ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵੇਰਕਾ ਮਿਲਕ ਪਲਾਂਟ ਅਧਿਕਾਰੀਆਂ ’ਤੇ ਬੀਜ ਘਪਲੇ ਦੇ ਦੋਸ਼

ਦੁੱਧ ਉਤਪਾਦਕਾਂ ਨੂੰ ਸਬਸਿਡੀ ’ਤੇ ਦੇਣ ਵਾਲਾ ਬੀਜ ਕਿਸਾਨਾਂ ਨੂੰ ਦੇਣ ਦੀ ਥਾਂ ਬਾਜ਼ਾਰ ਵਿੱਚ ਵੇਚਣ ਦੇ ਦੋਸ਼
Advertisement

ਜਗਜੀਤ ਸਿੰਘ

ਹੁਸ਼ਿਆਰਪੁਰ, 16 ਜੂਨ

Advertisement

ਪੰਜਾਬ ਕਿਸਾਨ ਯੂਨੀਅਨ ਅਤੇ ਸੀਪੀਆਈ ਐੱਮਐੱਲ ਲਿਬਰੇਸ਼ਨ ਨੇ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਦੇ ਅਧਿਕਾਰੀਆਂ ਉੱਪਰ ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ ਲਾਏ ਹਨ। ਆਗੂਆਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਇਸ ਦੇ ਪੰਜਾਬ ਭਰ ਵਿੱਚ ਕੇਂਦਰਾਂ ਦੀ ਵਿਜੀਲੈਂਸ ਜਾਂਚ ਮੰਗੀ ਹੈ।

ਪੰਜਾਬ ਕਿਸਾਨ ਯੂਨੀਅਨ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਭਿੰਡਰ ਅਤੇ ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਦੱਸਿਆ ਕਿ ਵੇਰਕਾ ਦੁੱਧ ਕੇਂਦਰ ਆਪਣੇ ਦੁੱਧ ਉਤਪਾਦਕਾਂ ਨੂੰ ਪੰਜਾਬ ਦੇ ਕਰੀਬ ਦਰਜਨ ਭਰ ਵੇਰਕਾ ਕੇਦਰਾਂ ਰਾਹੀਂ ਦੁਧਾਰੂ ਪਸ਼ੂਆਂ ਲਈ ਪਿੰਡਾਂ ਵਿੱਚ ਮੱਕੀ, ਬਾਜਰਾ, ਜਵੀ ਅਤੇ ਚਰੀ ਆਦਿ ਫਸਲਾਂ ਦੇ ਬੀਜ ਕਰੀਬ 30 ਫੀਸਦ ਸਬਸਿਡੀ ਉੱਪਰ ਮੁਹੱਈਆ ਕਰਾਉਂਦਾ ਹੈ। ਮੌਜੂਦਾ ਸੀਜ਼ਨ ਵਿੱਚ ਮੱਕੀ ਦੀ ਬਿਜਾਈ ਸਮੇਂ ਹੁਸ਼ਿਆਰਪੁਰ ਵੇਰਕਾ ਪਲਾਂਟ ਦੇ ਦਸੂਹਾ ਕੇਂਦਰ ਨੂੰ ਬੀਜ ਪਲਾਂਟ ਬੱਸੀ ਪਠਾਣਾ ਤੋਂ 32.87 ਲੱਖ ਰੁਪਏ (ਬ਼ਜਾਰੀ ਕੀਮਤ) ਦਾ 5472 ਕਿਲੋ ਬੀਜ ਭੇਜਿਆ ਗਿਆ ਸੀ। ਇਸ ਦੀ ਬਾਜ਼ਾਰੀ ਕੀਮਤ 600 ਰੁਪਏ ਪ੍ਰਤੀ ਕਿੱਲੋ ਹੈ, ਪਰ ਇਹ ਦੁੱਧ ਉਤਪਾਦਕਾਂ ਨੂੰ 418 ਰੁਪਏ ਪ੍ਰਤੀ ਕਿਲੋ ਦਿੱਤਾ ਜਾਣਾ ਸੀ। ਇਸ ਮੁਤਾਬਕ ਕੁੱਲ 10 ਲੱਖ ਰੁਪਏ ਦੀ ਕਿਸਾਨਾਂ ਨੂੰ ਸਬਸਿਡੀ ਦੇਣੀ ਸੀ।

