ਹੁਸ਼ਿਆਰਪੁਰ ’ਚ ਝਗੜੇ ਦੌਰਾਨ ਦੋ ਪੁਲੀਸ ਅਧਿਕਾਰੀਆਂ ਸਮੇਤ 2 ਹੋਰ ਜ਼ਖਮੀ
ਪੁਲੀਸ ਸੁਪਰਡੈਂਟ (ਜਾਂਚ) ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਬੁੱਧੂ ਬਰਕਤ ਪਿੰਡ ਤੋਂ ਦਸੂਹਾ ਪੁਲੀਸ ਦੇ ਹੈਲਪਲਾਈਨ ਨੰਬਰ 112 ’ਤੇ ਨਸ਼ੇ ਨਾਲ ਸਬੰਧਤ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ਤੋਂ ਬਾਅਦ ਸਹਾਇਕ ਸਬ-ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਇੱਕ ਪੁਲੀਸ ਟੀਮ ਨੇ ਪਿੰਡ ਵਿੱਚ ਛਾਪਾ ਮਾਰਿਆ। ਪੁਲੀਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ ਤਾਂ ਕਥਿਤ ਤੌਰ ’ਤੇ ਬਹਿਸ ਸ਼ੁਰੂ ਹੋ ਗਈ ਅਤੇ ਹੱਥੋਪਾਈ ਵਿੱਚ ਬਦਲ ਗਈ।
ਕੁਮਾਰ ਨੇ ਕਿਹਾ, ‘‘ਝਗੜੇ ਦੌਰਾਨ ਏਐੱਸਆਈ ਸਰਬਜੀਤ ਸਿੰਘ ਅਤੇ ਇੱਕ ਹੈੱਡ ਕਾਂਸਟੇਬਲ ਜ਼ਖਮੀ ਹੋ ਗਏ।’’ ਉਨ੍ਹਾਂ ਕਿਹਾ ਕਿ ਘਟਨਾ ਤੋਂ ਜਾਪਦਾ ਹੈ ਕਿ ਕੁੱਝ ਪਿੰਡ ਵਾਸੀ ਕਥਿਤ ਤੌਰ ’ਤੇ ਸ਼ਰਾਬ ਦੇ ਨਸ਼ੇ ਵਿੱਚ ਸਨ। ਉਨ੍ਹਾਂ ਅੱਗੇ ਕਿਹਾ ਕਿ ਪੁਲੀਸ ਨੇ ਸਵੈ-ਰੱਖਿਆ ਵਿੱਚ ਗੋਲੀ ਚਲਾਈ, ਜਿਸ ਦੇ ਨਤੀਜੇ ਵਜੋਂ ਦੋ ਪਿੰਡ ਵਾਸੀ ਭੁਪਿੰਦਰ ਸਿੰਘ ਅਤੇ ਨਿਰੰਜਨ ਸਿੰਘ ਜ਼ਖਮੀ ਹੋ ਗਏ। ਦੋਹਾਂ ਨੂੰ ਲੱਤ ਵਿੱਚ ਗੋਲੀਆਂ ਲੱਗਣ ਕਾਰਨ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਘੀ ਦਸੂਹਾ ਦੇ ਐੱਸਐੱਚਓ ਰਜਿੰਦਰ ਸਿੰਘ ਨੇ ਦੱਸਿਆ ਕਿ ਝਗੜੇ ਦੌਰਾਨ ਲਗਪਗ 30 ਤੋਂ 35 ਪਿੰਡ ਵਾਸੀਆਂ ਨੇ ਕਥਿਤ ਤੌਰ ’ਤੇ ਛਾਪੇਮਾਰੀ ਕਰਨ ਵਾਲੀ ਪੁਲੀਸ ਟੀਮ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਜ਼ਖਮੀ ਪੁਲੀਸ ਕਰਮਚਾਰੀਆਂ ਵੀ ਸੱਟਾਂ ਲੱਗਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧੀ ਕੇਸ ਦਰਜ ਕਰ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।