ਜਣੇਪੇ ਲਈ ਆਈ ਔਰਤ ਵੱਲੋਂ ਡਾਕਟਰ ’ਤੇ ਪੈਸੇ ਮੰਗਣ ਦੇ ਦੋਸ਼
ਇੱਥੋਂ ਦੇ ਸਿਵਲ ਹਸਪਤਾਲ ’ਚ ਜਣੇਪੇ ਲਈ ਆਈ ਪਿੰਡ ਜੌਹਲਾਂ ਦੀ ਇੱਕ ਔਰਤ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਔਰਤਾਂ ਦੀ ਮਾਹਿਰ ਡਾਕਟਰ ’ਤੇ ਅਪਰੇਸ਼ਨ ਲਈ ਪੈਸੇ ਮੰਗਣ ਦੇ ਦੋਸ਼ ਲਗਾਏ ਹਨ। ਔਰਤ ਦਾ ਦੋਸ਼ ਹੈ ਕਿ ਡਾਕਟਰ ਨੇ ਜਣੇਪੇ ਲਈ ਅਪਰੇਸ਼ਨ ਥੀਏਟਰ ’ਚ ਲਿਜਾ ਕੇ ਉਨ੍ਹਾਂ ਕੋਲੋਂ 10000 ਦੀ ਰਕਮ ਮੰਗੀ ਅਤੇ ਉਨ੍ਹਾਂ ਦੇ ਅਸਮਰੱਥਤਾ ਜਤਾਉਣ ‘ਤੇ ਰਾਤ ਕਰੀਬ 7 ਵਜੇ ਪੀੜਤਾ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪਰ ਸਿਵਲ ਹਸਪਤਾਲ ਟਾਂਡਾ ਵਿੱਚ ਉਨ੍ਹਾਂ ਦੀ ਨਾਰਮਲ ਡਿਲਵਰੀ ਰਾਹੀਂ ਬੱਚੀ ਨੇ ਜਨਮ ਲਿਆ। ਦੂਜੇ ਪਾਸੇ, ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਡਾਕਟਰ ਨੇ ਦੋਸ਼ ਨਕਾਰੇ ਹਨ।
ਜਾਣਕਾਰੀ ਮੁਤਾਬਕ ਪਿੰਡ ਜੌਹਲਾਂ ਦੀ ਵਸਨੀਕ ਨੇਹਾ ਨੇ ਦੱਸਿਆ ਕਿ ਉਹ ਜਣੇਪੇ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਔਰਤਾਂ ਦੀ ਮਾਹਿਰ ਡਾਕਟਰ ਮੰਜਰੀ ਕੋਲ ਗਈ ਸੀ। ਡਾਕਟਰ ਨੇ ਉਸਦਾ ਬੱਚਾ ਅਪਰੇਸ਼ਨ ਨਾਲ ਹੋਣ ਦਾ ਆਖ ਕੇ ਸੱਦਿਆ ਸੀ। ਜਦੋਂ ਸ਼ਾਮ ਵੇਲੇ ਅਪਰੇਸ਼ਨ ਥੀਏਟਰ ਲਿਜਾਇਆ ਗਿਆ ਤਾਂ ਡਾ. ਮੰਜਰੀ ਨੇ ਅਪਰੇਸ਼ਨ ਕਰਨ ਲਈ 10,000 ਦੀ ਮੰਗ ਕੀਤੀ। ਇਹ ਰਕਮ ਦੇਣ ਤੋਂ ਅਸਮਰੱਥਾ ਜਤਾਉਣ ਕਾਰਨ ਉਸਨੂੰ ਅਪਰੇਸ਼ਨ ਥੀਏਟਰ ਤੋਂ ਬਾਹਰ ਕੱਢ ਕੇ ਕਰੀਬ 7 ਵਜੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਰਾਤ ਹੋਣ ਕਾਰਨ ਉਹ ਬੱਸ ਰਾਹੀਂ ਘਰ ਪੁੱਜੀ ਅਤੇ ਘਰ ਵਾਲਿਆਂ ਦੀ ਸਲਾਹ ਨਾਲ 3-4 ਸਤੰਬਰ ਦੀ ਅੱਧੀ ਰਾਤ ਨੂੰ ਸਿਵਲ ਹਸਪਤਾਲ ਟਾਂਡਾ ਦਾਖ਼ਲ ਹੋਈ ਜਿੱਥੇ ਨਾਰਮਲ ਡਿਲਵਰੀ ਰਾਹੀਂ ਬੱਚੀ ਨੇ ਜਨਮ ਲਿਆ ਹੈ। ਪੀੜਤਾ ਨੇ ਦੋਸ਼ ਲਗਾਇਆ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਡਾ. ਮੰਜਰੀ ਨੇ ਪੈਸਿਆਂ ਦੀ ਮੰਗ ਪੂਰੀ ਨਾ ਹੋਣ ਕਰਕੇ ਪ੍ਰੇਸ਼ਾਨ ਕਰਨ ਲਈ ਪੀੜਤਾ ਨੂੰ ਅੰਮ੍ਰਿਤਸਰ ਰੈਫਰ ਕੀਤਾ ਸੀ।
ਪੀੜਤਾ ਨੇਹਾ ਤੇ ਉਸਦੇ ਪਤੀ ਅਜੈਪਾਲ ਨੇ ਮੰਗ ਕੀਤੀ ਕਿ ਜਣੇਪੇ ਲਈ 10,000 ਦੀ ਮੰਗ ਕਰਨ ਵਾਲੀ ਡਾ. ਮੰਜਰੀ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਨਾਰਮਲ ਡਿਲਵਰੀ ਵਾਲੇ ਕੇਸ ਲਈ ਅਪਰੇਸ਼ਨ ਕਰਨ ਦੀ ਕੋਸ਼ਿਸ਼ ਕਰਨ ਵਾਲੀ ਡਾਕਟਰ ਦੀ ਪੇਸ਼ੇਵਰ ਕਾਰਗੁਜ਼ਾਰੀ ਵੀ ਜਾਂਚੀ ਜਾਵੇ।
ਸਿਵਲ ਹਸਪਤਾਲ ਦੀ ਡਾਕਟਰ ਨੇ ਨਕਾਰੇ ਦੋਸ਼
ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਡਾਕਟਰ ਮੰਜਰੀ ਨੇ ਕਿਹਾ ਕਿ ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਕਿਸੇ ਕੋਲੋਂ ਕੋਈ ਰਕਮ ਨਹੀਂ ਮੰਗੀ ਅਤੇ ਅਪਰੇਸ਼ਨ ਦੌਰਾਨ ਉਸਦਾ ਬੀਪੀ ਵਧ ਜਾਣ ਕਾਰਨ ਅਗਲੇ ਹਸਪਤਾਲ ਰੈਫਰ ਕੀਤਾ ਗਿਆ ਸੀ। ਉਨ੍ਹਾਂ ਨੇਹਾ ਦਾ ਜਣੇਪਾ ਨਾਰਮਲ ਤਰੀਕੇ ਨਾਲ ਬਲਾਕ ਟਾਂਡਾ ਦੇ ਹਸਪਤਾਲ ਵਿੱਚ ਹੋ ਜਾਣ ਬਾਰੇ ਉਨ੍ਹਾਂ ਅਣਜਾਣਤਾ ਪ੍ਰਗਟਾਈ। ਜਦੋਂ ਇਹ ਪੁੱਛਿਆ ਗਿਆ ਕਿ ਜ਼ਿਲ੍ਹਾ ਹਸਪਤਾਲ ਵਿੱਚ ਅਪਰੇਸ਼ਨ ਰਾਹੀਂ ਕੀਤਾ ਜਾਣ ਵਾਲਾ ਜਣੇਪਾ ਬਲਾਕ ਹਸਪਤਾਲ ਵਿੱਚ ਨਾਰਮਲ ਡਿਲਵਰੀ ਰਾਹੀਂ ਕਿਵੇਂ ਹੋ ਗਿਆ ਤਾਂ ਉਨ੍ਹਾਂ ਇਸ ਦਾ ਕੋਈ ਜਵਾਬ ਨਾ ਦਿੱਤਾ।