ਬਿਆਸ ਦਰਿਆ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ, ਨੇੜਲੇ ਪਿੰਡਾਂ ਤੇ ਖੇਤਾਂ ਵਿਚ ਹੋਇਆ ਜਲ-ਥਲ
ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਮੀਂਹ ਪੈਣ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਜਾਣ ਦੇ ਸਿੱਟੇ ਵਜੋਂ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਤੇ ਇਸ ਕਾਰਨ ਨੇੜਲੇ ਪਿੰਡਾਂ ਅਤੇ ਖੇਤਾਂ ਵਿਚ ਪਾਣੀ ਭਰ ਗਿਆ ਅਤੇ ਪਾਣੀ ਧੁੱਸੀ ਬੰਨ੍ਹ ਨੂੰ ਲੱਗ ਚੁੱਕਾ ਹੈ।
ਅਧਿਕਾਰੀਆਂ ਦੀ ਰਿਪੋਰਟ ਅਨੁਸਾਰ ਅੱਜ ਬਾਅਦ ਦੁਪਹਿਰ ਤਿੰਨ ਵਜੇ ਤੱਕ 1.22000 ਕਿਊਸਿਕ ਪਾਣੀ ਚੱਲ ਰਿਹਾ ਸੀ ਅਤੇ ਪਾਣੀ ਦੇ ਹੋਰ ਵਧਣ ਦੇ ਅਸਾਰ ਹਨ। ਇਸ ਸਬੰਧੀ ਉੱਥੇ ਤਾਇਨਾਤ ਗੇਜ ਮੀਟਰ ਰੀਡਰ ਉਮੈਦ ਕੁਮਾਰ ਨੇ ਦੱਸਿਆ ਕਿ ਕੱਲ੍ਹ ਸ਼ਾਮ 6 ਵਜੇ ਤੱਕ ਬਿਆਸ ਦਰਿਆ ਵਿਚ ਪਾਣੀ ਦਾ ਵਹਾਅ 1,05000 ਕਿਊਸਿਕ ਸੀ ਜੋ ਕਿ ਖ਼ਤਰੇ ਦੇ ਨਿਸ਼ਾਨ ਉਪਰ ਹੈ, ਜਿਸ ਕਾਰਨ ਯੈਲੋ ਅਲਰਟ ਕੀਤਾ ਹੋਇਆ ਸੀ। ਪਰ ਅੱਜ ਤਿੰਨ ਵਜੇ ਮੀਟਰ ਦੀ ਰੀਡਿੰਗ 740.60 ਹੋ ਗਈ ਜਿਸ ਮੁਤਾਬਕ ਹੁਣ 1,22000 ਕਿਊਸਿਕ ਪਾਣੀ ਦਾ ਵਹਾਅ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਘਟਣ ਜਾਂ ਵਧਣ ਸਬੰਧੀ ਉਹ ਕੁਝ ਨਹੀਂ ਦੱਸ ਸਕਦੇ, ਕਿਉਂਕਿ ਇਹ ਕੁਦਰਤ ਉਪਰ ਨਿਰਭਰ ਹੈ। ਉਨ੍ਹਾਂ ਨੂੰ ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਦੀ ਕੋਈ ਸੂਚਨਾ ਨਹੀਂ ਹੈ। ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਧੁੱਸੀ ਬੰਨ੍ਹ ਨਾਲ ਲੱਗ ਚੁੱਕਾ ਹੈ ਅਤੇ ਧੁੱਸੀ ਬੰਨ੍ਹ ਦੇ ਅੰਦਰ ਖੇਤਾਂ ਵਿਚਲੀ ਫ਼ਸਲ ਪਾਣੀ ਵਿਚ ਡੁੱਬ ਚੁੱਕੀ ਹੈ ਅਤੇ ਕਈ ਪਿੰਡਾਂ ਨੂੰ ਪਾਣੀ ਨਾਲ ਨੁਕਸਾਨ ਹੋ ਸਕਦਾ ਹੈ। ਨੀਵੇਂ ਖੇਤਰ ਵਿਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ।
ਤਹਿਸੀਲ ਬਾਬਾ ਬਕਾਲਾ ਦੇ ਇਲਾਕੇ ’ਚ ਟੀਮਾਂ ਤਾਇਨਾਤ: ਐਸਡੀਐਮ
ਇਸ ਸਬੰਧੀ ਐੱਸਡੀਐੱਮ ਬਾਬਾ ਬਕਾਲਾ ਅਮਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਤਹਿਸੀਲ ਬਾਬਾ ਬਕਾਲਾ ਦੇ ਇਲਾਕੇ ਵਿਚ ਉਨ੍ਹਾਂ ਵੱਲੋਂ ਟੀਮਾਂ ਲਾ ਦਿੱਤੀਆਂ ਗਈਆਂ ਹਨ ਅਤੇ ਨਾਇਬ ਤਹਿਸੀਲਦਾਰ ਬਿਆਸ ਦੀ ਅਗਵਾਈ ਹੇਠ ਟੀਮ ਵੱਲੋਂ ਮੰਡ ਖੇਤਰ ਵਿਚ ਘਰਾਂ ਵਿਚ ਲੋਕਾਂ ਅਤੇ ਪਸ਼ੂਆਂ ਨੂੰ ਉੱਚੀ ਜਗ੍ਹਾ ’ਤੇ ਲੈਆਂਦਾ ਗਿਆ ਹੈ।
ਹੜ੍ਹ ਨਾਲ ਸਬੰਧਤ ਕਿਸੇ ਵੀ ਹਾਲਾਤ ਨਾਲ ਸਿੱਝਣ ਲਈ ਤਹਿਸੀਲ ਕੰਪਲੈਕਸ ਵਿਚ ਕੰਟਰੋਲ ਰੂਮ ਬਣਾਇਆ ਗਿਆ ਹੈ। ਅੱਜ ਮਿਲੀ ਰਿਪੋਰਟ ਅਨੁਸਾਰ ਤਿੰਨ ਵਜੇ ਤੱਕ 122000 ਕਿਊਸਿਕ ਪਾਣੀ ਸੀ।