ਆਗੂਆਂ ਦੋਸ਼ ਲਗਾਇਆ ਕਿ ਅਧਿਕਾਰੀਆਂ ਵਲੋਂ ਇਹ ਮੱਕੀ ਦਾ ਬੀਜ ਦੁੱਧ ਸਭਾਵਾਂ ਰਾਹੀਂ ਕਿਸਾਨਾਂ ਨੂੰ ਭੇਜਣ ਦੀ ਥਾਂ ਬੱਸੀ ਪਠਾਣਾ ਬੀਜ ਕੇਂਦਰ ਤੋਂ ਬਾਹਰੋਂ ਬਾਹਰ ਬਾਜ਼ਾਰ ਵਿੱਚ ਵੇਚ ਦਿੱਤਾ ਗਿਆ। ਕੁੱਲ 60-70 ਦੁੱਧ ਸਭਾਵਾਂ ’ਚੋਂ ਕੇਵਲ ਸੱਤ ਅੱਠ ਸਭਾਵਾਂ ਦੇ 22 ਲੱਖ ਰੁਪਏ ਦੇ ਫਰਜ਼ੀ ਬਿੱਲ ਕੱਟ ਦਿੱਤੇ ਗਏ। ਇਨ੍ਹਾਂ ਸਭਾਵਾਂ ਨੂੰ ਕੇਂਦਰ ਵਲੋਂ ਮੱਕੀ ਦਾ ਬੀਜ ਦੇਣ ਦੀ ਥਾਂ ਮੂਲ ਪੈਸੇ ਦੀ ਅਦਾਇਗੀ ਕੀਤੀ ਗਈ ਅਤੇ ਇਹ ਅਦਾਇਗੀ ਵੀ ਉਨ੍ਹਾਂ ਦੇ ਦੁੱਧ ਖਾਤਿਆਂ ’ਚੋਂ ਕੱਟ ਲਈ ਗਈ।

ਉਨ੍ਹਾਂ ਦੋਸ਼ ਲਗਾਇਆ ਕਿ ਹੁਸ਼ਿਆਰਪੁਰ ਵੇਰਕਾ ਸੈਂਟਰ ਦੇ ਤਿੰਨ ਦੇ ਕੇਵਲ ਤਿੰਨ ਮਿਲਕ ਚਿੰਲਿਗ ਕੇਂਦਰਾਂ ਦਸੂਹਾ, ਪਧਰਾਣਾ ਅਤੇ ਹੁਸ਼ਿਆਰਪੁਰ ਵਿਚਲੀ ਸਬਸਿਡੀ ਦੀ ਰਕਮ ਵਾਚੀ ਜਾਵੇ ਤਾਂ ਕਰੀਬ ਇੱਕ ਕਰੋੜ ਰੁਪਏ ਦਾ ਘਪਲਾ ਬਣਦਾ ਹੈ।

ਉਨ੍ਹਾਂ ਪੰਜਾਬ ਸਰਕਾਰ, ਵਿਜੀਲੈਂਸ ਅਤੇ ਵੇਰਕਾ ਦੁੱਧ ਕੇਦਰ ਦੇ ਉੱਚ ਦਫ਼ਤਰ ਤੋਂ ਮੰਗ ਕੀਤੀ ਕਿ ਵੇਰਕਾ ਸਹਿਕਾਰੀ ਆਦਾਰੇ ਨੂੰ ਬਚਾਉਣ ਲਈ ਦੁੱਧ ਉਤਪਾਦਕ ਕਿਸਾਨਾਂ ਨੂੰ ਮੌਜੂਦਾ ਅਤੇ ਇਸ ਤੋਂ ਪਹਿਲਾਂ ਦਿੱਤੀਆਂ ਗਈਆਂ ਸਬਸਿਡੀਆ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।

ਪੜਤਾਲ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ: ਮੈਨੇਜਰ

ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਦੇ ਜ਼ਿਲ੍ਹਾ ਮੈਨੇਜਰ ਰਾਜੇਸ਼ ਬਲਸੋਤਰਾ ਨੇ ਕਿਹਾ ਕਿ ਉਹ ਹਾਲੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਸ ਬਾਰੇ ਕੁਝ ਸ਼ਿਕਾਇਤਾਂ ਮਿਲੀਆਂ ਸਨ, ਜਿਸ ਦੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਉੱਚ ਦਫ਼ਤਰ ਸਮੇਤ ਤਿੰਨ ਪੱਧਰੀ ਪੜਤਾਲ ਚੱਲ ਰਹੀ ਹੈ। ਪੜਤਾਲ ਤੋਂ ਬਾਅਦ ਜੇਕਰ ਕੋਈ ਤੱਥ ਸਾਹਮਣੇ ਆਉਂਦੇ ਹਨ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement