ਫਿਰੌਤੀਆਂ ਮੰਗਣ ਵਾਲੇ ਗਰੋਹ ਦੇ ਦੋ ਮੈਂਬਰ ਪੁਲੀਸ ਮੁਕਾਬਲੇ ਮਗਰੋਂ ਗ੍ਰਿਫ਼ਤਾਰ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 7 ਜੁਲਾਈ
ਸ਼ਾਹਕੋਟ-ਮਲਸੀਆਂ ਰੋਡ ’ਤੇ ਅੱਜ ਤੜਕੇ ਪਿੰਡ ਕੋਟਲੀ ਗਾਜਰਾਂ ਦੇ ਨਜ਼ਦੀਕ ਰੇਲਵੇ ਫਾਟਕ ਵਾਲੇ ਅੰਡਰ ਪਾਸ ਕੋਲ ਪੁਲੀਸ ਨਾਲ ਹੋਏ ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰ 2 ਦੇਸੀ ਪਿਸਤੌਲਾਂ, 5 ਰੌਂਦਾਂ ਅਤੇ 110 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤੇ ਗਏ ਹਨ। ਪੁਲੀਸ ਮੁਕਾਬਲੇ ’ਚ ਜ਼ਖਮੀ ਹੋਏ ਦੋਵੇਂ ਗੈਗਸਟਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਨਕੋਦਰ ਭਰਤੀ ਕਰਵਾਇਆ ਗਿਆ ਹੈ।
ਐੱਸ.ਐੱਸ.ਪੀ ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਨੇ ਘਟਨਾ ਸਥਾਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਗੁਪਤ ਸੂਚਨਾ ਮਿਲਣ ’ਤੇ ਡੀ.ਐੱਸ.ਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਸ਼ਾਹਕੋਟ ਦੇ ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ, ਚੌਕੀ ਇੰਚਾਰਜ ਮਲਸੀਆਂ ਅਧਾਰਿਤ ਪੁਲੀਸ ਪਾਰਟੀਆਂ ਦਾ ਗਠਨ ਕੀਤਾ ਹੋਇਆ ਸੀ। ਥਾਣਾ ਮੁਖੀ ਦੀ ਪੁਲੀਸ ਪਾਰਟੀ ਜਿਸ ਸਮੇਂ ਸ਼ਾਹਕੋਟ-ਮਲਸੀਆਂ ਰੋਡ ’ਤੇ ਸੀ ਤਾਂ ਉਨ੍ਹਾਂ ਨੂੰ ਬਿਨਾਂ ਨੰਬਰੀ ਮੋਟਰਸਾਈਕਲ ’ਤੇ 2 ਮੋਨੇ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਮਲਸੀਆਂ ਵੱਲ ਆਉਂਦੇ ਦਿਖਾਈ ਦਿਤੇ। ਪੁਲੀਸ ਨੇ ਜਦੋਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਮੋਟਰਸਾਈਕਲ ਪਿੱਛੇ ਵੱਲ ਮੋੜ ਕੇ ਪੁਲੀਸ ’ਤੇ ਗੋਲੀ ਚਲਾ ਦਿੱਤੀ। ਪੁਲੀਸ ਨੇ ਆਪਣਾ ਬਚਾ ਕਰਦਿਆ ਜਦੋਂ ਉਨ੍ਹਾਂ ਉੱਪਰ ਫਾਇਰ ਕੀਤੇ ਤਾਂ ਉਹ ਦੋਵੇਂ ਲੱਤਾਂ ਵਿੱਚ ਗੋਲੀਆਂ ਵੱਜਣ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਨਕੋਦਰ ਭਰਤੀ ਕਰਵਾਇਆ ਗਿਆ ਹੈ।
ਐੱਸ.ਐੱਸ.ਪੀ ਨੇ ਅੱਗੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਮੁਲਜ਼ਮਾਂ ਦੀ ਪਹਿਚਾਣ ਲਖਵਿੰਦਰ ਸਿੰਘ ਉਰਫ ਖੰਨਾ ਵਾਸੀ ਨਵਾਂ ਪਿੰਡ ਦੋਨੇਵਾਲ ਅਤੇ ਅਜੇ ਕੁਮਾਰ ਉਰਫ ਅਜੇ ਬਾਬਾ ਵਾਸੀ ਕੰਦੋਲਾ ਥਾਣਾ ਨੂਰਮਹਿਲ ਵਜੋਂ ਹੋਈ ਹੈ। ਗ੍ਰਿਫਤਾਰੀ ਮੌਕੇ ਮੁਲਜ਼ਮਾਂ ਕੋਲੋਂ 2 ਦੇਸੀ ਪਿਸਤੌਲ, 5 ਰੌਂਦ ਅਤੇ 110 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਮੁਲਜ਼ਮਾਂ ਦੇ ਮੋਟਰਸਾਈਕਲ ਨੂੰ ਵੀ ਕਬਜੇ ਵਿਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮ ਇਕ ਅਜਿਹੇ ਗਰੋਹ ਦੇ ਮੈਂਬਰ ਹਨ ਜੋਂ ਵੱਡੇ-ਵੱਡੇ ਕਾਰੋਬਾਰੀਆਂ ਨੂੰ ਫੋਨਾਂ ’ਤੇ ਧਮਕੀਆਂ ਦੇ ਕੇ ਉਨ੍ਹਾਂ ਕੋਲੋਂ ਮੋਟੀਆਂ ਫਿਰੌਤੀਆਂ ਲੈਂਦੇ ਹਨ। ਉਕਤ ਗਰੋਹ ਦੇ 8 ਮੈਂਬਰ ਕੁਝ ਦਿਨ ਪਹਿਲਾਂ ਹੀ ਲੋਹੀਆਂ ਪੁਲੀਸ ਨੇ ਗ੍ਰਿਫਤਾਰ ਕੀਤੇ ਸਨ। ਗਰੋਹ ਦੇ ਮੇਨ ਸਰਗਣੇ ਵਿਦੇਸ਼ਾਂ ਵਿੱਚ ਬੈਠ ਕੇ ਗੈਗਸਟਰਾਂ ਦਾ ਨਾਮ ਲੈ ਕੇ ਕਾਰੋਬਾਰੀਆਂ ਕੋਲੋਂ ਫਿਰੌਤੀਆਂ ਮੰਗਣ ਅਤੇ ਨਾਲ ਹੀ ਨਸ਼ੇ ਦਾ ਮੋਟਾ ਧੰਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਉੱਪਰ ਪਹਿਲਾਂ ਵੀ ਇਰਾਦਾ ਕਤਲ, ਫਿਰੌਤੀਆਂ ਅਤੇ ਨਸ਼ਿਆਂ ਦੇ ਵੱਖ-ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਹਨ। ਮੁਲਜ਼ਮ ਇਸ ਸਮੇਂ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਏ ਹੋਏ ਹਨ।