ਯੂਨਾਈਟਿਡ ਟਰੇਡ ਯੂਨੀਅਨ ਵੱਲੋਂ ਗਿੱਦੜਪਿੰਡੀ ਪੁਲ ’ਤੇ ਧਰਨਾ
ਪੁਲੀਸ ਵੱਲੋਂ ਟੈਕਸੀਆਂ, ਟੈਪੂਆਂ ਅਤੇ ਤਿੰਨ ਤੇ ਚਾਰ ਪਹੀਆਂ ਵਾਹਨ ਚਾਲਕਾਂ ਨੂੰ ਬਿਨਾਂ ਕਾਰਨ ਤੰਗ ਪ੍ਰੇਸ਼ਾਨ ਕਰਨ ਖ਼ਿਲਾਫ਼ ਯੂਨਾਈਟਿਡ ਟਰੇਡ ਯੂਨੀਅਨ ਫਿਰੋਜ਼ਪੁਰ ਦੇ ਪ੍ਰਧਾਨ ਨਾਇਬ ਸਿੰਘ ਦੀ ਪ੍ਰਧਾਨਗੀ ਹੇਠ ਗਿੱਦੜਪਿੰਡੀ ਵਾਲੇ ਪੁਲ ’ਤੇ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪੁਲੀਸ ਉੱਪਰ ਵਾਹਨ ਚਾਲਕਾਂ ਨੂੰ ਬਿਨਾਂ ਕਾਰਨ ਤੰਗ ਕਰਨ ਵਰਗੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਐਲਾਨ ਕੀਤਾ ਕਿ ਜੇ ਪੁਲੀਸ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਉਹ ਸੰਘਰਸ਼ ਨੂੰ ਹੋਰ ਵਿਆਪਕ ਬਣਾ ਦੇਣਗੇ। ਐੱਸਐੱਚਓ ਲੋਹੀਆਂ ਖਾਸ ਲਾਭ ਸਿੰਘ ਨੇ ਧਰਨੇ ਵਿੱਚ ਪਹੁੰਚ ਕੇ ਧਰਨਾਕਾਰੀਆਂ ਨੂੰ ਵਿਸਵਾਸ਼ ਦਿਵਾਇਆ ਕਿ ਉਨ੍ਹਾਂ ਦੇ ਮੁਲਾਜ਼ਮ ਕਿਸੇ ਨਾਲ ਵੀ ਕਿਸੇ ਪ੍ਰਕਾਰ ਦੀ ਕੋਈ ਧੱਕੇਸ਼ਾਹੀ ਨਹੀਂ ਕਰਨਗੇ। ਜਿਨ੍ਹਾਂ ਵਾਹਨ ਚਾਲਕਾਂ ਦੇ ਚਲਾਨ ਦੌਰਾਨ ਜੋ ਵੀ ਕਾਗਜ਼ ਪੱਤਰ ਪੁਲੀਸ ਵੱਲੋਂ ਲਏ ਗਏ ਸਨ ਉਹ ਵੀ ਧਰਨੇ ਵਿੱਚ ਪੁਲੀਸ ਨੇ ਵਾਪਿਸ ਕਰ ਦਿੱਤੇ। ਥਾਣਾ ਮੁਖੀ ਨੇ ਕਿਹਾ ਕਿ ਉਹ ਗੈਰ ਕਾਨੂੰਨੀ ਚੱਲਣ ਵਾਲੀਆਂ ਜੁਗਾੜੂ ਰੇਹੜੀਆਂ ਤਿਆਰ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਚਾਰਾਜੋਈ ਕਰਨਗੇ। ਧਰਨੇ ਨੂੰ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਗਿੱਲ, ਲਖਵਿੰਦਰ ਸਿੰਘ ਭੁੱਲਰ, ਦਾਨ ਸਿੰਘ, ਪ੍ਰਗਟ ਸਿੰਘ ਮਖੂ, ਗੁਰਮੁਖ ਸਿੰਘ, ਮਨਦੀਪ ਸਿੰਘ ਸਭਰਾ, ਗੁਰਸੇਵਕ ਸਿੰਘ, ਰਵੀ, ਚਮਨ ਲਾਲ ਲੋਹੀਆਂ, ਬਲਵੀਰ ਸਿੰਘ ਭੁਲੱਥ, ਆਜ਼ਾਦ ਟੈਕਸੀ ਸਟੈਂਡ ਲੋਹੀਆਂ ਦੇ ਆਗੂ ਸਤਿੰਦਰ ਕੁਮਾਰ, ਕਰਨੈਲ ਸਿੰਘ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਬਿਕਰਮ ਮੰਡਾਲਾ ਨੇ ਸੰਬੋਧਨ ਕੀਤਾ।