ਜੇਜੋਂ ਦੁਆਬਾ ਵਿੱਚ ਖੱਡ ਦਾ ਪਾਣੀ ਆਇਆ
ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 23 ਜੂਨ
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਹੱਦ ’ਤੇ ਵਸੇ ਕਸਬਾ ਜੇਜੋਂ ਦੁਆਬਾ ਵਿੱਚ ਅੱਜ ਲੋਕ ਉਦੋਂ ਹੱਕੇ ਬੱਕੇ ਰਹਿ ਗਏ ਜਦੋਂ ਜੇਜੋਂ ਦੀ ਖੱਡ ਦਾ ਪਾਣੀ ਪੂਰੇ ਵੇਗ ਨਾਲ ਵਗਦਾ ਮੁੱਖ ਸੜਕ ’ਤੇ ਆ ਗਿਆ ਅਤੇ ਲੋਕਾਂ ਦੀ ਆਵਾਜਾਈ ਠੱਪ ਹੋ ਗਈ। ਦੱਸਣਾ ਬਣਦਾ ਹੈ ਕਿ ਅੱਜ ਹਿਮਾਚਲ ਪ੍ਰਦੇਸ਼ ਵਿੱਚ ਪਏ ਹਲਕੇ ਮੀਂਹ ਦਾ ਪਾਣੀ ਖੱਡਾਂ ਦੇ ਰਸਤੇ ਪੰਜਾਬ ਵਿੱਚ ਦਾਖਿਲ ਹੋ ਗਿਆ। ਦੋਵਾਂ ਰਾਜਾਂ ਦੀ ਇਸ ਹੱਦ ’ਤੇ ਕਰੱਸ਼ਰ ਚਾਲਕਾਂ ਵੱਲੋਂ ਕੀਤੀ ਜਾਂਦੀ ਨਾਜਾਇਜ਼ ਖਣਨ ਨਾਲ ਖੱਡਾਂ, ਚੋਆਂ ਦੇ ਰਸਤੇ ਪ੍ਰਭਾਵਿਤ ਹੋ ਗਏ ਹਨ ਜਿਸ ਕਰਕੇ ਲੋਕਾਂ ਨੂੰ ਹਲਕੀ ਬਾਰਿਸ਼ ਨਾਲ ਵੀ ਹੜ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਜੋਂ ਦੁਆਬਾ ਦੀ ਇਸ ਖੱਡ ਵਿੱਚ ਹੀ ਪਿਛਲੇ ਸਾਲ ਇਕੋ ਪਰਿਵਾਰ ਦੇ 11 ਮੈਂਬਰਾਂ ਦੀ ਕਾਰ ਹੜ੍ਹ ਦੇ ਪਾਣੀ ਵਿੱਚ ਡੁੱਬ ਗਈ ਸੀ ਪਰ ਪ੍ਰਸ਼ਾਸਨ ਨੇ ਇਸ ਹਾਦਸੇ ਤੋਂ ਕੁਝ ਨਹੀਂ ਸਿੱਖਿਆ ਅਤੇ ਮੁੜ ਉਹੀ ਹਾਲਤ ਮੁੜ ਪੈਦਾ ਹੋ ਗਏ ਹਨ। ਉਸ ਸਮੇਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਅਤੇ ਹੋਰ ਆਗੂਆਂ ਨੇ ਇਸ ਥਾਂ 'ਤੇ ਤੁਰੰਤ ਇਕ ਪੁਲ ਬਣਾਉਣ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਵੀ ਇਸ ਪਾਸੇ ਕੋਈ ਕਾਰਵਾਈ ਨਹੀਂ ਹੋਈ। ਇਲਾਕਾ ਵਾਸੀਆਂ ਨੇ ਇੱਥੇ ਚੱਲਦੇ ਨਾਜਾਇਜ਼ ਖਣਨ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਸਾਬਕਾ ਸਰਪੰਚ ਤਰਸੇਮ ਸਿੰਘ ਨੇ ਕਿਹਾ ਕਿ ਨਾਜਾਇਜ਼ ਖਣਨ ਨਾਲ ਪਾਣੀ ਦੇ ਕੁਦਰਤੀ ਰਸਤੇ ਬਦਲ ਗਏ ਹਨ ਅਤੇ ਹਲਕਾ ਮੀਂਹ ਵੀ ਲੋਕਾਂ ਲਈ ਆਫਤ ਬਣ ਕੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਹੜਾਂ ਨਾਲ ਨਜਿੱਠਣ ਲਈ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ ਅਤੇ ਲੋਕ ਹਰ ਸਾਲ ਵਾਂਗ ਮੁੜ ਭੈਅਭੀਤ ਹਨ।