ਪੌਂਗ ਡੈਮ ਵਿੱਚ ਵਧਦੇ ਜਾ ਰਹੇ ਪਾਣੀ ਦੇ ਪੱਧਰ ’ਤੇ ਕਿਸਾਨਾਂ ਦੀਆਂ ਚਿੰਤਾਵਾਂ ਮੁੜ ਵਧਾ ਦਿੱਤੀਆਂ ਹਨ। ਡੈਮ ਤੋਂ ਅੱਗੇ ਛੱਡਿਆ ਜਾ ਰਿਹਾ ਕਰੀਬ 60 ਹਜ਼ਾਰ ਕਿਊਸਿਕ ਪਾਣੀ ਕਿਸਾਨਾਂ ਦੀਆਂ ਫਸਲਾਂ ਨੂੰ ਡੋਬਣ ਲੱਗਿਆ ਹੈ। ਅੱਜ ਸਵੇਰੇ 8 ਵਜੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1395.21 ਫੁੱਟ ’ਤੇ ਪਹੁੰਚ ਗਿਆ। ਪੋਂਗ ਵਿੱਚ ਪਾਣੀ ਦੀ ਆਮਦ 74910 ਕਿਊਸਿਕ ਦੱਸੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਪੌਂਗ ਡੈਮ ਵਿੱਚ ਪਾਣੀ ਦੀ ਆਮਦ ਵਿੱਚ ਵੱਡੇ ਪੱਧਰ ‘ਤੇ ਵਾਧਾ ਹੋਇਆ ਸੀ ਅਤੇ ਅੱਜ ਪਾਣੀ ਦਾ ਪੱਧਰ 1395 ਫੁੱਟ ਨੂੰ ਪਾਰ ਕਰ ਗਿਆ ਹੈ। ਇਹ ਵਾਧਾ ਲਗਾਤਾਰ ਜਾਰੀ ਹੈ ਅਤੇ 59845 ਕਿਊਸਿਕ ਪਾਣੀ ਅੱਗੇ ਛੱਡਿਆ ਜਾ ਰਿਹਾ ਹੈ।
ਕਿਸਾਨ ਆਗੂ ਅਮਰਜੀਤ ਸਿੰਘ ਨੁਸ਼ਿਹਰਾ ਨੇ ਦੱਸਿਆ ਕਿ ਹੜ੍ਹ ਕਾਰਨ ਬਿਆਸ ਦਰਿਆ ਕਿਨਾਰੇ ਜ਼ਮੀਨਾਂ ਤੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਖੇਤਾਂ ਵਿੱਚ ਅਗਲੀਆਂ ਫਸਲਾਂ ਬੀਜਣ ਲਈ ਰੇਤਾ ਸਾਫ ਕਰਨ ਲਈ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਵਿਉਂਤਬੰਦੀਆ ਠੱਪ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇ ਅਜਿਹਾ ਹੀ ਚੱਲਦਾ ਰਿਹਾ ਤਾਂ ਪਹਿਲੀਆਂ ਫਸਲਾਂ ਦਾ ਨੁਕਸਾਨ ਝੱਲ ਚੁੱਕੇ ਕਿਸਾਨਾਂ ਨੂੰ ਅਗਲੀ ਫਸਲ ਤੋਂ ਵੀ ਵਾਂਝਾ ਰਹਿਣਾ ਪਵੇਗਾ।
ਕੈਪਸ਼ਨ: ਪੌਂਗ ਡੈਮ ਤੋਂ ਛੱਡੇ ਜਾ ਰਹੇ ਪਾਣੀ ਦਾ ਦ੍ਰਿਸ਼-ਫੋਟੋ: ਜਗਜੀਤ