ਪੌਂਗ ਡੈਮ ਪ੍ਰਸਾਸ਼ਨ ਨੇ ਭਲਕ ਸਵੇਰ 6 ਵਜੇ ਤੋਂ ਪਹਿਲਾਂ ਚੱਲ ਰਹੇ ਪਾਣੀ ਵਿੱਚ 6000 ਕਿਊਸਿਕ ਪਾਣੀ ਦਾ ਵਾਧਾ ਕਰਕੇ ਵੱਧ ਤੋਂ ਵੱਧ 75000 ਕਿਊਸਿਕ ਪਾਣੀ ਛੱਡਣ ਬਾਰੇ ਅਗਾਉਂ ਸੂਚਨਾ ਜਾਰੀ ਕੀਤੀ ਹੈ। ਇਹ ਜਾਣਕਾਰੀ ਬੀਬੀਐਮਬੀ ਦੇ ਵਧੀਕ ਨਿਗਰਾਨ ਇੰਜੀਨੀਅਰ ਵਾਟਰ ਰੈਗੂਲੇਸ਼ਨ ਸੈਲ ਤਲਵਾੜਾ ਵਲੋਂ ਪੱਤਰ ਜਾਰੀ ਕਰਕੇ ਸਾਂਝੀ ਕੀਤੀ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਪੌਂਗ ਡੈਮ ਵਿੱਚ ਵਧ ਰਹੇ ਪਾਣੀ ਦੇ ਪੱਧਰ ਕਾਰਨ ਵਾਧੂ ਪਾਣੀ ਅੱਗੇ ਛੱਡਣਾ ਪੈ ਰਿਹਾ ਹੈ। ਇਹ ਪਾਣੀ ਲਗਾਤਾਰ ਇੱਕ ਸਮਰੱਥਾ ਅਨੁਸਾਰ ਵਧਾਇਆ ਜਾਵੇਗਾ ਅਤੇ ਵੱਧ ਤੋਂ ਵੱਧ 75000 ਕਿਊਂਸਿਕ ਪਾਣੀ ਪੌਂਗ ਡੈਮ ਤੋਂ ਹੇਠਾਂ ਛੱਡਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੌਂਗ ਡੈਮ ਤੋਂ ਪਹਿਲਾਂ ਛੱਡੇ ਜਾ ਰਹੇ ਪਾਣੀ ਵਿੱਚ 20 ਅਗਸਤ ਨੂੰ ਸਵੇਰੇ 6 ਵਜੇ 6000 ਕਿਊਸਿਕ ਪਾਣੀ ਵਧਾ ਦਿੱਤਾ ਜਾਵੇਗਾ ਅਤੇ ਹਰ 12 ਘੰਟੇ ਬਾਅਦ 6000 ਕਿਊਸਿਕ ਪਾਣੀ ਦਾ ਵਾਧਾ ਲਗਾਤਾਰ ਕੀਤਾ ਜਾਵੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਪੌਂਗ ਡੈਮ ਤੋਂ 75000 ਕਿਊਸਿਕ ਤੋਂ ਵੱਧ ਪਾਣੀ ਨਹੀਂ ਛੱਡਿਆ ਜਾਵੇਗਾ ਅਤੇ ਪਾਣੀ ਦੀ ਮਾਤਰਾ ਵੀ ਇੱਕ ਸਮਰੱਥਾ ਅਨੁਸਾਰ ਲਗਾਤਾਰ ਵਧਾਈ ਜਾਵੇਗੀ।
ਦੱਸਣਯੋਗ ਹੈ ਕਿ ਅੱਜ ਦੇ ਅੰਕੜਿਆਂ ਅਨੁਸਾਰ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1382.72 ਫੁੱਟ ਹੈ ਅਤੇ ਪਿੱਛੇ ਤੋਂ ਪਾਣੀ ਦੀ ਆਮਦ 88238 ਕਿਊਸਿਕ ਹੈ। ਜਦੋਂ ਕਿ ਪੌਂਗ ਡੈਮ ਤੋਂ 59881 ਕਿਊਸਿਕ ਪਾਣੀ ਅੱਗੇ ਛੱਡਿਆ ਜਾ ਰਿਹਾ ਹੈ।