ਹਤਿੰਦਰ ਮਹਿਤਾ
ਜਲੰਧਰ, 14 ਜੁਲਾਈ
ਕਮਿਸ਼ਨਰੇਟ ਪੁਲੀਸ ਜਲੰਧਰ ਦੇ ਭਾਰਗੋ ਕੈਂਪ ਥਾਣਾ ਦੀ ਪੁਲੀਸ ਨੇ ਇਥੇ ਹੋਏ ਨੌਜਵਾਨ ਦੇ ਕਤਲ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲੀਸ ਨੇ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਵਿਪਨ ਕੁਮਾਰ ਵਾਸੀ ਮਕਾਨ ਨੰਬਰ 625, ਨਜ਼ਦੀਕ ਸਿਵਲ ਡਿਸਪੈਂਸਰੀ, ਟਾਹਲੀ ਵਾਲਾ ਚੌਕ, ਭਾਰਗੋ ਕੈਂਪ ਦੀ ਸ਼ਿਕਾਇਤ ’ਤੇ ਕੇਸ ਦਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਵਿਪਨ ਕੁਮਾਰ ਦਾ ਪੁੱਤਰ ਵਰੁਣ, ਉਸਦੇ ਭਤੀਜਿਆਂ ਲੋਕੇਸ਼ ਅਤੇ ਵਿਸ਼ਾਲ ਦੇ ਨਾਲ ਮਹਿੰਗਾ ਡਿੱਪੂ ਵਾਲੀ ਗਲੀ ਵਿੱਚੋਂ ਲੰਘ ਰਿਹਾ ਸੀ ਤਾਂ ਕੁਝ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਵਿਪਨ ਅਤੇ ਉਸ ਦਾ ਜੀਜਾ ਵੀ ਮੌਕੇ ’ਤੇ ਮੌਜੂਦ ਸਨ, ਜਦੋਂ ਉਨ੍ਹਾਂ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ। ਹਮਲੇ ਦੌਰਾਨ ਵਰੁਣ ਜ਼ਿਆਦਾ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਰਾਮ ਨਿਊਰੋ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਜਾਂਚ ਪੜਤਾਲ ਕਰਦਿਆਂ ਤਿੰਨ ਮੁਲਜ਼ਮਾਂ ਧਰੁਵ ਕੁਮਾਰ (18) ਵਾਸੀ 131/01 ਚੋਪੜਾ ਸਾਉਂਡ ਕੋਲ, ਭਾਰਗੋ ਕੈਂਪ, ਸੁਨੀਲ ਕੁਮਾਰ ਉਰਫ ਭਿੰਡੀ (25),ਵਾਸੀ ਮਕਾਨ ਨੰਬਰ 3242, ਗਿਆਨ ਗਿਰੀ ਮੰਦਿਰ ਕੋਲ, ਚਪਾਲੀ ਚੌਕ, ਭਾਰਗੋ ਕੈਂਪ ਅਤੇ ਸੋਨੂ ਪੰਡਿਤ ਵਾਸੀ ਭਾਰਗੋ ਕੈਂਪ ਦੀ ਪਛਾਣ ਕੀਤੀ। ਜਿਨ੍ਹਾਂ ਵਿਚੋਂ ਧਰੁਵ ਕੁਮਾਰ ਅਤੇ ਸੁਨੀਲ ਕੁਮਾਰ ਨੂੰ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕਰ ਲਿਆ ਜਦਕਿ ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ।