ਡਰਾਈਵਿੰਗ ਟਰੈਕ ’ਤੇ ਟੋਕਨ ਪ੍ਰਣਾਲੀ ਹੋਵੇਗੀ ਸ਼ੁਰੂ: ਭਗਤ
ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਵੀਰਵਾਰ ਨੂੰ ਸਰਵਰ ਵਿੱਚ ਤਕਨੀਕੀ ਖ਼ਰਾਬੀ ਦਰਮਿਆਨ ਬਿਨੈਕਾਰਾਂ ਦੀ ਸਹੂਲਤ ਲਈ ਜਲੰਧਰ ਦੇ ਡਰਾਈਵਿੰਗ ਟੈਸਟ ਟਰੈਕ ’ਤੇ ਟੋਕਨ ਪ੍ਰਣਾਲੀ ਲਾਗੂ ਕਰਨ ਦਾ ਐਲਾਨ ਕੀਤਾ। ਇਸ ਕਦਮ ਨਾਲ ਬਿਨੈਕਾਰ ਧੁੱਪ ਵਿੱਚ ਲੰਬੀਆਂ ਲਾਈਨਾਂ ਵਿੱਚ ਖੜ੍ਹੇ ਹੋਣ ਬਜਾਏ ਉਡੀਕ ਘਰ ਵਿੱਚ ਆਰਾਮ ਨਾਲ ਬੈਠ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਸਕਣਗੇ। ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਰੀਜਨਲ ਟਰਾਂਸਪੋਰਟ ਅਫ਼ਸਰ ਅਮਨਪਾਲ ਸਿੰਘ ਸਮੇਤ ਸਰਵਰ ਵਿੱਚ ਕੋਈ ਤਕਨੀਕੀ ਨੁਕਸ ਆਉਣ ਕਾਰਨ ਬਿਨੈਕਾਰਾਂ ਨੂੰ ਦਰਪੇਸ਼ ਦਿੱਕਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਤਕਨੀਕੀ ਮੁਰੰਮਤ ਚੱਲਦੀ ਹੈ, ਟੋਕਨ ਪ੍ਰਣਾਲੀ ਬਿਨੈਕਾਰਾਂ ਦੇ ਸਨਮਾਨ ਨੂੰ ਬਹਾਲ ਰੱਖਦਿਆਂ ਸੁਚਾਰੂ ਵਿਵਸਥਾ ਨੂੰ ਯਕੀਨੀ ਬਣਾਏਗੀ।
ਸ੍ਰੀ ਭਗਤ ਨੇ ਟਰੈਕ ’ਤੇ ਸਟਾਫ਼ ਦੀ ਕਮੀ ਨੂੰ ਦੂਰ ਕਰਨ ਲਈ ਤੁਰੰਤ ਐਕਸ਼ਨ ਲੈਂਦਿਆਂ ਸਟੇਟ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਲਦ ਹੀ ਟਰੈਕ ’ਤੇ ਡਾਟਾ ਐਂਟਰੀ ਓਪਰੇਟਰ ਨਿਯੁਕਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਲੰਧਰ ਡਰਾਈਵਿੰਗ ਟਰੈਕ ’ਤੇ ਕੰਮ ਦੇ ਬੋਝ ਨੂੰ ਘਟਾਉਣ ਲਈ ਨਕੋਦਰ ਵਿੱਚ ਨਵਾਂ ਡਰਾਈਵਿੰਗ ਟਰੈਕ ਸਥਾਪਤ ਕੀਤਾ ਜਾਵੇਗਾ, ਜੋ ਨਕੋਦਰ, ਸ਼ਾਹਕੋਟ, ਮਹਿਤਪੁਰ ਅਤੇ ਮਲਸੀਆਂ ਦੇ ਬਿਨੈਕਾਰਾਂ ਨੂੰ ਸਹੂਲਤ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਇਸ ਦੇ ਲਈ ਪੂਰੀ ਸਰਗਰਮੀ ਨਾਲ ਢੁੱਕਵੇਂ ਸਥਾਨ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਨਵਾਂ ਟਰੈਕ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।