ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਤੇਜ਼ ਮੀਂਹ ਦੇ ਚੱਲਦਿਆਂ ਤਾਜਾ ਅੰਕੜਿਆਂ ਅਨੁਸਾਰ ਪੌਂਗ ਡੈਮ ਵਿੱਚ ਪਾਣੀ ਦੀ ਆਮਦ 230240 ਹੋ ਗਈ ਹੈ ਅਤੇ ਪਾਣੀ ਦਾ ਪੱਧਰ 1390 ਫੁੱਟ ਨੂੰ ਪਾਰ ਕਰ ਗਿਆ ਹੈ। ਬੀਬੀਐਮਬੀ (BBMB) ਨੇ ਪਹਿਲਾਂ ਛੱਡੇ ਜਾ ਰਹੇ 75000 ਕਿਊਸਿਕ ਪਾਣੀ ਵਿੱਚ ਵਾਧਾ ਕਰਕੇ 79562 ਕਿਊਂਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ।
ਇਸ ਸਬੰਧੀ ਬੀਬੀਐਮਬੀ ਦੇ ਵਾਟਰ ਰੈਗੂਲੇਸ਼ਨ ਵਿੰਗ ਨੇ ਨਵੀਂ ਅਡਵਾਈਜ਼ਰੀ ਜਾਰੀ ਕੀਤੀ ਹੈ, ਜੋ ਕਿ ਹੇਠਲੇ ਖੇਤਰ ਨੂੰ ਸਿੱਧੀ ਤਬਾਹੀ ਦਾ ਸੰਕੇਤ ਦੇ ਰਹੀ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਡੈਮ ਵਿੱਚ ਪਾਣੀ ਦਾ ਪੱਧਰ 1389 ਫੁੱਟ ਸੀ ਅਤੇ ਪਾਣੀ ਦੀ ਆਮਦ 259290 ਦਰਜ਼ ਕੀਤੀ ਗਈ ਸੀ। ਇਸ ਵਿੱਚੋਂ 74972 ਕਿਊਂਸਿਕ ਪਾਣੀ ਅੱਗੇ ਮੁਕੇਰੀਆਂ ਹਾਈਡਲ ਅਤੇ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਸੀ।
ਬਾਅਦ ਦੁਪਹਿਰ 4 ਵਜੇ ਦੇ ਅੰਕੜਿਆਂ ਅਨੁਸਾਰ ਡੈਮ ਵਿੱਚ ਪਾਣੀ ਦਾ ਪੱਧਰ 1390.56 ਫੁੱਟ ਹੋ ਗਿਆ ਹੈ ਅਤੇ ਡੈਮ ਪ੍ਰਸਾਸ਼ਨ ਨੇ ਜਾਰੀ ਅਡਵਾਈਜ਼ਰੀ ਅਨੁਸਾਰ ਛੱਡੇ ਜਾ ਰਹੇ ਪਾਣੀ ਵਿੱਚ 4590 ਕਿਊਸਿਕ ਦਾ ਵਾਧਾ ਕਰ ਦਿੱਤਾ ਹੈ। ਹੁਣ ਪੌਂਗ ਡੈਮ ਤੋਂ ਅੱਗੇ 79562 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਵਿੱਚ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵਧਣ ‘ਤੇ ਲਗਾਤਾਰ ਵਾਧਾ ਕੀਤਾ ਜਾ ਸਕਦਾ ਹੈ।
ਬੀਬੀਐਮਬੀ ਵਲੋਂ ਜਾਰੀ ਸ਼ਡਿਊਲ ਅਨੁਸਾਰ ਡੈਮ ਦੇ ਪਾਣੀ ਦਾ ਪੱਧਰ 1390 ਹੋਣ ‘ਤੇ ਅੱਗੇ 80000 ਕਿਊਸਿਕ ਪਾਣੀ ਛੱਡਿਆ ਜਾਵੇਗਾ। ਇਹ ਪੱਧਰ 1391 ਫੁੱਟ ਹੋਣ ‘ਤੇ ਇਸ ਵਿੱਚ 5000 ਕਿਊਸਿਕ ਵਧਾ ਦਿੱਤਾ ਜਾਵੇ ਅਤੇ ਇਸੇ ਸਮਰੱਥਾ ਅਨੁਸਾਰ ਡੈਮ ਦੇ ਪਾਣੀ ਦਾ ਪੱਧਰ 1399 ਫੁੱਟ ‘ਤੇ ਪੁੱਜ ਜਾਣ ਤੋਂ ਬਾਅਦ 1.70 ਲੱਖ ਕਿਊਸਿਕ ਪਾਣੀ ਰਲੀਜ਼ ਕੀਤਾ ਜਾਵੇਗਾ।
ਬੀਬੀਐਮਬੀ ਅਧਿਕਾਰੀਆਂ ਨੇ ਇਹ ਪੱਧਰ 1400 ਫੁੱਟ ‘ਤੇ ਪੁੱਜ ਜਾਣ ਦੀ ਸੂਰਤ ਵਿੱਚ ਖੁੱਲਾ (ਫਰੀ ਫਲੋਅ) ਪਾਣੀ ਛੱਡਣ ਬਾਰੇ ਆਖਿਆ ਹੈ। ਡੈਮ ਪ੍ਰਸਾਸ਼ਨ ਨੇ ਇਹ ਅਡਵਾਈਜ਼ਰੀ ਜਾਰੀ ਕਰਕੇ ਸਬੰਧਿਤ ਸਿਵਲ, ਸਿੰਚਾਈ, ਡਰੇਨੇਜ਼ ਅਤੇ ਫਲੱਡ ਕੰਟਰੋਲ ਅਥਾਰਿਟੀ ਨੂੰ ਲੋੜੀਂਦੇ ਪ੍ਰਬੰਧ ਕਰਨ ਲਈ ਆਖਿਆ ਹੈ।
ਇਸ ਦੀ ਪੁਸ਼ਟੀ ਕਰਦਿਆਂ ਬੀਬੀਐਮਬੀ ਦੇ ਵਧੀਕ ਨਿਗਰਾਨ ਇੰਜੀਨੀਅਰ ਵਾਟਰ ਰੈਗੂਲੇਸ਼ਨ ਸੈਲ ਦਫ਼ਤਰ ਤਲਵਾੜਾ ਨੇ ਕਿਹਾ ਕਿ ਅਧਿਕਾਰੀ ਟੀਸੀਐਮ ਦੀ ਮੀਟਿੰਗ ਵਿੱਚ ਹਨ ਅਤੇ ਇਹ ਪੱਤਰ ਦਫ਼ਤਰ ਵੱਲੋਂ ਹੀ ਜਾਰੀ ਕੀਤਾ ਗਿਆ ਹੈ।