ਦਲੇਰ ਸਿੰਘ ਚੀਮਾ
ਭੁਲੱਥ, 11 ਜੁਲਾਈ
ਇੱਥੇ ਢਿੱਲਵਾਂ ਟੌਲ ਪਲਾਜ਼ਾ ’ਤੇ 25 ਜੂਨ ਨੂੰ ਗੋਲੀਆਂ ਚਲਾਉਣ ਵਾਲੇ ਚਾਰ ਮੁਲਜ਼ਮਾਂ ਵਿੱਚੋਂ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਦੋ ਦੀ ਭਾਲ ਜਾਰੀ ਹੈ।
ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਢਿੱਲਵਾਂ ਟੌਲ ਪਲਾਜ਼ਾ ’ਤੇ ਚਾਰ ਕਾਰ ਸਵਾਰ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ ਸਨ। ਇਨ੍ਹਾਂ ਦੀ ਭਾਲ ਲਈ ਐੱਸਪੀ (ਡੀ) ਪ੍ਰਭਜੋਤ ਸਿੰਘ ਵਿਰਕ, ਡੀਐੱਸਪੀ ਭੁਲੱਥ ਕਰਨੈਲ ਸਿੰਘ ਤੇ ਇੰਚਾਰਜ ਸੀਆਈਏ ਸਟਾਫ਼ ਕਪੂਰਥਲਾ ਜਰਨੈਲ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਇਮ ਟੀਮਾਂ ਨੇ ਵੱਖ-ਵੱਖ ਟੀਮਾਂ ਨੇ ਕੱਲ੍ਹ ਰਮਨਦੀਪ ਸਿੰਘ ਵਾਸੀ ਕੱਥੂਨੰਗਲ ਤੇ ਉਸ ਦੇ ਦੂਜੇ ਸਾਥੀ ਗੁਰਜੀਤ ਸਿੰਘ ਨੂੰ ਕਾਬੂ ਕਰ ਲਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਗੋਲੀਆਂ ਚਲਾਉਣ ਵਾਲੇ ਇਨ੍ਹਾਂ ਮੁਲਜ਼ਮਾਂ ਦੇ ਦੋ ਹੋਰ ਸਾਥੀਆਂ ਦੀ ਪਛਾਣ ਹੋ ਚੁੱਕੀ ਹੈ, ਉਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਜਾਂਚ ਟੀਮ ਵੱਲੋਂ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਵੱਲੋਂ ਮੰਡ ਢਿੱਲਵਾਂ ਵਿੱਚ ਭਾਰੀ ਮਾਤਰਾ ਵਿੱਚ ਅਸਲਾ ਰੱਖਿਆ ਹੋਣ ਦਾ ਖ਼ੁਲਾਸਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਜਦੋਂ ਮੁਲਜ਼ਮਾਂ ਨੂੰ ਅਸਲਾ ਬਰਾਮਦ ਕਰਨ ਲਈ ਮੰਡ ਢਿੱਲਵਾਂ ਲੈ ਕੇ ਗਈ ਤਾਂ ਮੁਲਜ਼ਮ ਰਮਨਦੀਪ ਨੇ ਇਸ ਦੌਰਾਨ ਭੱਜਣ ਦੀ ਕੋਸ਼ਿਸ਼ ਕੀਤੀ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਗੋਲੀ ਚਲਾਉਣੀ ਪਈ ਜਿਸ ਕਾਰਨ ਰਮਨਦੀਪ ਜ਼ਖ਼ਮੀ ਹੋ ਗਿਆ, ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਮਨਦੀਪ ਸਿੰਘ ਵਾਸੀ ਕੱਥੂਨੰਗਲ ਖ਼ਿਲਾਫ਼ 13 ਪਰਚੇ ਦਰਜ ਹਨ।