ਖੇਡ ਟੂਰਨਾਮੈਂਟ ਦੇ ਚੌਥੇ ਦਿਨ ਵਾਲੀਬਾਲ ਤੇ ਕਬੱਡੀ ਮੁਕਾਬਲੇ
ਹਤਿੰਦਰ ਮਹਿਤਾ
ਜਲੰਧਰ 2 ਜੂਨ
ਸੰਤ ਅਵਤਾਰ ਸਿੰਘ ਦੀ 37ਵੀਂ ਬਰਸੀ ਨੂੰ ਸਮਰਪਿਤ ਚੱਲ ਰਹੇ ਪੰਜ ਦਿਨਾਂ ਖੇਡ ਟੂਰਨਾਮੈਂਟ ਦੇ ਚੌਥੇ ਦਿਨ ਵਾਲੀਬਾਲ ਤੇ ਕਬੱਡੀ ਮੁਕਾਬਲੇ ਹੋਏ। ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਪੰਜ ਰੋਜ਼ਾ ਖੇਡ ਮੇਲੇ ਵਿੱਚ ਹੁਣ ਤੱਕ ਦੋ ਹਜ਼ਾਰ ਦੇ ਕਰੀਬ ਖਿਡਾਰੀ ਭਾਗ ਲੈ ਚੁੱਕੇ ਹਨ। ਇਹ ਖਿਡਾਰੀ ਪੰਜਾਬ ਭਰ ਤੋਂ ਆਏ ਹੋਏ ਹਨ ਤੇ ਦੂਰੋਂ ਆਏ ਖਿਡਾਰੀਆਂ ਦੇ ਰਹਿਣ ਅਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਨਿਰਮਲ ਕੁਟੀਆ ਵੱਲੋਂ ਕੀਤਾ ਗਿਆ। ਸਟੇਡੀਅਮ ਵਿੱਚ ਖੇਡ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਿਡਾਰੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਕੱਬਡੀ ਵਿੱਚ ਛੋਟੇ ਖਿਡਾਰੀਆਂ ਨੂੰ ਮੌਕਾ ਦੇ ਕੇ ਕਬੱਡੀ ਖਿਡਾਰੀਆਂ ਦੀ ਪਨੀਰੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੋਣ ਵਾਲੇ ਖੇਡ ਮੇਲਿਆਂ ਵਿੱਚ ਛੋਟੇ ਭਾਰ ਵਰਗ ਦੀਆਂ ਟੀਮਾਂ ਦੇ ਮੈਚ ਹੀ ਨਹੀਂ ਕਰਵਾਏ ਜਾਂਦੇ ਜਦ ਕਿ ਛੋਟੇ ਖਿਡਾਰੀਆਂ ਨੂੰ ਸਭ ਤੋਂ ਵੱਧ ਮੌਕੇ ਮਿਲਣੇ ਚਾਹੀਦੇ ਹਨ।
ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ 35 ਕਿਲੋ ਭਾਰ ਵਰਗ ਦੀਆਂ 50 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ 45 ਕਿਲੋ ਭਾਰ ਵਰਗ ਦੀਆਂ 43 ਟੀਮਾਂ ਆਈਆਂ ਹੋਈਆਂ ਹਨ। ਇਸੇ ਤਰ੍ਹਾਂ 65 ਕਿਲੋ ਭਾਰ ਵਰਗ ਦੀਆਂ 60 ਟੀਮਾਂ ਹਿੱਸਾ ਲੈ ਰਹੀਆਂ ਹਨ।
ਕੁਸ਼ਤੀ ਛਿੰਝ ਮੇਲਾ ਸੀਚੇਵਾਲ ਸਮਾਪਤ
ਸੰਤ ਅਵਤਾਰ ਸਿੰਘ ਦੀ ਬਰਸੀ ਨੂੰ ਸਮਰਪਿਤ ਪਿੰਡ ਸੀਚੇਵਾਲ ਵਿੱਚ ਕਰਵਾਏ ਗਏ ਕੁਸ਼ਤੀ ਛਿੰਝ ਮੇਲੇ ਵਿੱਚ ਪੰਜਾਬ ਭਰ ਤੋਂ 80 ਦੇ ਕਰੀਬ ਪਹਿਲਵਾਨਾਂ ਨੇ ਭਾਗ ਲਿਆ ਤੇ ਕੁਸ਼ਤੀ ਦੇ ਜੌਹਰ ਦਿਖਾਏ। ਇਨ੍ਹਾਂ ਵਿੱਚੋਂ ਸੀਚੇਵਾਲ ਦੇ ਕਮਲਪ੍ਰੀਤ ਨੇ 35 ਕਿਲੋ ਭਾਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ 45 ਕਿਲੋ ਭਾਰ ਵਿੱਚ ਉਦੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 80 ਕਿਲੋ ਵਿੱਚ ਸਾਹਿਲ ਮਾਨਸਾ ਨੇ ਸੰਦੀਪ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਮੁਕਾਬਲੇ ਦੀ ਰਸਮੀ ਸ਼ੁਰੂਆਤ ਸੰਤ ਬਲਬੀਰ ਸਿੰਘ ਨੇ ਕੀਤੀ। ਜੇਤੂ ਪਹਿਲਵਾਨਾਂ ਨੂੰ ਇਨਾਮੀ ਰਾਸ਼ੀ ਵਜੋ ਪੁਰਸਕਾਰ ਤੇ ਨਕਦ ਇਨਾਮ ਦਿੱਤੇ ਗਏ।