ਐੱਸ ਡੀ ਆਰ ਐੱਫ਼ ਤਹਿਤ ਮਿਲੇ 12,500 ਕਰੋੜ ਰੁਪਏ ਕਿੱਥੇ ਗਏ: ਸਾਂਪਲਾ
ਭਾਜਪਾ ਆਗੂ ਨੇ ਮਾਨ ਸਰਕਾਰ ਨੂੰ ਕੀਤਾ ਸਵਾਲ; ਭਗਵਾ ਪਾਰਟੀ ਨੇ ਚਾਰਜਸ਼ੀਟ ਜਾਰੀ ਕੀਤੀ
ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਪੰਜਾਬ ਸਰਕਾਰ ਲੰਘੇ ਦਿਨੀਂ ਪੰਜਾਬ ’ਚ ਆਏ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ, ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਅਤੇ ਹੜ੍ਹਾਂ ਵਾਲੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਅਗਾਊਂ ਪ੍ਰਬੰਧ ਕਰਨ ’ਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਉਨ੍ਹਾਂ ਨੇ ਇਹ ਦੋਸ਼ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਪਾਰਟੀ ਦੀ ਚਾਰਜਸ਼ੀਟ ਵਿਚ ਲਾਏ।
ਸਾਂਪਲਾ ਨੇ ਕਿਹਾ ਕਿ ਕੈਗ ਦੀ ਰਿਪੋਰਟ 2023 ਤੋਂ ਪਤਾ ਚੱਲਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਐੱਸਡੀਆਰਐੱਫ ਫ਼ੰਡ ਦੀ ਵਰਤੋਂ ਕਰਨ ’ਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਥਿਤ ਤੌਰ ’ਤੇ ਫ਼ੰਡ ਨੂੰ ਲੋੜੀਂਦੇ ਕੰਮਾਂ ’ਚ ਖਰਚ ਕਰਨ ਦੀ ਬਜਾਏ ਹੋਰਨਾਂ ਉਦੇਸ਼ਾਂ ਵਿਚ ਖਰਚ ਕੀਤਾ ਜਿਸ ਕਰਕੇ ਵਿੱਤ ਮੰਤਰੀ ਦੀ ਜਵਾਬਦੇਹੀ ’ਤੇ ਸਵਾਲ ਵੀ ਉੱਠੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬਦੇਹੀ ਤੋਂ ਬਚਦਿਆਂ ਕੇਂਦਰ ਸਰਕਾਰ ’ਤੇ ਹੀ ਦੋਸ਼ ਲਗਾ ਦਿੱਤੇ। ਸਾਂਪਲਾ ਨੇ ਕਿਹਾ ਕਿ ਐੱਸਡੀਆਰਐੱਫ ਫੰਡ ਲਈ ਕੋਈ ਵੱਖਰਾ ਖਾਤਾ ਨਹੀਂ ਰੱਖਿਆ ਗਿਆ ਜਦੋਂਕਿ ਇਸ ਵਾਸਤੇ ਵੱਖਰਾ ਖਾਤਾ ਜ਼ਰੂਰੀ ਹੈ।
ਸਾਂਪਲਾ ਨੇ ਕਿਹਾ ਕਿ ਕੁਦਰਤੀ ਆਫ਼ਤ ਰਾਹਤ ਲਈ ਨਿਰਧਾਰਤ 12,589.59 ਕਰੋੜ ਰੁਪਏ ਦੀ ਵਰਤੋਂ ਕਰਨ ਦੀ ਬਜਾਏ ‘ਆਪ’ ਨੇ ਇਹ ਰਾਸ਼ੀ ਖਜ਼ਾਨੇ ਵਿਚ ਪਾ ਦਿੱਤਾ ਅਤੇ ਅਰਵਿੰਦ ਕੇਜਰੀਵਾਲ ਦੀਆਂ ਸਹੂਲਤਾਂ, ਸੁਰੱਖਿਆ ਅਤੇ ਝੂਠੇ ਪ੍ਰਚਾਰ ’ਤੇ ਖਰਚ ਕੀਤਾ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਸਰਕਾਰ ਇਹ ਸਪਸ਼ਟ ਕਰੇ ਕਿ ਕੇਂਦਰ ਸਰਕਾਰ ਦੁਆਰਾ ਦਿੱਤਾ ਗਿਆ ਐੱਸਡੀਆਰਐੱਫ ਦਾ 12,589.59 ਕਰੋੜ ਰੁਪਏ ਦਾ ਫ਼ੰਡ ਕਿੱਥੇ ਹੈ? ਸਾਂਪਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਕਰੋੜਾਂ ਰੁਪਏ ਦੇਣ ਦੇ ਬਾਵਜੂਦ ਪੰਜਾਬ ਸਰਕਾਰ ਸੂਬੇ ਦੀ ਜਨਤਾ ਦੀ ਸੁਰੱਖਿਆ ਕਰਨ ਲਈ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ 2023 ਵਿਚ ਆਏ ਹੜ੍ਹਾਂ ਤੋਂ ਕੋਈ ਸਬਕ ਨਹੀਂ ਲਿਆ। ਮੌਸਮ ਵਿਭਾਗ ਦੀਆਂ ਚੇਤਾਵਨੀਆਂ ਦੇ ਬਾਵਜੂਦ ਸਰਕਾਰ ਵਲੋਂ ਬਚਾਅ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ।