ਹੁਸ਼ਿਆਰਪੁਰ ਹਲਕੇ ਦੇ ਸਾਰੇ ਪ੍ਰਾਜੈਕਟ ਛੇਤੀ ਮੁਕੰਮਲ ਕਰਾਂਗੇ: ਮਲਹੋਤਰਾ
ਕੇਂਦਰੀ ਰੋਡ ਟ੍ਰਾਂਸਪੋਰਟ ਤੇ ਹਾਈਵੇਜ਼ ਰਾਜ ਮੰਤਰੀ ਹਰਸ਼ ਮਲਹੋਤਰਾ ਨੇ ਕਿਹਾ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਸਾਰੇ ਹਾਈਵੇਜ ਪ੍ਰਾਜੈਕਟ ਜਲਦ ਤੋਂ ਜਲਦ ਮੁਕੰਮਲ ਕੀਤੇ ਜਾਣਗੇ। ਅੱਜ ਇਥੇ ਅਰਬਨ ਅਸਟੇਟ ਵਿਖੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਗ੍ਰਹਿ ਵਿਖੇ ਪੁੱਜਣ ’ਤੇ ਉਨ੍ਹਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸੋਮ ਪ੍ਰਕਾਸ਼ ਨੇ ਮੰਤਰੀ ਨਾਲ ਫਗਵਾੜਾ ਸ਼ੂਗਰ ਮਿੱਲ ਚੌਕ ਦੀ ਗੰਭੀਰ ਸਮੱਸਿਆ ਉਠਾਈ। ਉਨ੍ਹਾਂ ਕਿਹਾ ਕਿ ਇਸ ਕਾਰਨ ਸ਼ਹਿਰ ਦੋ ਭਾਗਾਂ ’ਚ ਵੰਡਿਆ ਹੋਇਆ ਜਾਪਦਾ ਹੈ ਅਤੇ ਇਸ ਦਾ ਹੱਲ ਤੁਰੰਤ ਲੱਭਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬੰਗਾ ਰੋਡ ਦੀ ਚੌੜਾਈ ਤੇ ਮਜ਼ਬੂਤੀ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸ਼ਹਿਰ ਦੀ ਮੁੱਖ ਮਾਰਕੀਟ ਨਾਲ ਜੁੜੀ ਹੋਈ ਮਹੱਤਵਪੂਰਨ ਸੜਕ ਹੈ। ਉਨ੍ਹਾਂ ਫਗਵਾੜਾ–ਹੁਸ਼ਿਆਰਪੁਰ ਚਾਰ ਮਾਰਗੀ ਸੜਕ ਦੇ ਕੰਮ ’ਚ ਦੇਰੀ ’ਤੇ ਵੀ ਚਿੰਤਾ ਜਤਾਈ ਤੇ ਭੋਗਪੁਰ, ਦਸੂਹਾ ਤੇ ਮੁਕੇਰੀਆਂ ਦੇ ਬਣ ਰਹੇ ਬਾਈਪਾਸ ਪ੍ਰਾਜੈਕਟ ਜਲਦ ਪੂਰੇ ਕਰਨ ਦੀ ਮੰਗ ਰੱਖੀ। ਕੇਂਦਰੀ ਰਾਜ ਮੰਤਰੀ ਨੇ ਫਗਵਾੜਾ ਸ਼ੂਗਰ ਮਿੱਲ ਚੌਕ ਦਾ ਖ਼ਾਸ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਭਰੋਸਾ ਦਿਵਾਇਆ ਕਿ ਸਾਰੇ ਪ੍ਰਾਜੈਕਟਾਂ ਨੂੰ ਜਲਦੀ ਪੂਰਾ ਕਰਵਾਇਆ ਜਾਵੇਗਾ।
ਇਸ ਮੌਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਰੋਹ ਦੌਰਾਨ ਕੌਮੀ ਸਕੱਤਰ ਕਿਸਾਨ ਮੋਰਚਾ ਭਾਜਪਾ ਅਵਤਾਰ ਮੰਡ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਜ਼ਿਲ੍ਹਾ ਮਹਾਂਮੰਤਰੀ ਰਾਜੀਵ ਪਾਹਵਾ, ਸਾਬਕਾ ਮੇਅਰ ਅਰੁਣ ਖੋਸਲਾ, ਗਗਨ ਸੋਨੀ, ਸੋਨੂੰ ਰਾਵਲਪਿੰਡੀ, ਜੀਤਾ ਪੰਡਵਾ, ਰਾਜੂ ਚੈਲ, ਰਾਜੇਸ਼ ਪਲਟਾ, ਸਾਬੀ ਟੌਰੀ, ਜਸਵਿੰਦਰ ਕੌਰ, ਪ੍ਰਦੀਪ ਅਹੂਜਾ, ਨਿਤਨ ਚੱਢਾ, ਰਮੇਸ਼ ਨਵੀਂ ਅਬਾਦੀ ਸਮੇਤ ਕਈ ਹੋਰ ਹਾਜ਼ਰ ਸਨ।