ਹੜ੍ਹ ਮਾਰਿਆਂ ਦੇ ਮੁੜ ਵਸੇਬੇ ਲਈ ਸੰਸਦ ਵਿੱਚ ਚੁੱਕਾਂਗਾ ਅਵਾਜ਼: ਚੰਨੀ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੋਰੋਵਾਲੀਆ, ਕਾਂਗਰਸ ਦੇ ਹਲਕਾ ਨਕੋਦਰ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਅਤੇ ਹਲਕਾ ਕਰਤਾਰਪੁਰ ਦੇ ਇੰਚਾਰਜ ਰਾਜਿੰਦਰ ਸਿੰਘ ਨਾਲ ਬਲਾਕ ਲੋਹੀਆਂ ਖਾਸ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਉਨ੍ਹਾਂ ਹੜ੍ਹ ਅਤੇ ਮੀਂਹ ਨਾਲ ਹੋਏ ਫਸਲਾਂ, ਮਕਾਨਾਂ ਤੇ ਡੰਗਰਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ।
ਦੱਸਣਯੋਗ ਹੈ ਕਿ ਪਿੰਡ ਮੁੰਡੀ ਕਾਲੂ ਨੇੜੇ ਐਂਡਵਾਸ ਬੰਨ੍ਹ ਟੁੱਟਣ ਨਾਲ ਕਰੀਬ 500 ਏਕੜ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਅਤੇ ਮੀਂਹ ਨਾਲ ਅਨੇਕਾਂ ਲੋਕਾਂ ਦੇ ਮਕਾਨ, ਘਰੇਲੂ ਸਾਮਾਨ ਅਤੇ ਡੰਗਰਾਂ ਦਾ ਨੁਕਸਾਨ ਹੋਇਆ ਹੈ। ਸਾਬਕਾ ਮੁੱਖ ਮੰਤਰੀਚੰਨੀ ਮੰਡ ਦੇ ਲੋਕਾਂ ਦੀ ਬਣੀ ਤਰਸਯੋਗ ਹਾਲਤ ਬਾਰੇ ਪਤਾ ਕਰਨ ਲਈ ਦੇਰ ਸ਼ਾਮ ਪਿੰਡ ਮੰਡਾਲਾ ਛੰਨਾਂ ਅਤੇ ਗਿੱਦੜਪਿੰਡੀ ਪੁੱਜੇ ਸਨ। ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਮਗਰੋਂ ਉਨ੍ਹਾਂ ਕਿਹਾ ਕਾਂਗਰਸ ਪਾਰਟੀ ਇਸ ਔਖੀ ਘੜੀ ਵਿੱਚ ਪੀੜਤਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਅਤੇ ਮੀਂਹ ਦੀ ਕਰੋਪੀ ਦਾ ਸ਼ਿਕਾਰ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਉਹ ਕੇਂਦਰ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਅਵਾਜ਼ ਉਠਾਉਣਗੇ। ਉਨ੍ਹਾਂ ਮੁੱਖ ਮੰਤਰੀ ’ਤੇ ਤਨਜ ਕੱਸਦਿਆਂ ਕਿਹਾ ਕਿ ਕਿਸੇ ਸਮੇਂ ਹੜ੍ਹ ਪੀੜਤ ਕਿਸਾਨਾਂ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰਨ ਵਾਲਾ ਭਗਵੰਤ ਮਾਨ ਹੁਣ ਕਿਸਾਨਾਂ ਨੂੰ ਉਕਤ ਮੁਆਵਜ਼ਾ ਰਾਸ਼ੀ ਐਲਾਨ ਕੇ ਕਿਉਂ ਨਹੀਂ ਜਾਰੀ ਕਰਦਾ।