ਕਰਤਾਰਪੁਰ ਥਾਣੇ ’ਚ ਪਏ ਵਾਹਨ ਕਬਾੜ ਬਣੇ
ਵੱਖ-ਵੱਖ ਮਾਮਲਿਆਂ ’ਚ ਜ਼ਬਤ ਕੀਤੇ ਗਏ ਨੇ ਵਾਹਨ; ਆਈਸ ਡਰੱਗ ਮਾਮਲੇ ’ਚ ਫੜੀਆਂ ਲਗਜ਼ਰੀ ਕਾਰਾਂ ਵੀ ਸ਼ਾਮਲ; ਵਾਹਨ ਦਰੱਖਤਾਂ ਅਤੇ ਘਾਹ ਹੇਠ ਦੱਬੇ
ਕਰਤਾਰਪੁਰ ਪੁਲੀਸ ਵੱਲੋਂ ਡਰੱਗ ਅਪਰਾਧਕ ਅਤੇ ਹਾਦਸਿਆਂ ਵਿੱਚ ਲੁੜੀਂਦੇ ਦੋ ਅਤੇ ਚਾਰ ਰੁਪਈਆ ਵਾਹਨ ਥਾਣੇ ਵਿੱਚ ਬੰਦ ਹੋਣ ਤੇ ਦੇਖ ਰੇਖ ਦੀ ਘਾਟ ਕਾਰਨ ਕਬਾੜ ਬਣ ਰਹੇ ਹਨ। ਪੁਲੀਸ ਸਬ ਡਿਵੀਜ਼ਨ ਕਰਤਾਰਪੁਰ ਦੇ ਥਾਣਾ ਕਰਤਾਰਪੁਰ ਲਾਂਬੜਾ ਅਤੇ ਮਕਸੂਦਾਂ ਤੋਂ ਇਲਾਵਾ ਦੋ ਚੌਂਕੀਆਂ ਕਿਸ਼ਨਗੜ੍ਹ ਅਤੇ ਮੰਡ ਦੇ ਅਹਾਤੇ ਵਿੱਚ ਵਾਹਨ ਰੱਖਣ ਦੀ ਜਗ੍ਹਾ ਨਾ ਹੋਣ ਕਾਰਨ ਵਾਹਨ ਸੜਕਾਂ ਤੇ ਖੜ੍ਹੇ ਕੀਤੇ ਹਨ। ਥਾਣੇ ਵਿੱਚ ਖੜ੍ਹੇ ਵਾਹਨਾਂ ਦੇ ਆਸ ਪਾਸ
ਵੱਡੇ ਦਰੱਖਤਾਂ ਤੇ ਚੜ੍ਹੀਆਂ ਵੇਲਾਂ ਨੇ ਵਾਹਨਾ ਨੂੰ ਪੂਰੀ ਤਰ੍ਹਾਂ ਢੱਕਿਆ ਹੋਇਆ ਹੈ। ਇਸ ਕਾਰਨ ਵਾਹਨਾ ਦੇ ਵਿੱਚ ਜਹਰੀਲੇ ਕੀੜੇ ਅਤੇ ਸੱਪ ਹੋਣ ਦੇ ਡਰੋਂ ਥਾਣਿਆਂ ਵਿੱਚ ਤੈਨਾਤ ਮੁਲਾਜ਼ਮ ਉੱਧਰ ਜਾਣ ਤੋਂ ਵੀ ਕੰਨੀ ਕਤਰਾ ਰਹੇ ਹਨ।
ਥਾਣਾ ਕਰਤਾਰਪੁਰ ਦੇ ਹਾਲਾਤ ਅਜਿਹੇ ਹਨ ਕਿ ਥਾਣੇ ਦੇ ਵਿਹੜੇ ਅਤੇ ਆਸਪਾਸ ਕਰੀਬ 500 ਛੋਟੇ ਵੱਡੇ ਵਾਹਨ ਕਬਾੜ ਬਣੇ ਹੋਏ ਸਨ। ਇਨ੍ਹਾਂ ਵਿੱਚ ਬਹੁ ਚਰਚਿਤ ਆਈਸ ਡਰੱਗ ਕੇਸ ਵਿੱਚ ਲੋੜੀਦੇ ਸਰਗਨਾ ਰਾਜਾ ਕੰਦੋਲਾ ਦੀਆਂ ਕਰੋੜਾਂ ਦੀ ਕੀਮਤ ਦੀਆਂ ਚਾਰ ਲਗਜ਼ਰੀ ਕਾਰਾਂ ਕਬਾੜ ਬਣ ਚੁੱਕੀਆਂ ਹਨ। ਥਾਣੇ ਦੀ ਇਮਾਰਤ ਦੇ ਅੰਦਰ ਵੇੜੇ ਅਤੇ ਬਾਹਰ ਦੋਪਹੀਆ ਵਾਹਨ ਹਰ ਪਾਸੇ ਦਿਖਾਈ ਦੇ ਰਹੇ ਹਨ ਅਤੇ ਹਾਲਾਤ ਅਜਿਹੇ ਹਨ ਕਿ ਥਾਣੇ ਵਿੱਚ ਜਗ੍ਹਾ ਘੱਟ ਹੋਣ ਕਾਰਨ ਬਾਹਰ ਬਣੀ ਪਾਰਕਿੰਗ ਲਈ ਜਗ੍ਹਾ ਤੇ ਵਾਹਨ ਪੁਲੀਸ ਵੱਲੋਂ ਖੜ੍ਹੇ ਕੀਤੇ ਗਏ ਹਨ। ਇਸ ਨਾਲ ਲੋਕਾਂ ਦਾ ਸ਼ਹਿਰ ਵਿੱਚ ਜਾਣਾ ਲਈ ਬਣਿਆ ਲਾਂਘਾ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਹੈ।
ਥਾਣੇ ਨੇੜੇ ਸੜਕ ਕੰਢੇ ਵਾਹਨ ਇੱਕ ਦੂਸਰੇ ਉੱਪਰ ਰੱਖੇ ਹੋਏ ਹਨ ਤੇ ਕੇ ਮੰਜ਼ਿਲਾਂ ਬਣਾਈਆਂ ਹੋਈਆਂ ਹਨ। ਥਾਣਾ ਮਕਸੂਦਾਂ ਦੀ ਇਮਾਰਤ ਵੀ ਖਸਤਾ ਹਾਲਤ ਹੋਣ ਕਾਰਨ ਇੱਥੇ ਤਾਇਨਾਤ ਮੁਲਾਜ਼ਮਾਂ ਲਈ ਜਾਨ ਦਾ ਖੌਅ ਬਣੀ ਹੋਈ ਹੈ।
ਥਾਣਾ ਲਾਂਬੜਾ ਵਿੱਚ ਵੱਖ-ਵੱਖ ਕੇਸਾਂ ਦੇ ਲੋੜੀਂਦੇ ਵਾਹਨ ਵਿਹੜੇ ਅਤੇ ਲਾਗਲੇ ਪਿੰਡਾਂ ਨੂੰ ਜਾਣ ਵਾਲੀ ਸੜਕ ਕੰਡੇ ਪਏ ਦੇਖੇ ਜਾ ਸਕਦੇ ਹਨ। ਥਾਣਾ ਲਾਂਬੜਾ ਦੀ ਹਾਲਤ ਦੀ ਇਹ ਹੈ ਕਿ ਇੱਥੇ ਥਾਣਾ ਮੁਖੀ ਦੀ ਰਿਹਾਇਸ਼ ਲਈ ਛੱਡੀ ਜਗ੍ਹਾ ’ਤੇ ਇਮਾਰਤ ਨਾ ਬਣਨ ਕਾਰਨ ਇੱਥੇ ਵਾਹਨ ਖੜ੍ਹੇ ਕੀਤੇ ਹੋਏ ਹਨ। ਇਸ ਕਾਰਨ ਥਾਣਾ ਮੁਖੀ ਨੂੰ ਲਾਂਬੜਾ ਵਿੱਚ ਰਾਤ ਰੁਕਣ ਲਈ ਦਰ ਦਰ ਭਟਕਣ ਲਈ ਮਜਬੂਰ ਹੋਣਾ ਪੈਂਦਾ ਹੈ।
ਪੁਲੀਸ ਸਬ ਡਿਵੀਜ਼ਨ ਕਰਤਾਰਪੁਰ ਦੀਆਂ ਦੋ ਚੌਂਕੀਆਂ ਕਿਸ਼ਨਗੜ੍ਹ ਅਤੇ ਮੰਡ ਵਿੱਚ ਜਗ੍ਹਾ ਦੀ ਘਾਟ ਹੋਣ ਕਾਰਨ ਵਾਹਨ ਸੜਕਾਂ ਕਿਨਾਰੇ ਖੜ੍ਹੇ ਕੀਤੇ ਹੋਏ ਹਨ।
ਡੀਐੱਸਪੀ ਸਬ ਡਿਵੀਜ਼ਨ ਕਰਤਾਰਪੁਰ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਥਾਣੇ ਵਿੱਚ ਬੰਦ ਕੀਤੇ ਵਾਹਨਾਂ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਕਬਾੜ ਬਣ ਰਹੇ ਹਨ। ਇਨ੍ਹਾਂ ਵਾਹਨਾਂ ਵਿੱਚ ਡਰੱਗ ਕੇਸ ਲਈ ਲੋੜੀਂਦੇ ਮਾਮਲਿਆਂ ਵਿੱਚ ਲਗਜ਼ਰੀ ਕਾਰਾਂ ਵੀ ਬੰਦ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਸਬ ਡਿਵੀਜ਼ਨ ਕਰਤਾਰਪੁਰ ਅਧੀਨ ਆਉਂਦੇ ਥਾਣਿਆਂ ਵਿੱਚ ਕਬਾੜ ਬਣ ਚੁੱਕੇ ਵਾਹਨਾਂ ਦੀ ਜਾਣਕਾਰੀ ਸਬੰਧਿਤ ਥਾਣਿਆਂ ਤੋਂ ਲੈ ਕੇ ਉੱਚ ਪੁਲੀਸ ਅਫਸਰਾਂ ਤੱਕ ਪਹੁੰਚਾਈ ਜਾਵੇਗੀ ਤਾਂ ਕਿ ਠੋਸ ਕਾਰਵਾਈ ਕੀਤੀ ਜਾ ਸਕੇ।

