ਇੱਥੋਂ ਨੇੜਲੇ ਪਿੰਡ ਨੁਸ਼ਹਿਰਾ ਪੱਤਣ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਦੋ ਅਧਿਆਪਕਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਹ ਤਬਾਦਲਾ ਵਿਭਾਗ ਵੱਲੋਂ ਕਾਇਮ ਕੀਤੀ ਸੈਕਸੂਅਲ ਹਰਾਸਮੈਂਟ ਕਮੇਟੀ ਵੱਲੋਂ ਦਿੱਤੀ ਰਿਪੋਰਟ ਦੇ ਆਧਾਰ ’ਤੇ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸਰਕਾਰੀ ਐਲੀਮੈਂਟਰੀ ਸਕੂਲ ਨੁਸ਼ਹਿਰਾ ਪੱਤਣ ਦੀ ਮਹਿਲਾ ਅਤੇ ਮਰਦ ਅਧਿਆਪਕ ਵਿਚਾਲੇ ਲੰਬੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ। ਇਸ ਕਾਰਨ ਸਕੂਲ ਵਿੱਚ ਵਿਦਿਅਕ ਮਹੌਲ ਖ਼ਰਾਬ ਹੋ ਰਿਹਾ ਸੀ। ਇਸ ਮਾਮਲੇ ਵਿੱਚ ਸਕੂਲ ਦੀ ਮਹਿਲਾ ਅਧਿਆਪਕ ਨੇ ਸਾਥੀ ਅਧਿਆਪਕ ਖ਼ਿਲਾਫ਼ ਕਥਿਤ ਅਪਸ਼ਬਦ ਬੋਲਣ, ਮਾਨਸਿਕ ਤੰਗ ਪ੍ਰੇਸ਼ਾਨ ਅਤੇ ਹੱਥੋਪਾਈ ਕਰਨ ਦੇ ਦੋਸ਼ ਲਾਏ ਸਨ। ਇਸ ਦੀ ਪੜਤਾਲ ਲਈ ਵਿਭਾਗ ਵੱਲੋਂ ਸੈਕਸੂਅਲ ਹਰਾਸਮੈਂਟ ਕਮੇਟੀ ਕਾਇਮ ਕੀਤੀ ਗਈ ਸੀ। ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਵੱਲੋਂ ਇਹ ਤਬਾਦਲੇ ਕੀਤੇ ਗਏ ਹਨ।
ਡਿਪਟੀ ਡੀ ਈ ਓ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਅਧਿਆਪਕਾ ਦੀ ਸ਼ਿਕਾਇਤ ਦੀ ਪੜਤਾਲ ਉਪਰੰਤ ਕਮੇਟੀ ਨੇ ਦੋਵਾਂ ਅਧਿਆਪਕਾਂ ਦੇ ਸਕੂਲ ’ਚੋਂ ਤਬਾਦਲੇ ਦੀ ਸਿਫ਼ਾਰਸ਼ ਕੀਤੀ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਵੱਲੋਂ ਵਿਦਿਅਕ ਮਹੌਲ ਅਤੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਅਧਿਆਪਕ ਜਸਵੀਰ ਸਿੰਘ (ਹੈੱਡ ਟੀਚਰ) ਦਾ ਤਬਾਦਲਾ ਨੁਸ਼ਹਿਰਾ ਪੱਤਣ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਪੁਰਾਣਾ ਭੰਗਾਲਾ ਅਤੇ ਮਹਿਲਾ ਅਧਿਆਪਕ ਦਲਜੀਤ ਕੌਰ (ਈ ਟੀ ਟੀ ਟੀਚਰ) ਦਾ ਤਬਾਦਲਾ ਸਰਕਾਰੀ ਪ੍ਰਾਇਮਰੀ ਸਕੂਲ ਬਾਊਪੁਰ ਵਿੱਚ ਕਰ ਦਿੱਤਾ ਗਿਆ ਹੈ। ਤਬਦੀਲ ਕੀਤੇ ਦੋਵਾਂ ਅਧਿਆਪਕਾਂ ਦੇ ਬਲਾਕ ਦੀ ਬਦਲ ਦਿੱਤੇ ਗਏ ਹਨ ਤਾਂ ਜੋ ਮੁੜ ਤਣਾਅ ਦੀ ਸੰਭਾਵਨਾ ਨੂੰ ਘਟਾਇਆ ਜਾ ਸਕੇ।
ਖ਼ਰਾਬ ਵਿਦਿਅਕ ਮਾਹੌਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਸ਼ਰਮਾ
ਡਿਪਟੀ ਡੀ ਈ ਓ ਅਮਨਦੀਪ ਸ਼ਰਮਾ ਨੇ ਦਾਅਵਾ ਕੀਤਾ ਕਿ ਸਕੂਲਾਂ ਦੇ ਵਿੱਦਿਅਕ ਮਾਹੌਲ ਨੂੰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਅਧਿਆਪਕਾਂ ਖ਼ਿਲਾਫ਼ ਮਾੜੇ ਵਤੀਰੇ ਦੀ ਮਿਲਣ ਵਾਲੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਸੁਖਾਵਾਂ ਵਿੱਦਿਅਕ ਮਾਹੌਲ ਦੇਣ ਵਿੱਚ ਯੋਗਦਾਨ ਪਾਉਣ।

