂਰ ਅੰਦਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀਆਂ ਸਰਗਰਮੀਆਂ ਉੱਪਰ ਅਣ ਐਲਾਨੀ ਐਂਮਰਜੈਂਸੀ ਲਗਾ ਕੇ ਪਾਬੰਦੀ ਲਗਾ ਦਿੱਤੀ ਗਈ। ਕਮੇਟੀ ਆਗੂਆਂ ਸਮੇ ਮਜ਼ਦੂਰਾਂ ਨੂੰ ਜੇਲ੍ਹੀਂ ਡੱਕਿਆਂ ਹੋਇਆ ਹੈ। ਇਸ ਜਬਰ ਖ਼ਿਲਾਫ਼ ਪੰਜਾਬ ਦੀਆਂ ਸੰਘਰਸ਼ਸ਼ੀਲ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ 25 ਜੁਲਾਈ ਨੂੰ ਸੂਬਾ ਪੱਧਰੀ ਰੈਲੀ ਤੇ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਔਰਤਾਂ ਤੇ ਪੇਂਡੂ ਮਜ਼ਦੂਰਾਂ ਨੇ ਸੰਗਰੂਰ ਰੈਲੀ ਤੇ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਪਿੰਡ ਵਿੱਚ ਘਰੋਂ ਘਰੀਂ ਫੰਡ ਇਕੱਠਾ ਕਰਨ ਦਾ ਸੱਦਾ ਵੀ ਦਿੱਤਾ।